ਟੋਰਾਂਟੋ, 10 ਮਾਰਚ (ਪੋਸਟ ਬਿਊਰੋ) : ਨਾਰਥ ਯਾਰਕ ਵਿੱਚ ਕਥਿਤ ਗ਼ੈਰਕਾਨੂੰਨੀ ਕੈਨਬਿਸ ਡਿਸਪੇਂਸਰੀ ਉੱਤੇ ਛਾਪੇ ਦੌਰਾਨ ਭਰੀ ਹੋਈ ਬੰਦੂਕ ਜ਼ਬਤ ਕੀਤੇ ਜਾਣ ਤੋਂ ਬਾਅਦ ਟੋਰਾਂਟੋ ਦੇ ਦੋ ਲੋਕਾਂ ਉੱਤੇ ਕਈ ਦੋਸ਼ ਲਾਏ ਗਏ ਹਨ। ਟੋਰਾਂਟੋ ਦੇ 29 ਸਾਲਾ ਮੁਹੰਮਦ ਅਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ‘ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਬੰਦੂਕ ਰੱਖਣ, ਗੋਲਾ-ਬਾਰੂਦ ਦੇ ਨਾਲ ਪਾਬੰਦੀਸ਼ੁਦਾ ਬੰਦੂਕ ਰੱਖਣ, ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਆਦਿ ਦੇ ਦੋਸ਼ ਲੱਗੇ ਪਰ ਅਦਾਲਤ `ਚ ਦੋਸ਼ ਸਿੱਧ ਨਹੀਂ ਹੋਏ। ਟੋਰਾਂਟੋ ਦੇ ਹੀ 19 ਸਾਲਾ ਗੁਏਨ ਨੂੰ ਕਾਬੂ ਕੀਤਾ ਗਿਆ ਅਤੇ ਉਸ ਉੱਤੇ ਭੰਗ ਵੇਚਣ ਦੇ ਉਦੇਸ਼ ਨਾਲ ਬੰਦੂਕ ਰੱਖਣ ਅਤੇ ਅਪਰਾਧ ਨਾਲ ਜਾਇਦਾਦ ਬਣਾਉਣ ਦੇ ਦੋਸ਼ ਲੱਗੇ ਹਨ। ਉਸਦੀ 8 ਮਈ ਨੂੰ ਅਦਾਲਤ ਵਿੱਚ ਪੇਸ਼ੀ ਹੈ।
ਸ਼ਨੀਵਾਰ ਨੂੰ ਟੋਰਾਂਟੋ ਪੁਲਿਸ ਸਰਵਿਸ ਨੇ ਜੇਨ ਸਟਰੀਟ ਅਤੇ ਸ਼ੇਪਰਡ ਐਵੇਨਿਊ ਵੈਸਟ ਕੋਲ ਇੱਕ ਫਰਮ ‘ਤੇ ਤਲਾਸ਼ੀ ਵਾਰੰਟ ਜਾਰੀ ਕੀਤਾ। ਉਨ੍ਹਾਂ ਨੇ ਕਿਹਾ ਕਿ ਦੋ ਲੋਕ, ਜੋ ਦੋਵੇਂ ਮੁਲਾਜ਼ਮ ਪ੍ਰਤੀਤ ਹੁੰਦੇ ਸਨ, ਖੇਤਰ ਵਿੱਚ ਪਾਏ ਗਏ। ਉਨ੍ਹਾਂ ਵਿਚੋਂ ਇੱਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੂੰ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਮਾਤਰਾ ਵਿੱਚ ਕੈਨਬਿਸ ਉਤਪਾਦ ਅਤੇ ਕੈਨੇਡੀਅਨ ਕਰੰਸੀ ਜ਼ਬਤ ਕੀਤੀ। ਜਾਂਚਕਰਤਾਵਾਂ ਨੇ ਦੋਸ਼ ਲਾਇਆ ਕਿ ਗ੍ਰਿਫ਼ਤਾਰੀ ਵੇਲੇ ਸ਼ੱਕੀਆਂ ਵਿੱਚੋਂ ਇੱਕ ਕੋਲ ਭਰੀ ਹੋਈ ਹੈਂਡਗਨ ਸੀ।