ਨਵੀਂ ਦਿੱਲੀ, 3 ਜਨਵਰੀ (ਪੋਸਟ ਬਿਊਰੋ): ਭਾਰਤ ਦੇ ਉੱਤਰੀ ਰਾਜਾਂ ਵਿੱਚ ਕੜਾਕੇ ਦੀ ਠੰਢ ਦਾ ਪ੍ਰਭਾਵ ਜਾਰੀ ਹੈ। ਇਸ ਕਾਰਨ ਸੈਂਕੜੇ ਉਡਾਨਾਂ ਅਤੇ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੰਘਣੀ ਧੁੰਦ ਕਾਰਨ ਸ਼ੁੱਕਰਵਾਰ ਨੂੰ 202 ਉਡਾਨਾਂ ਦੇਰੀ ਨਾਲ ਰਵਾਨਾ ਹੋਈਆਂ। ਦਿੱਲੀ ਅਤੇ ਆਗਰਾ ਤੋਂ ਆਉਣ ਵਾਲੀਆਂ ਕਈ ਟਰੇਨਾਂ ਦੇਰੀ ਨਾਲ ਚੱਲੀਆਂ।
ਸੰਘਣੀ ਧੁੰਦ 14 ਰਾਜਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਅੰਮ੍ਰਿਤਸਰ ਦਾ ਹਵਾਈ ਅੱਡਾ ਜ਼ੀਰੋ ਵਿਜ਼ੀਬਿਲਟੀ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇੱਥੇ ਫਲਾਈਟ ਆਪਰੇਸ਼ਨ ਰੋਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਜ਼ੀਬਿਲਟੀ ਅਤੇ ਬਰਫਬਾਰੀ ਕਾਰਨ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਫਲਾਈਟ ਸੰਚਾਲਨ ਨੂੰ ਵੀ ਰੋਕ ਦਿੱਤਾ ਗਿਆ ਹੈ।
ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸ਼ੀਤ ਲਹਿਰ ਕਾਰਨ ਅੱਠਵੀਂ ਜਮਾਤ ਤੱਕ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ। ਬਿਹਾਰ ਦੀ ਰਾਜਧਾਨੀ ਪਟਨਾ 'ਚ ਵੀ ਠੰਡ ਕਾਰਨ ਸਾਰੇ ਸਕੂਲਾਂ ਅਤੇ ਸਾਰੀਆਂ ਜਮਾਤਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ 6 ਜਨਵਰੀ ਤੱਕ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਗਿਆ ਹੈ।
ਪਹਾੜਾਂ 'ਚ ਵੀ ਬਰਫਬਾਰੀ ਅਤੇ ਠੰਡ ਵਧ ਗਈ ਹੈ। ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਤੋਂ ਬਾਅਦ ਸੂਬੇ ਦੇ 5 ਇਲਾਕਿਆਂ 'ਚ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ।