ਸ੍ਰੀਨਗਰ, 14 ਜਨਵਰੀ (ਪੋਸਟ ਬਿਊਰੋ): ਦੁਨੀਆਂ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਗਲੇਸ਼ੀਅਰ ’ਤੇ ਤਾਇਨਾਤ ਫ਼ੌਜ ਦੇ ਜਵਾਨ ਹੁਣ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਦਾ ਲਾਭ ਉਠਾ ਸਕਣਗੇ। ਰਿਲਾਇੰਸ ਜੀਓ ਨੇ ਦੱਸਿਆ ਕਿ 15 ਜਨਵਰੀ ਨੂੰ ਫੌਜ ਦਿਵਸ ਤੋਂ ਪਹਿਲਾਂ ਕੰਪਨੀ ਨੇ ਭਾਰਤੀ ਫੌਜ ਦੇ ਸਹਿਯੋਗ ਨਾਲ ਸਿਆਚਿਨ ਗਲੇਸ਼ੀਅਰ ਤੱਕ ਆਪਣੇ 4ਜੀ ਅਤੇ 5ਜੀ ਨੈੱਟਵਰਕ ਦਾ ਵਿਸਤਾਰ ਕਰਕੇ ਅਹਿਮ ਮੀਲ ਪੱਥਰ ਹਾਸਿਲ ਕੀਤਾ ਹੈ।
ਰਿਲਾਇੰਸ ਜੀਓ ਦੇ ਬੁਲਾਰੇ ਨੇ ਕਿਹਾ ਕਿ ਆਰਮੀ ਸਿਗਨਲ ਕਰਮਚਾਰੀਆਂ ਦੇ ਸਮਰਥਨ ਨਾਲ ਰਿਲਾਇੰਸ ਜੀਓ ਇਸ ਦੂਰ-ਦੁਰਾਡੇ ਖੇਤਰ ਵਿੱਚ ਨਿਰਵਿਘਨ ਸੇਵਾਵਾਂ ਦੇਣ ਵਾਲੀ ਪਹਿਲੀ ਦੂਰਸੰਚਾਰ ਸੇਵਾ ਕੰਪਨੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਰਿਲਾਇੰਸ ਜੀਓ ਨੇ ਫੁੱਲ-ਸਟੈਕ 5ਜੀ ਤਕਨੀਕ ਦੀ ਵਰਤੋਂ ਕਰਦਿਆਂ ਚੌਕੀ ’ਤੇ ‘ਪਲੱਗ ਐਂਡ ਪਲੇਅ ਪ੍ਰੀ-ਕਨਫਿਗਰਡ’ ਉਪਕਰਨ ਲਾਇਆ ਹੈ। ਇਹ ਪ੍ਰਾਪਤੀ ਫ਼ੌਜ ਦੇ ਸਿਗਨਲ ਕਰਮਚਾਰੀਆਂ ਦੇ ਤਾਲਮੇਲ ਨਾਲ ਪ੍ਰਾਪਤ ਹੋਈ ਹੈ।