ਟੋਰਾਂਟੋ, 11 ਮਾਰਚ (ਪੋਸਟ ਬਿਊਰੋ): ਫੋਰਟ ਏਰੀ `ਚ ਰਿਹਾਇਸ਼ੀ ਉਸਾਰੀ ਵਾਲੀ ਥਾਂ `ਤੇ ਵੀਕੈਂਡ `ਤੇ ਲੱਗੀ ਅੱਗ ਦੇ ਮਾਮਲੇ ਵਿੱਚ ਦੋ ਲੋਕਾਂ ਉੱਤੇ ਦੋਸ਼ ਲਾਏ ਗਏ ਹਨ। ਮੁਲਜ਼ਮਾਂ ਨੂੰ ਵੀਡੀਓ ਫੁਟੇਜ ਵਿਚ ਵੀ ਦੇਖਿਆ ਜਾ ਸਕਦਾ ਹੈ। ਇਹ ਅੱਗ ਸ਼ਨੀਵਾਰ ਸਵੇਰੇ ਕਰੀਬ 6:45 ਵਜੇ ਏਲਨ ਅਤੇ ਵ੍ਹਿਸਪਰਿੰਗ ਵੁਡਸ ਟਰੇਲਸ ਦੇ ਆਸਪਾਸ ਲੱਗੀ। ਵੀਡੀਓ ਵਿੱਚ ਸਵੇਰੇ ਅਸਮਾਨ ਵਿੱਚ ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਦਾ ਵੱਡਾ ਗੁਬਾਰ ਵੇਖਿਆ ਜਾ ਸਕਦਾ ਹੈ, ਜਦੋਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ `ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇੱਕ ਹੋਰ ਕਲਿੱਪ ਵਿੱਚ ਵੱਡੇ ਨਿਰਮਾਣਾਧੀਨ ਘਰ ਨੂੰ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ `ਚ ਘਿਰਿਆ ਵੇਖਿਆ ਜਾ ਸਕਦਾ ਹੈ।
ਪੁਲਿਸ ਨੇ ਕਿਹਾ ਕਿ ਘਟਨਾ ਸਥਾਨ `ਤੇ ਪੁੱਜਣ `ਤੇ ਅਧਿਕਾਰੀਆਂ ਨੇ ਨਿਰਮਾਣਾਧੀਨ ਟਾਊਨਹਾਊਸ ਦੀ ਇੱਕ ਕਤਾਰ ਨੂੰ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ ‘ਚ ਘਿਰਿਆ ਹੋਇਆ ਪਾਇਆ। ਘਟਨਾ ਵਿਚ ਕਿਸੇ ਦੇ ਜਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਨੇ ਕਿਹਾ ਕਿ ਘਟਨਾ ਤੋਂ ਬਾਅਦ ਦੋ ਵਿਅਕਤੀ ਇਮਾਰਤ ਤੋਂ ਬਾਹਰ ਨਿਕਲਦੇ ਵੇਖੇ ਗਏ, ਜਿਨ੍ਹਾਂ ਨੂੰ ਅਧਿਕਾਰੀਆਂ ਨੇ ਥੋੜ੍ਹੀ ਦੂਰੀ ਉੱਤੇ ਜਾ ਕੇ ਹੀ ਗ੍ਰਿਫ਼ਤਾਰ ਕਰ ਲਿਆ।
ਫੋਰਟ ਏਰੀ ਦੇ 36 ਸਾਲਾ ਮਾਈਕਲ ਮੈਗਿਨ ਉੱਤੇ 5 ਹਜ਼ਾਰ ਡਾਲਰ ਤੋਂ ਜਿ਼ਆਦਾ ਦੀ ਲੁੱਟ ਕਰਨ ਦੇ ਦੋਸ਼ ਵੀ ਲੱਗੇ ਹਨ ਜਦੋਂ ਕਿ ਸੇਂਟ ਕੈਥਰੀਨ ਦੇ 45 ਸਾਲਾ ਜੇਸਨ ਬੈਟ ‘ਤੇ 5 ਹਜ਼ਾਰ ਡਾਲਰ ਤੋਂ ਜਿ਼ਆਦਾ ਦੀ ਲੁੱਟ ਕਰਨ ਦਾ ਦੋਸ਼ ਲੱਗਾ ਹੈ। ਦੋਵਾਂ ਮੁਲਜ਼ਮਾਂ ਨੂੰ 11 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਵਾਅਦੇ `ਤੇ ਰਿਹਾਅ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਅੰਦਾਜਿ਼ਆਂ ਅਨੁਸਾਰ ਅੱਗ ਨਾਲ ਲਗਭਗ 4 ਲੱਖ ਡਾਲਰ ਦਾ ਨੁਕਸਾਨ ਹੋਇਆ ਹੈ।