-ਪਰਿਵਾਰਾਂ ਨੂੰ 300 ਮਿਲੀਅਨ ਡਾਲਰ ਦੀ ਹੋਵੇਗੀ ਬੱਚਤ
ਬਰੈਂਪਟਨ, 14 ਜਨਵਰੀ (ਪੋਸਟ ਬਿਊਰੋ): ਨਵੇਂ ਸਾਲ 2025 ਦੀ ਆਮਦ ‘ਤੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਓਂਟਾਰੀਓ ਸੂਬੇ ਵਿਚ ‘ਅਰਲੀ ਲਰਨਿੰਗ ਅਤੇ ਚਾਈਲਡ ਕੇਅਰ’ ਬਾਰੇ ਨਵੀਂ ਜਾਣਕਾਰੀ ਕੈਨੇਡਾ ਵਾਸੀਆਂ ਨਾਲ ਸਾਂਝੀ ਕੀਤੀ ਹੈ।
ਜਨਵਰੀ 2025 ਤੋਂ ਓਂਟਾਰੀਓ ਵਿਚ ਆਰੰਭ ਹੋਏ ‘ਅਰਲੀ ਲਰਨਿੰਗ ਐਂਡ ਚਾਈਲਡਕੇਅਰ’ (ਈਐੱਲਸੀਸੀ) ਪ੍ਰੋਗਰਾਮ ਤਹਿਤ ਛੇ ਸਾਲ ਤੋਂ ਛੋਟੇ ਬੱਚਿਆਂ ਲਈ ਚਾਈਲਡਕੇਅਰ ਫ਼ੀਸ ਘੱਟ ਕੇ 22 ਡਾਲਰ ਪ੍ਰਤੀ ਦਿਨ ਹੋ ਜਾਏਗੀ। ਫ਼ੈੱਡਰਲ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਓਂਟਾਰੀਓ ਦੇ ਸੂਬਾਈ ਅੰਕੜਿਆਂ ਅਨੁਸਾਰ ਪਰਿਵਾਰਾਂ ਨੂੰ 300 ਮਿਲੀਅਨ ਡਾਲਰ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਚਾਈਲਡਕੇਅਰ ਸੰਚਾਲਕਾਂ ਨਾਲ ਨਵੇਂ ਕੀਮਤ ਆਧਾਰਿਤ ਮਾਡਲ ਦੀ ਸ਼ੁਰੂਆਤ ਕੀਤੀ ਜਾਏਗੀ ਜਿਸ ਨੂੰ ਵਿਸਥਾਰ ਵਿਚ ਇਸ ਨਵੇਂ ਸਾਲ ‘ਚਦਿੱਤਾ ਜਾਏਗਾ।
ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, “ਸਾਡੇ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਦੀ ਖੁਸ਼ੀ-ਖੁਸ਼ਹਾਲੀ ਤੇ ਸਿਹਤ ਸੰਭਾਲ ਲਈ ਕਿਫ਼ਾਇਤੀ ਤੇ ਆਸਾਨੀ ਨਾਲ ਪਹੁੰਚ ਹੋਣੀ ਜ਼ਰੂਰੀ ਹੈ। ਸਰਕਾਰ ਵੱਲੋਂ ਚੁੱਕੇ ਗਏ ਇਨ੍ਹਾਂ ਨਵੇਂ ਕਦਮਾਂ ਨਾਲ ਪਰਿਵਾਰਾਂ ਨੂੰ ਕਾਫ਼ੀ ਵਿੱਤੀ ਰਾਹਤ ਮਿਲੇਗੀ ਅਤੇ ਇਸ ਨਾਲ ਓਨਟਾਰੀਓ ਦੇ ਹਰੇਕ ਬੱਚੇ ਨੂੰ ਜੀਵਨ ਵਿੱਚ ਅੱਗੇ ਵੱਧਣ ਦੇ ਵਧੀਆ ਮੌਕੇ ਮਿਲਣਗੇ। ਸਰਕਾਰ ਦੇ ਇਸ ਸੰਕਲਪ ਨੂੰ ਸੱਚਾਈ ਵਿਚ ਤਬਦੀਲ ਕਰਨ ਲਈ ਮਿਉਂਨਿਸਿਪਲਿਟੀਆਂ ਅਤੇ ਚਾਈਲਡਕੇਅਰ ਓਪਰੇਟਰਾਂ ਨਾਲ ਮਿਲ ਕੇ ਕੰਮ ਕਰਨ ਲਈ ਅਸੀਂ ਵਚਨਬੱਧ ਹਾਂ।“
ਸੋਨੀਆ ਸਿੱਧੂ ਦਾ ਕਹਿਣਾ ਹੈ ਕਿ ਲਾਭਕਾਰੀ ਓਪਰੇਟਰਾਂ ਵੱਲੋਂ ਕੈਨੇਡਾ-ਭਰ ਵਿਚ ਚਲਾਏ ਜਾਣ ਵਾਲੇ ਇਸ ‘ਅਰਲੀ ਲਰਨਿੰਗ ਐਂਡ ਚਾਈਲਡ ਕੇਅਰ’ ਪ੍ਰੋਗਰਾਮ ਸਬੰਧੀ ਉਠਾਏ ਗਏ ਖ਼ਦਸ਼ਿਆਂ ਨੂੰ ਅਸੀਂ ਭਲੀ-ਭਾਂਤ ਸਮਝਦੇ ਹਾਂ ਅਤੇ ਇਨ੍ਹਾਂ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਕੈਨੇਡਾ ਦੇ ਹੋਰ ਸੂਬਿਆਂ ਤੋਂ ਉਲਟ ਓਨਟਾਰੀਓ ਸੂਬੇ ਵਿਚ ਚਾਈਲਡਕੇਅਰ ਦਾ ਇਹ ਪ੍ਰੋਗਰਾਮ ਮਿਉਂਨਿਸਿਪਲਿਟੀਆਂ ਦੇ ਪ੍ਰਬੰਧ ਰਾਹੀਂ ਸ਼ੁਰੂ ਕੀਤਾ ਜਾਏਗਾ ਜਾਏਗਾ ਜਿੱਥੇ ਇਹ ਬੜੇ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਪ੍ਰੋਵਿੰਸ਼ੀਅਲ ਫ਼ੰਡ ਵੱਖ-ਵੱਖ ਸ਼ਹਿਰਾਂ ਨੂੰ ਵੰਡੇ ਜਾਂਦੇ ਹਨ ਅਤੇ ਅੱਗੋਂ ਇਹ ਚਾਈਲਡਕੇਅਰ ਓਪਰੇਟਰਾਂ ਨੂੰ ਸੌਂਪੇ ਜਾਂਦੇ ਹਨ। ਐੱਮ.ਪੀ. ਸੋਨੀਆ ਸਿੱਧੂ ਦੀ ਟੀਮ ਇਨ੍ਹਾਂ ਦਰਪੇਸ਼ ਚੁਣੌਤੀਆਂ ਤੇ ਉਨ੍ਹਾਂ ਦੇ ਯੋਗ ਹੱਲ ਬਾਰੇ ਵੱਖ-ਵੱਖ ਮਿਉਂਨਿਸਿਪਲਿਟੀਆਂ ਨਾਲ ਪਹਿਲਾਂ ਹੀ ਵਧੀਆ ਰਾਬਤਾ ਰੱਖ ਰਹੀ ਹੈ।
ਕੈਨੇਡਾ-ਭਰ ਵਿਚ ਚਲਾਏ ਜਾਣ ਵਾਲੇ ਇਸ ‘ਅਰਲੀ ਲਰਨਿੰਗ ਐਂਡ ਚਾਈਲਡ ਕੇਅਰ’ ਪ੍ਰੋਗਰਾਮ ਦੀ ਹੁਣ ਤੱਕ ਦੀ ਸਥਿਤੀ ਇਸ ਪ੍ਰਕਾਰ ਹੈ:
ਫ਼ੰਡਿੰਗ: 2022 ਤੋਂ 2026 ਪੰਜ ਸਾਲਾਂ ਦੇ ਸਮੇਂ ਲਈ ਓਨਟਾਰੀਓ ਨੂੰ ਇਸ ਪ੍ਰੋਗਰਾਮ ਲਈ 10.2 ਬਿਲੀਅਨ ਡਾਲਰ ਪ੍ਰਾਪਤ ਹੋਏ ਹਨ।
ਕਿਫ਼ਾਇਤੀਪਨ: 2024 ਵਿਚ ਓਨਟਾਰੀਓ ਵਿਚ ਪ੍ਰਤੀ ਬੱਚਾ ਲੱਗਭੱਗ 8500 ਡਾਲਰ ਦੀ ਬੱਚਤ ਹੋਈ ਹੈ। ਜਨਵਰੀ ਵਿਚ ਆਰੰਭ ਹੋਣ ਵਾਲੀ ਨਵੀਂ ਕੈਪਿੰਗ ਨਾਲ ਪਰਿਵਾਰ 18,000 ਡਾਲਰ ਦੀ ਬੱਚਤ ਦੀ ਆਸ ਕਰ ਸਕਦੇ ਹਨ।
ਪਹੁੰਚ: 2026 ਤੱਕ ਓਨਟਾਰੀਓ ਵਿਚ 86,000 ਨਵੀਆਂ ਚਾਈਡਕੇਅਰ ਸਪੇਸਾਂ ਪੈਦਾ ਹੋ ਸਕਦੀਆਂ ਹਨ।
ਭਵਿੱਖਮਈ ਟੀਚੇ: ਓਨਟਾਰੀਓ ਸੂਬਾ ਮਾਰਚ 2026 ਤੱਕ ਚਾਈਲਡਕੇਅਰ ਦੀ ਔਸਤ ਬੱਚਤ 10 ਡਾਲਰ ਪ੍ਰਤੀ ਦਿਨ ਕਰਨ ਲਈ ਵਚਨਬੱਧ ਹੈ ਅਤੇ ਉਹ ਆਪਣਾ ਇਹ ਟੀਚਾ ਪੂਰਾ ਕਰਨ ਦੇ ਰਾਹ ‘ਤੇ ਬਾਖ਼ੂਬੀ ਚੱਲ ਰਿਹਾ ਹੈ।