ਓਟਵਾ, 13 ਫਰਵਰੀ (ਪੋਸਟ ਬਿਊਰੋ) : ਪੂਰਬੀ ਓਂਟਾਰੀਓ ਵਿੱਚ ਹਾਈਵੇਅ 401 'ਤੇ ਇੱਕ ਟਰਾਂਸਪੋਰਟ ਟਰੱਕ ਦੇ ਪਿੱਛੇ ਪੁਲਿਸ ਵੱਲੋਂ ਦੋ ਚੋਰੀ ਹੋਏ ਵਾਹਨਾਂ ਦਾ ਪਤਾ ਲੱਗਣ ਤੋਂ ਬਾਅਦ ਇੱਕ ਕਿਊਬਿਕ ਦੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਬੁੱਧਵਾਰ ਸਵੇਰੇ 2 ਵਜੇ ਦੇ ਕਰੀਬ ਕੁਇੰਟ ਵੈਸਟ ਵਿੱਚ ਪੂਰਬ ਵੱਲ ਜਾਣ ਵਾਲੇ ਹਾਈਵੇਅ 401 'ਤੇ ਆਨਰੂਟ ਟ੍ਰੈਂਟਨ 'ਤੇ ਖੜ੍ਹੇ ਇੱਕ ਟਰੈਕਟਰ-ਟ੍ਰੇਲਰ ਦੀ ਜਾਂਚ ਕੀਤੀ। ਜਿਸ ਦੌਰਾਨ ਸਮੁੰਦਰੀ ਕੰਟੇਨਰ ਵਿੱਚ ਦੋ ਚੋਰੀ ਹੋਏ ਵਾਹਨ ਮਿਲੇ। ਦੋਵੇਂ ਵਾਹਨਾਂ ਬਾਰੇ ਜੀ.ਟੀ.ਏ. ‘ਚ ਚੋਰੀ ਹੋਣ ਦੀ ਰਿਪੋਰਟ ਕੀਤੀ ਗਈ ਸੀ। ਵਾਹਨਾਂ ਵਿਚ ਇੱਕ ਐੱਸ.ਯੂ.ਵੀ. ਅਤੇ ਇੱਕ ਪਿਕਅੱਪ ਟਰੱਕ ਸ਼ਾਮਲ ਹੈ।
ਮੁਲਜ਼ਮ ਡੋਲਾਰਡ-ਡੇਸ-ਓਰਮੌਕਸ ‘ਤੇ ਅਪਰਾਧ ਨਾਲ ਪ੍ਰਾਪਤ ਕੀਤੀ ਪ੍ਰਾਪਰਟੀ ਦੀ ਤਸਕਰੀ ਦੇ ਦੋ ਮਾਮਲੇ ਅਤੇ ਅਪਰਾਧ ਰਾਹੀਂ 5 ਹਜ਼ਾਰ ਡਾਲਰ ਤੋਂ ਵੱਧ ਦੀ ਪ੍ਰਾਪਰਟੀ ‘ਤੇ ਕਬਜ਼ੇ ਦੇ ਦੋ ਮਾਮਲਿਆਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਇੱਕ ਹਫ਼ਤੇ ਵਿੱਚ ਦੂਜੀ ਵਾਰ ਹੈ ਜਦੋਂ ਪੁਲਿਸ ਨੂੰ ਹਾਈਵੇਅ 401 ਦੇ ਨਾਲ ਇੱਕ ਟਰੈਕਟਰ-ਟ੍ਰੇਲਰ ਵਿੱਚ ਚੋਰੀ ਹੋਏ ਵਾਹਨ ਮਿਲੇ ਹਨ।