ਜੰਮੂ, 14 ਜਨਵਰੀ (ਪੋਸਟ ਬਿਊਰੋ): ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜਿ਼ਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਇੱਕ ਬਾਰੂਦੀ ਸੁਰੰਗ ਧਮਾਕੇ ਵਿੱਚ ਛੇ ਫੌਜੀ ਜ਼ਖ਼ਮੀ ਹੋ ਗਏ। ਇਹ ਧਮਾਕਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਹੋਇਆ।
ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘਟਨਾ ਸਵੇਰੇ 10:45 ਵਜੇ ਦੇ ਕਰੀਬ ਵਾਪਰੀ ਜਦੋਂ ਕੰਟਰੋਲ ਰੇਖਾ ਦੇ ਨੌਸ਼ਹਿਰਾ ਸੈਕਟਰ ਵਿੱਚ ਗਸ਼ਤ ਕਰ ਰਹੇ ਇੱਕ ਫ਼ੌਜੀ ਜਵਾਨ ਨੇ ਗਲਤੀ ਨਾਲ ਇੱਕ ਬਾਰੂਦੀ ਸੁਰੰਗ `ਤੇ ਪੈਰ ਰੱਖ ਦਿੱਤਾ, ਜਿਸ ਕਾਰਨ ਛੇ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਫੌਜੀ ਜਵਾਨਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ।
ਜਿ਼ਕਰਯੋਗ ਹੈ ਕਿ ਭਾਰਤ ਵੱਲ ਐੱਲਓਸੀ ਦੇ ਨੇੜਲੇ ਖੇਤਰਾਂ ਨੂੰ ਬਾਰੂਦੀ ਸੁਰੰਗਾਂ ਲਗਾ ਕੇ ਸੁਰੱਖਿਅਤ ਕੀਤਾ ਗਿਆ ਹੈ ਤਾਂ ਜੋ ਕੰਟਰੋਲ ਰੇਖਾ ਦੇ ਭਾਰਤ ਵਾਲੇ ਪਾਸੇ ਘੁਸਪੈਠ ਅਤੇ ਦਹਿਸ਼ਤਗਰਦੀ ਸਰਗਰਮੀਆਂ ਨੂੰ ਠੱਲ੍ਹ ਪਾਈ ਜਾ ਸਕੇ।
ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ ਕਿ ਸਾਡੇ ਪਾਸੇ ਕੰਟਰੋਲ ਰੇਖਾ ਦੇ ਨੇੜੇ ਲਗਾਈਆਂ ਗਈਆਂ ਕੁਝ ਬਾਰੂਦੀ ਸੁਰੰਗਾਂ ਮੀਂਹ ਆਦਿ ਕਾਰਨ ਆਪਣੀ ਉਸ ਅਸਲ ਜਗ੍ਹਾ ਤੋਂ ਹਿੱਲ ਜਾਂਦੀਆਂ ਹਨ, ਜਿੱਥੇ ਉਨ੍ਹਾਂ ਨੂੰ ਗਸ਼ਤ ਦੇ ਨਕਸ਼ੇ `ਤੇ ਦਰਸਾਇਆ ਗਿਆ ਹੁੰਦਾ ਹੈ। ਅੱਜ ਵਰਗੇ ਦੁਖਾਂਤ ਇਨ੍ਹਾਂ ਬਾਰੂਦੀ ਸੁਰੰਗਾਂ ਕਾਰਨ ਹੀ ਵਾਪਰਦੇ ਹਨ, ਜਿਨ੍ਹਾਂ ਨੂੰ ਡ੍ਰਿਫਟ ਮਾਈਨਜ਼ ਭਾਵ ਅਸਲ ਥਾਂ ਤੋਂ ਹਿੱਲੀਆਂ ਹੋਈਆਂ ਬਾਰੂਦੀ ਸੁਰੰਗਾਂ ਕਿਹਾ ਜਾਂਦਾ ਹੈ।