-ਵਿਦੇਸ਼ ਨੀਤੀ 'ਤੇ ਦਿੱਤਾ ਆਪਣਾ ਆਖਰੀ ਭਾਸ਼ਣ
ਵਾਸਿ਼ੰਗਟਨ, 14 ਜਨਵਰੀ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਵਾਸਿ਼ੰਗਟਨ ਵਿੱਚ ਵਿਦੇਸ਼ ਨੀਤੀ 'ਤੇ ਆਪਣਾ ਆਖਰੀ ਭਾਸ਼ਣ ਦਿੱਤਾ। ਐੱਨਵਾਈਟੀ ਅਨੁਸਾਰ, ਬਾਇਡਨ ਨੇ ਇਸ ਦੌਰਾਨ ਦਾਅਵਾ ਕੀਤਾ ਕਿ ਚੀਨ ਕਦੇ ਵੀ ਅਮਰੀਕਾ ਨੂੰ ਪਛਾੜ ਨਹੀਂ ਸਕੇਗਾ। ਇਸ ਨਾਲ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਜੰਗ ਖਤਮ ਕਰਨ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ।
ਬਾਇਡਨ ਨੇ ਕਿਹਾ ਕਿ ਇੱਕ ਸਮੇਂ ਮਾਹਰ ਭਵਿੱਖਬਾਣੀ ਕਰ ਰਹੇ ਸਨ ਕਿ ਚੀਨ ਦੀ ਆਰਥਿਕਤਾ ਅਮਰੀਕਾ ਨੂੰ ਪਛਾੜ ਦੇਵੇਗੀ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਚੀਨ ਜਿਸ ਰਾਹ 'ਤੇ ਚੱਲ ਰਿਹਾ ਹੈ, ਉਹ ਕਦੇ ਵੀ ਅਮਰੀਕਾ ਨੂੰ ਪਛਾੜ ਨਹੀਂ ਸਕੇਗਾ। ਨਵੀਂ ਸਰਕਾਰ ਨੂੰ ਇਕੱਲੇ ਚੀਨ ਨਾਲ ਲੜਨ ਦੀ ਬਜਾਏ ਆਪਣੇ ਸਹਿਯੋਗੀਆਂ ਨਾਲ ਅੱਗੇ ਵਧਣਾ ਚਾਹੀਦਾ ਹੈ।
ਬਾਈਡਨ ਨੇ ਕਿਹਾ ਕਿ ਅਸੀਂ ਚੀਨ ਨਾਲ ਸਬੰਧਾਂ ਨੂੰ ਬਿਹਤਰ ਢੰਗ ਨਾਲ ਸੰਭਾਲਿਆ। ਰਾਸ਼ਟਰਪਤੀ ਵਜੋਂ ਮੇਰੇ ਕਾਰਜਕਾਲ ਦੌਰਾਨ, ਆਪਸੀ ਸਬੰਧ ਕਦੇ ਵੀ ਟਕਰਾਅ ਵਿੱਚ ਨਹੀਂ ਬਦਲੇ। ਚੀਨ ਕਦੇ ਵੀ ਸਾਡੇ ਤੋਂ ਅੱਗੇ ਨਹੀਂ ਵਧ ਸਕੇਗਾ। ਅਮਰੀਕਾ ਦੁਨੀਆਂ ਵਿੱਚ ਇੱਕ ਸੁਪਰ ਪਾਵਰ ਬਣਿਆ ਰਹੇਗਾ।
ਆਪਣੇ ਭਾਸ਼ਣ ਵਿੱਚ, ਬਾਇਡਨ ਨੇ ਰੂਸ-ਯੂਕਰੇਨ ਯੁੱਧ, ਗਾਜ਼ਾ ਯੁੱਧ, ਚੀਨ ਅਤੇ ਈਰਾਨ ਸਮੇਤ ਕਈ ਮੁੱਦਿਆਂ ਬਾਰੇ ਗੱਲ ਕੀਤੀ। ਹਾਲਾਂਕਿ, ਆਪਣੇ ਪੂਰੇ ਭਾਸ਼ਣ ਵਿੱਚ ਉਨ੍ਹਾਂ ਨੇ ਇੱਕ ਵਾਰ ਵੀ ਡੋਨਾਲਡ ਟਰੰਪ ਦਾ ਨਾਮ ਨਹੀਂ ਲਿਆ। ਬਾਇਡਨ ਨੇ ਦਾਅਵਾ ਕੀਤਾ ਕਿ ਗਾਜ਼ਾ ਵਿੱਚ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਸਮਝੌਤਾ ਜਲਦੀ ਹੀ ਸਫਲ ਹੋਵੇਗਾ।
ਜੋਅ ਬਾਇਡਨ ਬੁੱਧਵਾਰ ਨੂੰ ਓਵਲ ਆਫਿਸ ਤੋਂ ਰਾਸ਼ਟਰ ਨੂੰ ਆਪਣਾ ਵਿਦਾਇਗੀ ਭਾਸ਼ਣ ਦੇਣਗੇ। ਡੋਨਾਲਡ ਟਰੰਪ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।