ਦਰਹਮ, 11 ਫਰਵਰੀ (ਪੋਸਟ ਬਿਊਰੋ): ਦਰਹਮ ਖੇਤਰ ਦੀ ਪੁਲਿਸ ਨੇ ਪੰਜ ਕਿੱਲੋ ਕ੍ਰਿਸਟਲ ਮੈਥ ਦੇ ਨਾਲ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਹੈ। ਮੈਥ ਦੀ ਬਰਾਮਦਗੀ ਸੁਪਰ ਬਾਊਲ ਰਾਈਡ ਪ੍ਰੋਗਰਾਮ ਦੌਰਾਨ ਹੋਈ। ਡਰਹਮ ਖੇਤਰੀ ਪੁਲਿਸ ਸੇਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਤਵਾਰ ਨੂੰ ਵਿਟਬੀ ਵਿੱਚ ਕੰਜ਼ਿਊਮਰ ਡਰਾਈਵ ਅਤੇ ਗਾਰਡਨ ਸਟ੍ਰੀਟ ਦੇ ਨੇੜੇ ਇੱਕ ਰਾਈਡ ਚੈੱਕ ਪੁਆਇੰਟ ਦੌਰਾਨ ਇੱਕ ਕਾਲੀ ਵੋਕਸਵੈਗਨ ਕਾਰ ਨੂੰ ਭੰਗ ਦੀ ਬਦਬੂ ਆਉਣ ‘ਤੇ ਰੋਕਿਆ। ਬਾਅਦ ਵਿੱਚ ਕੈਨਾਬਿਸ ਕੰਟਰੋਲ ਐਕਟ ਦੇ ਤਹਿਤ ਤਲਾਸ਼ੀ ਲਈ ਗਈ, ਜਿਸ ਦੇ ਨਤੀਜੇ ਵਜੋਂ ਲਗਭਗ ਪੰਜ ਕਿਲੋਗ੍ਰਾਮ ਮੈਥੈਂਫੇਟਾਮਾਈਨ ਜ਼ਬਤ ਕੀਤੀ ਗਈ। ਵਿਟਬੀ ਦੇ 31 ਸਾਲਾ ਡੈਰੇਨ ਸਿੰਪਸਨ ਤੇ ਓਸ਼ਾਵਾ ਦੇ 34 ਸਾਲਾ ਐਡਮ ਪਰਸੌਡ 'ਤੇ ਤਸਕਰੀ ਦੇ ਉਦੇਸ਼ ਲਈ ਨਸ਼ੀਲਾ ਪਦਾਰਥ ਰੱਖਣ ਅਤੇ ਨਸ਼ਾ ਕਰਕੇ ਕਾਰ ਚਲਾਉਣ ਦੇ ਦੋਸ਼ ਲੱਗੇ ਹਨ। ਦੋਵਾਂ ਮੁਲਜ਼ਮਾਂ ਨੂੰ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਜਾਣਕਾਰੀ ਮੁਤਾਬਿਕ ਬੀਤੀ ਰਾਤ, ਡੀ.ਆਰ.ਪੀ.ਐੱਸ. ਦੇ ਰਾਈਡ ਟੀਮ ਨੇ ਸੁਪਰ ਬਾਊਲ ਰਾਈਡ ਲਾਈਨ ਦੌਰਾਨ 344 ਵਾਹਨ ਰੋਕੇ। ਦੋ ਡਰਾਈਵਰਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਜਾਂ ਇਨਕਾਰ ਕਰਨ ਲਈ ਗ੍ਰਿਫਤਾਰ ਕੀਤਾ ਗਿਆ। ਦੋਵਾਂ 'ਤੇ ਅਪਰਾਧਿਕ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਦੀ ਜਾਂਚ ਜਾਰੀ ਹੈ।