ਓਟਵਾ, 14 ਜਨਵਰੀ (ਪੋਸਟ ਬਿਊਰੋ): ਸੋਮਵਾਰ ਦੀ ਸਵੇਰ ਓਟਵਾ ਦੇ ਇੱਕ ਹਾਈ ਸਕੂਲ ਵਿੱਚ ਕਈ ਘੰਟਿਆਂ ਤੱਕ ਤਾਲਾ ਲੱਗਿਆ ਰਿਹਾ, ਜਦੋਂ ਇੱਕ ਵਿਦਿਆਰਥੀ ਨੂੰ ਚਾਕੂ ਮਾਰ ਦਿੱਤਾ ਗਿਆ ਅਤੇ ਇੱਕ ਹੋਰ ਵਿਅਕਤੀ ਝਗੜੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੇਰੇ ਲਗਭਗ 9:10 ਵਜੇ ਓਟਵਾ ਹਸਪਤਾਲ ਜਨਰਲ ਕੈਂਪਸ ਕੋਲ ਡਾਫਿਨ ਰੋਡ `ਤੇ ਹਿਲਕਰੇਸਟ ਹਾਈ ਸਕੂਲ ਵਿੱਚ ਕਾਰਵਾਈ ਕੀਤੀ।
ਓਟਵਾ ਦੇ ਪੈਰਾਮੇਡਿਕਸ ਦਾ ਕਹਿਣਾ ਹੈ ਕਿ ਇੱਕ ਟੀਨੇਜ਼ਰ `ਤੇ ਧਾਰਦਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਦੂਜੇ ਵਿਅਕਤੀ ਦੀ ਹਾਲਤ ਗੰਭੀਰ ਪਰ ਸਥਿਰ ਹੈ। ਪੈਰਾਮੇਡਿਕਸ ਦਾ ਕਹਿਣਾ ਹੈ ਕਿ ਉਹ ਖੁਦਹੀ ਇੱਕ ਮਕਾਮੀ ਹਸਪਤਾਲ ਗਏ ਸਨ। ਇਹ ਸਪੱਸ਼ਟ ਨਹੀਂ ਹੈ ਕਿ ਉਹ ਸਕੂਲ ਗਏ ਸਨ ਜਾਂ ਨਹੀਂ।
ਇੱਕ ਅਪਡੇਟ ਵਿੱਚ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਦੇ ਪਹੁੰਚਣ `ਤੇ ਇੱਕ ਸ਼ੱਕੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸਕੂਲ ਦੀ ਤਲਾਸ਼ੀ ਦੌਰਾਨ ਤਿੰਨ ਹੋਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਕਿਸੇ ਵੀ ਚਾਰਜਿਜ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੁਲਜ਼ਮਾਂ ਦੀ ਪਹਿਚਾਣ ਨੌਜਵਾਨ ਆਪਰਾਧਿਕ ਨਿਆਂ ਐਕਟ ਤਹਿਤ ਨਹੀਂ ਕੀਤੀ ਜਾ ਸਕਦੀ।
ਓਟਵਾ ਕਾਰਲਟਨ ਡਿਸਟਰਿਕਟ ਸਕੂਲ ਬੋਰਡ ਦਾ ਕਹਿਣਾ ਹੈ ਕਿ ਸਕੂਲ ਅੰਦਰ ਲੜਾਈ ਹੋਈ ਸੀ ਅਤੇ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਲੜਕਾ ਵਿਦਿਆਰਥੀ ਸੀ।