ਮਿਲਟਨ, 20 ਅਪ੍ਰੈਲ (ਪੋਸਟ ਬਿਊਰੋ): ਮਿਲਟਨ ਵਿੱਚ ਇੱਕ ਦਿਹਾਤੀ ਜਾਇਦਾਦ 'ਤੇ ਸ਼ੁੱਕਰਵਾਰ ਦੁਪਹਿਰ ਨੂੰ ਮਿੱਟੀ ਦੀ ਢਿੱਗ ਢਹਿ ਜਾਣ ਕਾਰਨ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। ਐਮਰਜੈਂਸੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮ 4 ਵਜੇ ਦੇ ਕਰੀਬ ਘਟਨਾ ਸਥਾਨ `ਤੇ ਬੁਲਾਇਆ ਗਿਆ ਸੀ ਕਿਉਂਕਿ ਰਿਪੋਰਟਾਂ ਸਨ ਕਿ ਘਰ ਦਾ ਨਿਵਾਸੀ ਲਾਪਤਾ ਹੈ। ਘਟਨਾ ਸਥਾਨ ‘ਤੇ ਪਹੁੰਚਣ ਅਤੇ ਤਲਾਸ਼ੀ ਲੈਣ 'ਤੇ ਅਧਿਕਾਰੀਆਂ ਨੂੰ ਇੱਕ ਵਿਅਕਤੀ ਚਾਰ ਫੁੱਟ ਮਿੱਟੀ ਹੇਠਾਂ ਫਸਿਆ ਹੋਇਆ ਮਿਲਿਆ। ਇੱਕ ਘੰਟੇ ਦੇ ਬਚਾਅ ਯਤਨ ਦੇ ਬਾਵਜੂਦ ਬਜ਼ੁਰਗ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਮਿਲਟਨ ਫਾਇਰ ਚੀਫ਼ ਪੀਟਰ ਗੈਟੋ ਦਾ ਕਹਿਣਾ ਹੈ ਕਿ ਖਾਈ ਢਹਿਣਾ ਹੀ ਮੌਤ ਦਾ ਕਾਰਨ ਸੀ। ਉਹ ਕਹਿੰਦੇ ਹਨ ਕਿ ਮਿਸੀਸਾਗਾ ਫਾਇਰ ਦੀ ਬਚਾਅ ਟੀਮ ਨੂੰ ਬੁਲਾਇਆ ਗਿਆ ਜੋ ਕਿ ਪੰਜ ਟਰੱਕਾਂ ਸਮੇਤ ਉੱਥੇ ਪਹੁੰਚੀ ਸੀ ਤੇ ਬਚਾਅ ਕਾਰਜ ਸ਼ੁਰੂ ਕੀਤਾ। ਪੁਲਸ ਅਨੁਸਾਰ ਹੋਰ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।