-ਭਾਰਤੀ ਮੂਲ਼ ਦੇ ਸੱਤ ਵਿਅਕਤੀਆਂ ਦੀ ਭਾਲ ਕਰ ਰਹੀ ਪੁਲਿਸ
ਟੋਰਾਂਟੋ, 6 ਮਾਰਚ (ਪੋਸਟ ਬਿਊਰੋ): ਗਰੇਟਰ ਟੋਰਾਂਟੋ ਏਰਿਆ ਵਿੱਚ ਐੱਲ.ਸੀ.ਬੀ.ਓ. ਸਟੋਰਾਂ ਨੂੰ ਨਿਸ਼ਾਨਾ ਬਣਾ ਕੇ ਸਰਗਰਮ ਚੋਰ ਗਿਰੋਹ ਨੇ ਲੱਗਭੱਗ 2 ਲੱਖ 40 ਹਜ਼ਾਰ ਡਾਲਰ ਦੇ ਉਤਪਾਦ ਚੋਰੀ ਕਰ ਲਏ ਹਨ। ਪੀਲ ਰੀਜਨਲ ਪੁਲਿਸ ਨੇ ਬੁੱਧਵਾਰ ਨੂੰ ਗ਼ੈਰਕਾਨੂੰਨੀ ਆਪ੍ਰੇਸ਼ਨ ਵਿੱਚ ਕਥਿਤ ਰੂਪ ਨਾਲ ਸ਼ਾਮਲ ਪੰਜ ਵਿਅਕਤੀਆਂ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ, ਜਿਨ੍ਹਾਂ ਬਾਰੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਆਪ੍ਰੇਸ਼ਨ ਅਗਸਤ, 2024 ਵਿੱਚ ਸ਼ੁਰੂ ਹੋਇਆ ਸੀ ਅਤੇ ਬੀਤੇ ਮਹੀਨੇ ਤੱਕ ਜਾਰੀ ਰਿਹਾ।
ਗਿਰੋਹ ਨੇ ਕਥਿਤ ਤੌਰ `ਤੇ ਉਸ ਦੌਰਾਨ ਐੱਲ.ਸੀ.ਬੀ.ਓ. ਦੇ 50 ਸਥਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਕੁਲ 2 ਲੱਖ 37 ਹਜ਼ਾਰ 738.95 ਡਾਲਰ ਦੀ ਸ਼ਰਾਬ ਚੋਰੀ ਕਰਨ ਲਈ ‘ਕ੍ਰਮਬੱਧ’ ਤਕਨੀਕਾਂ ਦੀ ਵਰਤੋਂ ਕੀਤੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਕਈ ਮੌਕਿਆਂ ‘ਤੇ ਕਈ ਸ਼ੱਕੀ ਇਕੱਠੇ ਸਟੋਰਾਂ ‘ਤੇ ਪਹੁੰਚੇ ਅਤੇ ਮੁਲਾਜ਼ਮਾਂ ਦਾ ਧਿਆਨ ਭਟਕਾਇਆ। ਪੁਲਿਸ ਵੱਲੋਂ ਜਾਰੀ ਤਸਵੀਰਾਂ ਵਿੱਚ ਸ਼ੱਕੀਆਂ ਨੂੰ ਸਟੋਰਾਂ ਤੋਂ ਵੱਡੀ ਮਾਤਰਾ ਵਿੱਚ ਸ਼ਰਾਬ ਨੂੰ ਬਕਸਿਆਂ ਅਤੇ ਪੁਸ਼ ਕਾਰਟ ਵਿੱਚ ਭਰਕੇ ਲਿਜਾਂਦੇ ਵੇਖਿਆ ਜਾ ਸਕਦਾ ਹੈ।
ਪੁਲਿਸ ਨੇ ਪੰਜ ਸ਼ੱਕੀਆਂ ਦੀ ਪਛਾਣ ਅਨੁਜ ਕੁਮਾਰ (25), ਸਿਮਰਪ੍ਰੀਤ ਸਿੰਘ (29), ਸ਼ਰਨਦੀਪ ਸਿੰਘ (25), ਸਿਮਰਨਜੀਤ ਸਿੰਘ (24) ਦੇ ਰੂਪ ‘ਚ ਕੀਤੀ ਹੈ, ਜਿਨ੍ਹਾਂ ਵਿਚੋਂ ਕਿਸੇ ਦਾ ਕੋਈ ਨਿਸ਼ਚਿਤ ਪਤਾ ਨਹੀਂ ਹੈ ਅਤੇ ਕੈਲੇਡਨ ਦੇ ਪ੍ਰਭਪ੍ਰੀਤ ਸਿੰਘ (29) ‘ਤੇ 5 ਹਜ਼ਾਰ ਡਾਲਰ ਤੋਂ ਵੱਧ ਦੀ ਚੋਰੀ ਦਾ ਦੋਸ਼ ਹੈ। ਸ਼ਰਨਦੀਪ, ਸਿਮਰਨਜੀਤ ਅਤੇ ਪ੍ਰਭਪ੍ਰੀਤ ‘ਤੇ ਰਿਹਾਈ ਹੁਕਮ ਦੀ ਉਲੰਘਣਾ, ਅਪਰਾਧ ਕਰਨ ਦੇ ਇਰਾਦੇ ਨਾਲ ਭੰਨਤੋੜ ਤੇ ਅਪਰਾਧ ਕਰਨ ਲਈ ਸਾਜਿਸ਼ ਰਚਣ ਦੇ ਦੋਸ਼ ਹਨ। ਪੁਲਿਸ ਨੇ ਦੋ ਹੋਰ ਸ਼ੱਕੀਆਂ ਦੀ ਪਛਾਣ ਜਗਸ਼ੀਰ ਸਿੰਘ (28) ਅਤੇ ਪਵਿੱਤਰ ਸੇਹਜਰਾ (25) ਦੇ ਰੂਪ ਵਿੱਚ ਕੀਤੀ ਹੈ, ਜਿਨ੍ਹਾਂ ਦਾ ਕੋਈ ਨਿਸ਼ਚਿਤ ਪਤਾ ਨਹੀਂ ਹੈ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ