Welcome to Canadian Punjabi Post
Follow us on

04

May 2024
ਬ੍ਰੈਕਿੰਗ ਖ਼ਬਰਾਂ :
ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤਮੋਦੀ ਲਿਆਏ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਯੋਜਨਾ : ਪ੍ਰਿਅੰਕਾ -ਕੋਵਿਡ ਸਰਟੀਫਿਕੇਟ ਤੋਂ ਪੀਐੱਮ ਦੀ ਫੋਟੋ ਗਾਇਬ ਭਾਰਤੀ ਪਰਿਵਾਰ ਸੀਰਮ ਇੰਸਟੀਚਿਊਟ ਦੇ ਖਿਲਾਫ ਕੇਸ ਦੀ ਤਿਆਰੀ `ਚ, ਕਿਹਾ ਕੋਵਿਸ਼ੀਲਡ ਲਗਾਉਣ ਤੋਂ 7 ਦਿਨਾਂ ਬਾਅਦ ਬੇਟੀ ਦੀ ਹੋ ਗਈ ਸੀ ਮੌਤਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਹਟਾਇਆ
 
ਨਜਰਰੀਆ

ਸਾਹਮਣੇ ਆਣ ਡਿੱਗਦੀਆਂ ਤੇ ਪਤਾ ਨਹੀਂ ਕੀ-ਕੀ ਕੁਝ ਕਹੀ ਜਾਂਦੀਆਂ ਹਨ ਖਬਰਾਂ!

May 30, 2023 12:40 AM

-ਜਤਿੰਦਰ ਪੰਨੂੰ  

ਲੰਮੇ ਸਮੇਂ ਤੋਂ ਲਗਾਤਾਰ ਬਿਨਾਂ ਨਾਗਾ ਖਬਰਾਂ ਨਾਲ ਵਾਸਤਾ ਰਹਿਣ ਕਰ ਕੇ ਅੱਜਕੱਲ੍ਹ ਹਰ ਸਵੇਰ ਨਹੀਂ, ਹਰ ਪਲ ਅਤੇ ਹਰ ਘੜੀ ਕਿਸੇ ਵੀ ਹੋਰ ਗੱਲ ਤੋਂ ਵੱਧ ਧਿਆਨ ਖਬਰਾਂ ਵੱਲ ਰੱਖਣ ਦੀ ਆਦਤ ਪੱਕ ਗਈ ਹੈ। ਖਬਰਾਂ ਦੀ ਦੁਨੀਆ ਪਹਿਲਾਂ ਵਾਲੀ ਨਹੀਂ ਰਹਿ ਗਈ, ਸੰਸਾਰ ਦੇ ਕਿਸੇ ਵੀ ਖੂੰਜੇ ਵਿੱਚ ਹੋਈ ਕਿਸੇ ਘਟਨਾ ਜਾਂ ਦੁਰਘਟਨਾ ਬਾਰੇ ਖਬਰ ਅਗਲੇ ਕੁਝ ਪਲਾਂ ਵਿੱਚ ਸਾਰੀ ਦੁਨੀਆ ਦੇ ਲੋਕਾਂ ਤੀਕ ਪਹੁੰਚ ਜਾਂਦੀ ਹੈ। ਬਹੁਤ ਸਾਰੇ ਲੋਕ ਸੁਣਦੇ ਅਤੇ ਨਾਲ ਹੀ ਭੁਲਾ ਦੇਣ ਦੀ ਆਦਤ ਵਾਲੇ ਹੁੰਦੇ ਹਨ ਅਤੇ ਇਸੇ ਕਰ ਕੇ ਦਿਮਾਗੀ ਖਿਚਾਅ ਤੋਂ ਬਚੇ ਰਹਿੰਦੇ ਹਨ, ਪਰ ਜਿਹੜੇ ਲੋਕ ਖਬਰਾਂ ਪਿੱਛੇ ਛੁਪੀ ਸੱਚਾਈ ਤੇ ਕਾਰਨਾਂ ਨੂੰ ਜਾਣਨ ਦੀ ਇੱਛਾ ਰੱਖਣ ਵਾਲੇ ਹਨ, ਉਹ ਹਰ ਖਬਰ ਦੇ ਬਾਅਦ ਕਈ ਦੇਰ ਤੱਕ ਉਸ ਖਬਰ ਦੇ ਚੰਗੇ ਜਾਂ ਮਾੜੇ ਪੱਖ ਦੇ ਅਸਰ ਹੇਠੋਂ ਨਹੀਂ ਨਿਕਲ ਸਕਦੇ। ਇਸ ਦੇ ਬਾਵਜੂਦ ਪੱਤਰਕਾਰੀ ਖੇਤਰ ਵਿੱਚ ਸਾਡੇ ਵਰਗੇ ਲੋਕਾਂ ਦੀ ਮਜਬੂਰੀ ਹੁੰਦੀ ਹੈ ਕਿ ਪਲ-ਪਲ ਦੀ ਖਬਰ ਰੱਖੀਏ ਤੇ ਫਿਰ ਇਸ ਦਾ ਤਨਾਅ ਵੀ ਭੁਗਤਦੇ ਰਹੀਏ।
ਪਾਠਕਾਂ ਲਈ ਆਪਣੀ ਹਫਤਵਾਰੀ ਲਿਖਤ ਵਾਸਤੇ ਇਸ ਵਾਰੀ ਅਸੀਂ ਜਦੋਂ ਕਲਮ ਚੁੱਕਣ ਲੱਗੇ ਤਾਂ ਸਾਹਮਣੇ ਪਏ ਅਖਬਾਰਾਂ ਦੀਆਂ ਖਬਰਾਂ ਫਿਰ ਘੇਰਾ ਪਾ ਕੇ ਇਹ ਕਹਿੰਦੀਆਂ ਜਾਪਣ ਲੱਗ ਪਈਆਂ ਕਿ ਉਨ੍ਹਾਂ ਵਿੱਚੋਂ ਕਿਹੜੀ ਛੱਡਣ ਵਾਲੀ ਹੈ ਤੇ ਕਿਹੜੀ ਰਹਿ ਗਈ ਤਾਂ ਬੇਇਨਸਾਫੀ ਹੋਵੇਗੀ! ਇਸ ਖਿੱਚੋਤਾਣ ਵਿੱਚ ਅਸੀਂ ਹੋਰ ਸਭ ਕੁਝ ਤੋਂ ਪਹਿਲਾਂ ਇਹ ਖਬਰ ਚੁੱਕੀ ਕਿ ਸਰਕਾਰਾਂ ਤੋਂ ਮਿਲੀਆਂ ਛੋਟਾਂ ਦੀਆਂ ਪੰਡਾਂ ਨਾਲ ਦਿਨ ਕੱਟਣ ਦੀ ਆਦਤ ਪਾਈ ਜਾਂਦੇ ਲੋਕਾਂ ਵਿੱਚ ਨਵਾਂ ਰੁਝਾਨ ਇਹ ਵਧਦਾ ਜਾਂਦਾ ਹੈ ਕਿ ਜਿਨ੍ਹਾਂ ਦੇ ਘਰਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ-ਕਮਜ਼ੋਰੀ ਨਹੀਂ, ਉਹ ਵੀ ਨਿਤਾਣੇ ਤੇ ਗਰੀਬ ਜਿਹੇ ਬਣ ਕੇ ਇਨ੍ਹਾਂ ਛੋਟਾਂ ਦਾ ਨਾਜਾਇਜ਼ ਲਾਭ ਲਈ ਜਾਂਦੇ ਹਨ। ਇਸੇ ਦੀ ਇੱਕ ਮਿਸਾਲ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਨਵੀਂ ਸਰਕਾਰ ਨੇ ਜਾਂਚ ਕਰਵਾਈ ਤਾਂ ਭੇਦ ਖੁੱਲ੍ਹਾ ਕਿ ਪੰਜਾਬ ਵਿੱਚਸਸਤੇ ਰਾਸ਼ਨ ਦੇ ਚਾਲੀ ਲੱਖ ਅਠਾਹਠ ਹਜ਼ਾਰ ਕਾਰਡਾਂ ਵਿੱਚੋਂ ਤਿੰਨ ਲੱਖ ਤੀਹ ਹਜ਼ਾਰ ਤੋਂ ਵੱਧ ਨਾਜਾਇਜ਼ ਬਣਾਏ ਗਏ ਸਨ। ਭਾਰਤ ਸਰਕਾਰ ਸਪੱਸ਼ਟ ਕਹਿ ਚੁੱਕੀ ਸੀ ਕਿ ਜਾਅਲੀ ਕਾਰਡਾਂ ਲਈ ਰਾਸ਼ਨ ਨਹੀਂ ਦੇਣਾ ਅਤੇ ਇਸ ਫੈਸਲੇ ਪਿੱਛੋਂ ਰਾਜ ਸਰਕਾਰ ਦੇ ਨਹੀਂ ਸਕਦੀ। ਪਿਛਲੇ ਸਾਲ ਹੁਸਿ਼ਆਰਪੁਰ ਵਿੱਚ ਲਗਜ਼ਰੀ ਕਾਰ ਉੱਤੇ ਇੱਕ ਬੰਦਾ ਸਸਤੇ ਭਾਅ ਦਾ ਰਾਸ਼ਣ ਲੈਣ ਲਈ ਡੀਪੂ ਵਾਲੇ ਕੋਲ ਆਇਆ ਤਾਂ ਉਹ ਫੋਟੋ ਅਖਬਾਰਾਂ ਵਿੱਚਵੀ ਆਈਅਤੇਟੀ ਵੀ ਚੈਨਲਾਂ ਉੱਤੇ ਲੋਕਾਂ ਨੇ ਵੇਖੀ ਸੀ। ਇਸ ਮਈ ਵਿੱਚ ਇੱਕ ਦਿਨ ਖਬਰ ਆਈ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਮਰ ਚੁੱਕੇ ਲੋਕਾਂ ਦਾ ਰਾਸ਼ਨ ਪੰਜਾਬ ਵਿੱਚ ਜਾਰੀ ਹੋ ਰਿਹਾ ਹੈ ਅਤੇ ਏਥੇ ਮ੍ਰਿਤਕਾਂ ਦੀ ਪੈਨਸ਼ਨ ਵੀ ਲਗਾਤਾਰ ਚੱਲਦੀ ਹੈ। ਮੁਕਤਸਰ ਜਿ਼ਲੇ ਵਿੱਚ ਪੈਨਸ਼ਨ ਲੈਣ ਆਈ ਔਰਤ ਉੱਤੇ ਇੱਕ ਬੈਂਕ ਮੈਨੇਜਰ ਨੂੰ ਸ਼ੱਕ ਪੈ ਗਿਆ ਤਾਂ ਉਸ ਦੇ ਪਿੰਡ ਦੇ ਸਰਪੰਚ ਨੂੰ ਫੋਨ ਉੱਤੇ ਪੁੱਛ ਲਿਆ ਅਤੇ ਅੱਗੋਂ ਸਰਪੰਚ ਨੇ ਦੱਸਿਆ ਕਿ ਉਸ ਔਰਤ ਦੀ ਮੌਤ ਹੋ ਚੁੱਕੀ ਹੈ। ਫਿਰ ਸਰਪੰਚ ਓਥੇ ਆ ਗਿਆ। ਉਸ ਔਰਤ ਨੂੰ ਪੁਲਸ ਨੇ ਫੜਿਆ ਤਾਂ ਉੇਸ ਨੇ ਦੋ ਨੌਜਵਾਨ ਫੜਾ ਦਿੱਤੇ, ਜਿਹੜੇ ਉਸ ਜਵਾਨ ਔਰਤਨੂੰ ‘ਬੇਬੇ’ ਬਣਾ ਕੇ ਪੈਨਸ਼ਨ ਲੈਣ ਆਏ ਅਤੇ ਬੈਂਕ ਦੇ ਬਾਹਰ ਖੜੇ ਸਨ।
ਮਨ ਇਸ ਖਬਰ ਨੇ ਖਰਾਬ ਕੀਤਾ ਤਾਂ ਦੂਸਰੀ ਖਬਰ ਨਾਲ ਲੱਗਦੇ ਹਰਿਆਣੇ ਦੀ ਸਾਹਮਣੇ ਆ ਗਈ ਕਿ ਕਰੀਬ ਬਾਰਾਂ ਸਾਲ ਪਹਿਲਾਂ ਓਥੇ ਜਾਅਲੀ ਪੈਨਸ਼ਨਾਂ ਦਾ ਇੱਕ ਘੋਟਾਲਾ ਹੋਇਆ ਸੀ, ਉਸ ਦੀ ਜਾਂਚ ਇਸ ਹਫਤੇ ਕੇਂਦਰ ਦੀ ਜਾਂਚ ਏਜੰਸੀ ਸੀ ਬੀ ਆਈ ਨੂੰ ਸੌਂਪੀ ਗਈ ਹੈ। ਖਬਰ ਦਾ ਸਾਰ ਕਹਿੰਦਾ ਹੈ ਕਿ ਜਦੋਂ ਇਹ ਘੋਟਾਲਾ ਹੋਇਆ ਤਾਂਓਥੇ ਕਾਂਗਰਸ ਦੇ ਭੁਪਿੰਦਰ ਸਿੰਘ ਹੁਡਾ ਦੀ ਸਰਕਾਰ ਸੀ, ਇਹ ਸਾਰਾ ਕੁਝ ਉਸ ਦੇ ਬੰਦਿਆਂ ਨੇ ਕੀਤਾ ਸੀ ਤੇ ਜਿ਼ੰਮੇਵਾਰੀ ਉਸ ਦੇ ਸਿਰ ਵੀ ਆਉਂਦੀ ਹੈ। ਸਵਾਲ ਇਹ ਸੀ ਕਿ ਫਿਰ ਇਹ ਮੁੱਦਾ ਬਾਰਾਂ ਸਾਲ ਦੱਬਿਆ ਕਿਉਂ ਰਿਹਾ ਅਤੇ ਏਨੇ ਸਾਲਾਂ ਪਿੱਛੋਂ ਕੱਢਣ ਦੀ ਨੌਬਤ ਕਿਉਂ ਆਈ! ਕਾਰਨ ਇਹ ਕਿ ਪਹਿਲਾਂ ਕਾਂਗਰਸ ਮਰੀ ਹੋਣ ਕਾਰਨ ਕੇਸ ਖੋਲ੍ਹਣ ਦੀ ਲੋੜ ਨਹੀਂ ਸੀ, ਅਗਲੇ ਸਾਲ ਦੀਆਂ ਚੋਣਾਂ ਨੇੜੇ ਆਉਣ ਅਤੇ ਕਾਂਗਰਸ ਅੱਗੇ ਵਧਦੀ ਵੇਖ ਕੇ ਕਾਂਗਰਸੀ ਆਗੂਆਂ ਦੇ ਗਲ਼ ਰੱਸਾ ਪਾਉਣ ਦੀ ਲੋੜ ਪੈ ਗਈ ਹੈ। ਉਨ੍ਹਾਂ ਨੇ ਕੀਤਾ ਹੈ ਤਾਂ ਭੁਗਤਣਗੇ। ਉਨ੍ਹਾਂ ਤੋਂ ਪਹਿਲਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਏਸੇ ਤਰ੍ਹਾਂ ਜੇ ਬੀ ਟੀ ਟੀਚਰਾਂ ਦੀ ਭਰਤੀ ਦੇ ਸਕੈਂਡਲ ਵਿੱਚ ਫਸ ਕੇ ਦਸ ਸਾਲ ਜੇਲ੍ਹ ਵਿੱਚ ਕੱਟ ਆਇਆ ਹੈ। ਅੱਜ ਉਹ ਵੀ ਕਾਂਗਰਸ ਦੇ ਭ੍ਰਿਸ਼ਟਾਚਾਰ ਦੀ ਅਸਲੀ ਗੱਲ ਕਰ ਕੇ ਆਪਣੇ ਵਕਤ ਦੇ ਕਾਲੇ ਦੌਰ ਨੂੰ ਢੱਕਣ ਦੀ ਕੋਸਿ਼ਸ਼ ਕਰ ਸਕਦਾ ਹੈ।
ਤੀਸਰੀ ਖਬਰ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਹੈ। ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਕਈ ਹਫਤੇ ਪਹਿਲਾਂ ਇੱਕ ਅਫਰੀਕੀ ਦੇਸ਼ ਵਿੱਚ ਭਾਰਤ ਤੋਂ ਗਈ ਦਵਾਈ ਨਾਲ ਕਈ ਬੱਚੇ ਮਰ ਜਾਣ ਦੀ ਖਬਰ ਆਈ ਸੀ। ਉਸ ਬਾਰੇ ਪਹਿਲਾਂ ਤਾਂ ਭਾਰਤ ਸਰਕਾਰ ਨੇ ਜਿ਼ੰਮੇਵਾਰੀ ਲੈਣ ਤੋਂ ਬਚਣਾ ਚਾਹਿਆ, ਪਰ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਇਹ ਸਾਫ ਕਹਿ ਦਿੱਤਾ ਕਿ ਮੌਤਾਂ ਦਾ ਕਾਰਨ ਭਾਰਤ ਤੋਂ ਗਈ ਦਵਾਈ ਸੀ ਤਾਂ ਹਰਿਆਣੇ ਦੀ ਉਹ ਕੰਪਨੀ ਬੰਦ ਕਰਨੀ ਪਈ। ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਏਦਾਂ ਦੀ ਘਟਨਾ ਉਜ਼ਬੇਕਿਸਤਾਨ ਵਿੱਚ ਵਾਪਰ ਗਈ ਅਤੇ ਓਥੇ ਜਿਸ ਦੂਸਰੀ ਕੰਪਨੀ ਦੀ ਦਵਾਈ ਭੇਜੀ ਸੀ, ਫਿਰ ਉਹ ਵੀ ਬੰਦ ਕਰਨੀ ਪਈ। ਤਾਜ਼ਾ ਖਬਰ ਹਿਮਾਚਲ ਪ੍ਰਦੇਸ਼ ਦੀ ਹੈ ਕਿ ਰਾਜ ਸਰਕਾਰ ਨੇ ਓਥੋਂ ਦੀਆਂ ਗਿਆਰਾਂ ਦਵਾਈ ਕੰਪਨੀਆਂ ਨੂੰ ਦਵਾਈਆਂ ਦਾ ਉਤਪਾਦਨ ਕਰਨਾ ਬੰਦ ਕਰਨ ਦਾ ਹੁਕਮ ਦਿੱਤਾ ਹੈ। ਪ੍ਰਮੁੱਖ ਸ਼ਹਿਰ ਸੋਲਨ ਵਿਚਲੀ ਇੱਕ ਕੰਪਨੀ ਦੇ ਮਾਲਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਖਬਰ ਦਾ ਵੇਰਵਾ ਕਹਿੰਦਾ ਹੈ ਕਿ ਓਥੇ ਦਵਾਈਆਂ ਦੀਆਂ ਉਨੱਤੀ ਕੰਪਨੀਆਂ ਦੇ ਮਾਲ ਵਿੱਚੋਂ ਸੈਂਪਲ ਭਰੇ ਗਏ ਤੇ ਗਿਆਰਾਂ ਕੰਪਨੀਆਂ ਨਾਲ ਸੰਬੰਧਤ ਛੇਹੱਤਰ ਸੈਪਲਾਂ ਦੀ ਰਿਪੋਰਟ ਬੇਹੱਦ ਘਟੀਆ ਆਈ ਹੋਣ ਕਾਰਨ ਇਹ ਸਾਰੀਆਂ ਬੰਦ ਕਰਨੀਆਂ ਪਈਆਂ ਹਨ। ਸੋਲਨ ਵਾਲੀ ਕੰਪਨੀ ਦਾ ਕੇਸ ਕੁਝ ਵੱਖਰਾ ਹੈ। ਓਥੋਂ ਦੀ ਦਵਾਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਰਲੀਮੈਂਟਰੀ ਚੋਣ ਹਲਕੇ ਵਾਰਾਣਸੀ ਵਿੱਚ ਪਹੁੰਚੀ ਤਾਂ ਇਸ ਦਾ ਮਾੜਾ ਪ੍ਰਭਾਵ ਪੈਣ ਮਗਰੋਂ ਜਦੋਂ ਉੱਤਰ ਪ੍ਰਦੇਸ਼ ਦੇ ਸਿਹਤ ਮਹਿਕਮੇ ਨੇ ਚੈੱਕ ਕਰਵਾਈ ਤਾਂ ਇਸ ਵਿੱਚ ਬਲੈਕ ਬੋਰਡ ਉੱਤੇ ਲਿਖਣ ਵਾਲਾ ਚਾਕ ਪੀਸ-ਪੀਸ ਕੇ ਪਾਇਆ ਨਿਕਲਿਆ ਸੀ। ਕੇਸ ਖੁਦ ਪ੍ਰਧਾਨ ਮੰਤਰੀ ਦੇ ਹਲਕੇ ਦਾ ਹੋਣ ਕਰ ਕੇ ਗੱਲ ਅੱਗੇ ਵਧ ਗਈ ਅਤੇ ਕੰਪਨੀ ਮਾਲਕ ਦੀ ਗ੍ਰਿਫਤਾਰੀ ਤੱਕ ਪਹੁੰਚ ਗਈ, ਕਿਸੇ ਹੋਰ ਜਗ੍ਹਾ ਇਹੋ ਜਿਹੀ ਕੋਈ ਹਰਕਤ ਹੋਈ ਹੁੰਦੀ ਤਾਂ ਸ਼ਾਇਦ ਮਾਮਲਾ ਰਫਾ-ਦਫਾ ਕਰ ਦਿੱਤਾ ਜਾਣਾ ਸੀ। ਖੁੰਬਾਂ ਵਾਂਗ ਉੱਗੀਆਂ ਇਹ ਕੰਪਨੀਆਂ ਏਦਾਂ ਦਾ ਕੰਮ ਸਿਰਫ ਤਦੇ ਕਰ ਸਕਦੀਆਂ ਹਨ, ਜੇ ਉਨ੍ਹਾਂ ਦੀ ਸਰਕਾਰੇ-ਦਰਬਾਰੇ ਪਹੁੰਚ ਹੋਵੇ ਅਤੇ ਇਹੀ ਵੱਡਾ ਨੁਕਸ ਹੈ।
ਇੱਕ ਗੱਲ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਜਿਹੜੀ ਦਵਾਈ ਅਫਰੀਕੀ ਦੇਸ਼ ਗਾਂਬੀਆ ਜਾਂ ਉਜ਼ਬੇਕਿਸਤਾਨ ਨੂੰ ਭੇਜੀ ਗਈ ਸੀ, ਉਹ ਭਾਰਤ ਵਿੱਚ ਵੇਚਣ ਵਾਸਤੇ ਪਾਸ ਨਹੀਂ ਸੀ ਹੋਈ, ਕਿਉਂਕਿ ਉਹ ਮਨੁੱਖੀ ਇਲਾਜ ਲਈ ਵਰਤਣ ਦੇ ਯੋਗ ਨਹੀਂ ਸੀ। ਜਿਹੜੀ ਦਵਾਈ ਸਾਡੇ ਆਪਣੇ ਦੇਸ਼ ਵਿੱਚ ਵਰਤੋਂ ਦੇ ਯੋਗ ਨਹੀਂ ਸੀ, ਉਹ ਦੂਸਰੇ ਦੇਸ਼ ਨੂੰ ਭੇਜਣ ਦਾ ਲਾਇਸੈਂਸ ਦੇਣ ਲਈ ਕਿਹੜੇ ਅਧਿਕਾਰੀ ਜਾਂ ਕਿਹੜੇ ਮੰਤਰੀ ਨੇ ਕਿੰਨੇ ਹੱਥ ਰੰਗੇ ਸਨ, ਪੜਤਾਲ ਕਰਨ ਵਾਲਿਆਂ ਨੂੰ ਇਹ ਵੀ ਪਤਾ ਕਰਨਾ ਚਾਹੀਦਾ ਸੀ, ਪਰ ਇਹ ਗੱਲ ਕਦੀ ਬਾਹਰ ਨਹੀਂ ਆਈ। ਰੌਲੇ-ਗੌਲੇ ਵਿੱਚ ਜਿਹੋ ਜਿਹਾ ਮਾਲ ਬਣਦਾ ਹੈ, ਬਣਦਾ ਜਾਣ ਦਿਓ ਤੇ ਜਿੱਥੇ ਕਿਸੇ ਨੇ ਭੇਜਣਾ ਹੈ, ਉਸ ਨੂੰ ਭੇਜਦਾ ਰਹਿਣ ਦਿਉ, ਇਸ ਚਲੰਤੂ ਫਾਰਮੂਲੇ ਸਦਕਾ ਦੂਸਰੇ ਦੇਸ਼ਾਂ ਦੇ ਲੋਕਾਂ ਦੀ ਜਾਨ ਨਾਲਜਿਹੜੇ ਪੂੰਜੀਪਤੀ ਖਿਲਵਾੜ ਕਰ ਸਕਦੇ ਹਨ, ਉਹ ਲਾਲਚ ਵੱਸ ਹੋ ਕੇ ਭਾਰਤੀ ਲੋਕਾਂ ਦਾ ਲਿਹਾਜ਼ ਵੀ ਨਹੀਂ ਕਰਨ ਲੱਗੇ। ਮਾਇਆ ਦਾ ਮੋਹ ਜਦੋਂ ਬੇਸ਼ਰਮੀ ਦੇ ਰਾਹ ਪਾ ਦੇਂਦਾ ਹੈ ਤਾਂ ਉਸ ਮਗਰੋਂ ਨੋਟਾਂ ਦੀ ਚਮਕ ਦਾ ਚੁੰਧਿਆਇਆ ਬੰਦਾ ਕਿਸੇ ਵੀ ਹੱਦ ਤੱਕ ਜਾ ਸਕਦਾ ਤੇ ਕਿਸੇ ਵੀ ਵਿਅਕਤੀ ਦੇ ਖੂਨ ਨਾਲ ਆਪਣੇ ਹੱਥ ਰੰਗ ਸਕਦਾ ਹੈ। ਇਹ ਤਾਂ ਕੁਝ ਵੀ ਨਹੀਂ, ਹਾਲੇ ਪਤਾ ਨਹੀਂ ਹੋਰ ਕੀ-ਕੀ ਕਹੀ ਜਾਂਦੀਆਂ ਹਨ ਇਹ ਨਿੱਤ ਦੀਆਂ ਖਬਰਾਂ।
ਸੌ ਸਵਾਲਾਂ ਦਾ ਸਵਾਲ ਇਹ ਹੈ ਕਿ ਜਦੋਂ ਸਾਰਾ ਦੇਸ਼ ਇਸ ਕਿਸਮ ਦੀ ਧੋਖਾਧੜੀ ਤੇ ਆਰਥਿਕ ਬਦਮਾਸ਼ੀ ਦੀਆਂ ਖਬਰਾਂ ਵਿੱਚ ਉਲਝਿਆ ਪਿਆ ਹੈ ਤਾਂ ਅਮਲ ਵਿੱਚ ਉਹ ਕੰਮ ਕਦੋਂ ਤੇ ਕਿੱਦਾਂ ਹੋ ਸਕਦਾ ਹੈ, ਜਿਹੜਾ ਭਾਰਤ ਨੂੰ ਦੁਨੀਆ ਦੇ ਦੇਸ਼ਾਂ ਦੀ ਕਤਾਰ ਵਿੱਚ ਸਨਮਾਨ ਵਾਲੀ ਥਾਂ ਖੜਾ ਕਰ ਸਕਦਾ ਹੋਵੇ? ਅਸੀਂ ਲੋਕ ਇਹ ਵੇਖ ਕੇ ਖੁਸ਼ੀ ਮਨਾਈ ਜਾਂਦੇ ਹਾਂ ਕਿ ਫਲਾਣੇ ਥਾਂ ਐਨੇ ਦੇਸ਼ਾਂ ਦੀ ਮੀਟਿੰਗ ਹੋਈ ਤਾਂ ਸਾਂਝੀ ਫੋਟੋ ਖਿਚਵਾਉਣ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਾਰਿਆਂ ਦੇ ਵਿਚਾਲੇ ਖੜੋਣ ਦਾ ਥਾਂ ਦਿੱਤਾ ਗਿਆ। ਮਨਮੋਹਨ ਸਿੰਘ ਤੇ ਵਾਜਪਾਈ ਦੇ ਵਕਤ ਵੀ ਏਹੋ ਹੁੰਦਾ ਵੇਖਿਆ ਗਿਆ ਸੀ, ਇਹ ਥਾਂ ਨਰਿੰਦਰ ਮੋਦੀ ਦੇ ਆਉਣ ਨਾਲ ਭਾਰਤ ਨੂੰ ਨਹੀਂ ਮਿਲੀ, ਪਰ ਉਨ੍ਹਾਂ ਦੇ ਵਕਤ ਇਸ ਤਰ੍ਹਾਂ ਖੜੋਣ ਬਾਰੇ ਢੰਡੋਰਾ ਨਹੀਂ ਸੀ ਪਿੱਟਿਆ ਜਾਂਦਾ। ਅੱਜਕੱਲ੍ਹ ਹਰ ਗੱਲ ਦਾ ਢੰਡੋਰਾ ਪਿੱਟਿਆ ਜਾਂਦਾ ਤੇ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਭਾਰਤ ਸਾਰੇ ਸੰਸਾਰ ਦਾ ਆਗੂ, ਵਿਸ਼ਵ ਗੁਰੂ, ਬਣਨ ਵੱਲ ਵਧਦਾ ਪਿਆ ਹੈ। ਇਹ ਵਹਿਮ ਕੱਢ ਕੇ ਹਕੀਕਤ ਪਛਾਨਣੀ ਚਾਹੀਦੀ ਹੈ। ਸੰਸਾਰ ਦੇ ਵਿਕਸਤ ਦੇਸ਼ਾਂ ਵਾਲਿਆਂ ਦੀ ਨੀਤੀ ਨਾ ਮਨਮੋਹਨ ਸਿੰਘ ਅਤੇ ਵਾਜਪਾਈ ਵਰਗੇ ਆਗੂਆਂ ਨੂੰ ਵਿਸ਼ਵ ਗੁਰੂ ਮੰਨਣ ਦੀ ਸੀ, ਨਾ ਇਸ ਵਕਤ ਉਨ੍ਹਾਂ ਦੇ ਮਨਾਂ ਵਿੱਚ ਇਹ ਸੋਚ ਹੈ, ਅਸਲ ਗੱਲ ਇਹ ਹੈ ਕਿ ਭਾਰਤ ਦੇ ਇੱਕ ਸੌ ਚਾਲੀ ਕਰੋੜ ਲੋਕਾਂ ਨੂੰ ਉਹ ਲੋਕ ਨਹੀਂ ਮੰਨਦੇ, ਇੱਕ ਸੌ ਚਾਲੀ ਕਰੋੜ ਗ੍ਰਾਹਕ ਸਮਝਦੇ ਹਨ। ਗ੍ਰਾਹਕਾਂ ਦੀ ਵੱਡੀ ਮੰਡੀ ਵਰਗੇ ਦੇਸ਼ ਦੇ ਮੁਖੀ ਨੂੰ ਉਹ ਆਪਣਾ ਆਗੂ ਮੰਨਣ ਦੀ ਭੁੱਲ ਨਹੀਂ ਕਰਦੇ, ਭਾਰਤ ਦੀ ਮੰਡੀ ਵਿੱਚ ਆਪਣਾ ਮਾਲ ਵੇਚਣ ਵਾਸਤੇ ਇੱਕ ਦੂਸਰੇ ਨੂੰ ਮੋਢੇ ਮਾਰ ਕੇ ਅੱਗੇ ਲੰਘਣ ਦਾ ਯਤਨ ਕਰਦੇ ਹਨ ਤੇ ਅਸੀਂ ਇਸ ਨਾਲ ਉਸ ਮਾਣ ਦਾ ਅਹਿਸਾਸ ਕਰਨ ਲੱਗ ਪੈਂਦੇ ਹਾਂ, ਜੋ ਅਸਲੀ ਸਨਮਾਨਾਂ ਤੋਂ ਵੱਡਾ ਜਾਪਦਾ ਹੈ। ਕਾਰੋਬਾਰੀ ਵਿਹਾਰ ਦੇ ਈਮਾਨ ਤੇ ਅਸੂਲਾਂ ਦੀ ਰਾਜਨੀਤੀ ਤੋਂ ਸੱਖਣੀ ਤੇ ਸਿਰਫ ਮੀਡੀਏ ਵਿੱਚ ਬੱਲੇ-ਬੱਲੇ ਹੁੰਦੀ ਵੇਖਣਦੀ ਮਾਨਸਿਕਤਾ ਨਾਲ ਵਿਸ਼ਵ-ਗੁਰੂ ਦੇ ਰੁਤਬੇ ਨਹੀਂ ਮਿਲਦੇ ਹੁੰਦੇ, ਹਵਾਈ ਗੁਬਾਰੇ ਵਿੱਚ ਜਿਸ ਦਿਨ ਸੂਈ ਚੁਭ ਗਈ ਤਾਂ ਸੁਫਨਾ ਟੁੱਟ ਜਾਵੇਗਾ।
ਜਿਨ੍ਹਾਂ ਦੇਸ਼ਾਂ ਦੇ ਹਾਕਮਾਂ ਨਾਲ ਖੜੋ ਕੇ ਵਿਸ਼ਵ ਗੁਰੂ ਬਣਨ ਦੇ ਸੁਫਨੇ ਸੰਜੋਏ ਜਾਂਦੇ ਹਨ, ਉਨ੍ਹਾਂ ਵਾਂਗ ਧੋਖਾਧੜੀ ਤੇ ਕਾਰੋਬਾਰ ਵਿੱਚ ਬੇਈਮਾਨੀ ਦਾ ਅਮਲ ਰੋਕਣ ਵੱਲ ਮੂੰਹ ਕਰਨਾ ਚਾਹੀਦਾ ਹੈ, ਪਰ ਉਹ ਕੀਤਾ ਨਹੀਂ ਜਾਂਦਾ। ਦੇਸ਼ ਵਿਚਲੇ ਹਾਲਾਤ ਵਿੱਚ ਉਹ ਸੁਖਾਵਾਂ ਦਿਨ ਆਉਣ ਤੱਕ ਸਾਡੇ ਜਿ਼ੰਮੇ ਇਨ੍ਹਾਂ ਖਬਰਾਂ ਨੂੰ ਪੜ੍ਹੀ ਜਾਣ ਦਾ ਕੰਮ ਹੈ, ਉਹੀ ਖਬਰਾਂ ਪੜ੍ਹੀ ਜਾਣ ਦਾ, ਜਿਹੜੀਆਂ ਬਦੋ-ਬਦੀ ਸਾਹਮਣੇ ਆਣ ਡਿੱਗਦੀਆਂ ਤੇ ਪਤਾ ਨਹੀਂ ਕੀ-ਕੀ ਕੁਝ ਕਹੀ ਜਾਂਦੀਆਂ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ!