ਟੋਰਾਂਟੋ, 9 ਮਾਰਚ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਸ਼ੁੱਕਰਵਾਰ ਰਾਤ ਨੂੰ ਇੱਕ ਭੀੜ-ਭੜੱਕੇ ਵਾਲੇ ਸਕਾਰਬੋਰੋ ਪੱਬ ਵਿੱਚ ਗੋਲੀਬਾਰੀ ਕਰਨ ਵਾਲੇ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੇ ਵਾਰਦਾਤ ਵਿਚ 12 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਟੋਰਾਂਟੋ ਪੁਲਿਸ ਮੁਖੀ ਮਾਈਰੋਨ ਡੈਮਕਿਵ ਨੇ ਸ਼ਨੀਵਾਰ ਦੁਪਹਿਰ ਨੂੰ ਪਾਈਪਰ ਆਰਮਜ਼ ਵਿੱਚ ਗੋਲੀਬਾਰੀ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਸਿਰਫ਼ ਸਾਡੇ ਸ਼ਹਿਰ ਨੂੰ ਸਗੋਂ ਇੱਥੇ ਮੌਜੂਦ ਲੋਕਾਂ ਨੂੰ ਵੀ ਹਿਲਾ ਦਿੰਦੀਆਂ ਹਨ।
ਪੁਲਿਸ ਨੇ ਕਿਹਾ ਹੈ ਕਿ ਤਿੰਨ ਨਕਾਬਪੋਸ਼ ਸ਼ੱਕੀ ਪੁਰਸ਼ ਇੱਕ ਅਸਾਲਟ ਰਾਈਫਲ ਨਾਲ ਲੈਸ ਅਤੇ ਬਾਕੀ ਹੈਂਡਗਨ ਨਾਲ ਰਾਤ ਕਰੀਬ10:40 ਵਜੇ ਪੱਬ ਵਿੱਚ ਦਾਖ਼ਲ ਹੋਏ ਅਤੇ ਕਈ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪੁਲਿਸ ਨੇ ਕਿਹਾ ਕਿ ਛੇ ਲੋਕਾਂ ਨੂੰ ਬਾਹਾਂ ਅਤੇ ਲੱਤਾਂ ਵਿੱਚ ਗੋਲੀਆਂ ਲੱਗੀਆਂ, ਉਨ੍ਹਾਂ ਕਿਹਾ ਕਿ ਸੱਟਾਂ ਗੰਭੀਰ ਸਨ ਪਰ ਜਾਨਲੇਵਾ ਨਹੀਂ ਸਨ। ਬਾਕੀ ਪੀੜਤਾਂ ਨੂੰ ਟੁੱਟੇ ਹੋਏ ਸ਼ੀਸ਼ੇ ਉੱਡਣ ਕਾਰਨ ਸੱਟਾਂ ਲੱਗੀਆਂ। ਡੈਮਕਿਵ ਨੇ ਕਿਹਾ ਕਿ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਨੂੰ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।