ਸੁਰਜੀਤ ਸਿੰਘ ਫਲੋਰਾ
ਜਿਥੇ ਪੰਜਾਬ ਤਿਉਹਾਰਾਂ ਅਤੇ ਗੁਰੂਆਂ ਪੀਰਾਂ ਦੀ ਧਰਤੀ ਹੈ। ਉਥੇ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਬਹੁਤ ਮਹੱਤਤਾ ਰੱਖਦੀ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਕੱਪੜੇ ਲੀੜੇ , ਫੁਲਕਾਰੀਆਂ ਤੋਹਫੇ ਦੇ ਰੂਪ ਵਿਚ ਮਠਿਆਈਆਂ ਨਾਲ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ ਪਰ ਅਮੀਰ ਪੰਜਾਬੀ ਸੱਭਭਿਆਚਾਰ ‘ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ‘ਚੋਂ ਤੀਆਂ ਦੇ ਪਿੜ ਲੋਪ ਹੋ ਚੁੱਕਾ ਹੈ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਿਆ ਹੈ, ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਚਾਅ ਪੈਦਾ ਹੁੰਦਾ ਹੈ।
ਪਰ ਸਮਾਂ ਬਦਲਣ ਨਾਲ , ਤੀਆਂ ਦਾ ਉਮਾਹ ਨਵੇਂ ਯੁੱਗ ਦੇ ਮਨੋਰੰਜਨ ਦੇ ਸਾਧਨਾਂ ਅਤੇ ਭੈਣਾਂ ਦਾ ਪਿਆਰ ਜਾਇਦਾਦ ਦੀ ਭੁੱਖ ਨੇ ਨਿਗਲ ਲਿਆ ਹੈ । ਹੁਣ ਇਹ ਕਲੱਬਾਂ, ਸਟੇਜਾਂ ਜਾਂ ਕੁਝ ਥਾਵਾਂ ਤੇ ਪਾਰਕਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਫਿਰ ਵੀ ਕੁਝ ਚੰਗਾ ਵੀ ਹੋ ਰਿਹਾ ਹੈ, ਨਵੇਂ ਯੁੱਗ ਦੀ ਇੱਕ ਚੰਗੇਰੀ ਗੱਲ ਇਹ ਹੈ ਕਿ ਹੁਣ ਸੱਸ-ਨੂੰਹ ਦਾ ਰਿਸ਼ਤਾ ਨਿੱਘਾ ਹੁੰਦਾ ਜਾ ਰਿਹਾ ਹੈ । ਤੀਆਂ ਤੇ ਗਿੱਧਾ ਪੰਜਾਬ ਦੀ ਰੂਹ ਹਨ ਤੇ ਰੂਹ ਕਦੇ ਮਰਦੀ ਨਹੀਂ ।
ਅੱਜ ਕਲ੍ਹ ਬਹੁਤ ਹੀ ਘੱਟ ਇਹ ਬੋਲੀ ਸੁਨਣ ਨੂੰ ਮਿਲਦੀ ਹੈ ਕਿ , “ ਮੈ ਸੱਸ ਕੁਟਣੀ, ਕੁਟਣੀ ਸੰਦੂਕਾ ਉਹਲੇ…। ਸ਼ਾਇਦ ਅੱਜ ਦੀ ਮੁਟਿਆਰ ਇਹ ਸਮਝ ਚੁਕੀ ਹੈ ਕਿ ਕੁਟਣ ਨਾਲ ਕੁਝ ਨਹੀਂ ਬਣਨਾ, ਬਣਾ ਕੇ ਰੱਖਣ ਵਿਚ ਹੀ ਭਲਾ ਹੈ।
ਛੋਟੇ ਹੁੰਦੇ ਕਦੇ ਦਾਦੀ ਤੋਂ ਬਾਤਾਂ ਸੁਣਦੇ ਹੁੰਦੇ ਸੀ ਤਾਂ ਉਹ ਦੱਸਦੀ ਹੁੰਦੀ ਸੀ ਕਿ ਪਹਿਲੇ ਸਮੇਂ ਵਿੱਚ ਔਰਤਾਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ ਪਰ ਹੁਣ ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟਣ ਕਰ ਕੇ ਤੀਆਂ ਦਾ ਰੰਗ ਫਿੱਕਾ ਪੈ ਗਿਆ ਹੈ। ਪਿੰਡਾਂ ਦੇ ਪਿੜਾਂ ਵਿੱਚ ਤੀਆਂ ਦੇ ਖੜਾਕ ਪੈਣ ਦੀ ਥਾਂ ਹੁਣ ਇਹ ਤੀਆਂ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਦਾ ਕੁਝ ਘੰਟੇ ਦਾ ਮਹਿਮਾਨ ਬਣ ਕੇ ਰਹਿ ਗਈਆਂ ਹਨ। ਭਾਵੇਂ ਪੰਜਾਬੀ ਸੱਭਿਆਚਾਰ ਦੇ ਹਮਦਰਦ ਇਸ ਤਿਉਹਾਰ ਨੂੰ ਜਿਉਂਦਾ ਰੱਖਣ ਲਈ ਵਿਸ਼ੇਸ਼ ਉੱਪਰਾਲੇ ਕਰਦੇ ਹੋਏ ਪੰਜਾਬ ਦੀਆਂ ਇੱਕਾ-ਦੁੱਕਾ ਥਾਵਾਂ ‘ਤੇ ਤੀਆਂ ਲਵਾ ਰਹੇ ਹਨ ਪਰ ਟੀ ਵੀ ਚੈਨਲਾਂ ਦੇ ਪ੍ਰਭਾਵ ਕਾਰਨ ਜਿਹੜੀਆਂ ਕੁੜੀਆਂ ਇਨ੍ਹਾਂ ਤੀਆਂ ਦੇ ਵਿਹੜਿਆਂ ਵਿੱਚ ਆਉਂਦੀਆਂ ਵੀ ਹਨ, ਉਨ੍ਹਾਂ ਦੇ ਕੱਪੜੇ ਅਤੇ ਰਹਿਣ-ਸਹਿਣ ਦਾ ਢੰਗ ਪੱਛਮੀ ਸੱਭਿਆਚਾਰ ਵਾਲੇ ਹੋਣ ਕਰ ਕੇ ਤੀਆਂ ਵਿੱਚ ਪਹਿਲਾਂ ਵਾਲੀ ਧਮਾਲ ਨਹੀਂ ਪੈਂਦੀ।
ਇਥੇ ਕੈਨੇਡਾ ਵਿਚ ਹਰ ਸਾਲ ਤੀਆਂ ਦੇ ਮੇਲੇ ਲਗਾਈ ਜਾਂਦੇ ਹਨ, ਜੋ ਕੁਝ ਗਇਕਾਵਾਂ ਤੇ ਕੁਝ ਖਾਸ ਲੋਕ ਸਟੇਜ਼ ਤੇ ਹੀ ਆਪਣਾ ਚਾਅ ਪੂਰਾ ਕਰਕੇ ਤੁਰਦੇ ਬਣਦੇ ਹਨ ਤੇ ਬਾਕ ਮੁਟਿਆਰਾਂ ਤਾਂ ਵਸ ਕੁਰਸੀਆਂ ਤੇ ਬੈਠ ਕੇ ਜੋ ਵੀ ਇਸ ਨੂੰ ਹੋਸਟ ਕਰਵਾ ਰਿਹਾ ਹੈ ਉਸ ਦੇ ਹਾਲ ਦੇ ਪੈਸੇ ਪੂਰੇ ਕਰਨ ਲਈ ਸਿਰਫ਼ ਦਰਸ਼ਕ ਬਣ ਰਹਿ ਜਾਂਦੀਆਂ ਹਨ।
ਦਾਦੀ ਇਹ ਵੀ ਕਹਿੰਦੀ ਹੁੰਦੀ ਸੀ ਕਿ ਜਦੋਂ ਪੰਜਾਬ ਅੱਤਵਾਦ ਦੀ ਭੱਠੀ ਵਿੱਚ ਝੁਲਸ ਰਿਹਾ ਸੀ, ਉਸ ਸਮੇਂ ਪੰਜਾਬ ਵਿੱਚ ਤੀਆਂ ਦੀ ਧਮਾਲ ਪੈਂਦੀ ਸੀ ਪਰ ਪੰਜਾਬ ਵਿੱਚ ਚੱਲੀ ਪੱਛਮੀ ਸੱਭਿਆਚਾਰ ਦੀ ਹਨੇਰੀ ਅੱਤਵਾਦ ਤੋਂ ਵੀ ਘਾਤਕ ਸਾਬਤ ਹੋ ਰਹੀ ਹੈ। ਵਰਤਮਾਨ ਸਮੇਂ ਇਹ ਤੀਆਂ ਨਿੱਜੀ ਸਮਾਜ ਸੇਵੀ ਸੰਸਥਾਵਾਂ ਜਾਂ ਸਕੂਲਾਂ-ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਲਗਾਈਆਂ ਜਾਂਦੀਆਂ ਹਨ ਪਰ ਇਨ੍ਹਾਂ ਤੀਆਂ ਦੀਆਂ ਸਟੇਜਾਂ ‘ਤੇ ਕੁੜੀਆਂ ਬਿਊਟੀ ਪਾਰਲਰਾਂ ਤੋਂ ਤਿਆਰ ਹੋ ਕੇ ਬਨਾਉਟੀ ਗਹਿਣੇ ਪਾ ਕੇ ਗਿੱਧਾ ਪਾਉਂਦੀਆਂ ਹਨ, ਜਿਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਨਹੀਂ ਪੈਂਦੀ।
ਅਸਲ ਵਿਚ ਤੀਆਂ ਸਾਉਣ ਦੇ ਮਹੀਨੇ ਦੀ ਤੀਜ ਨੂੰ ਸ਼ੁਰੂ ਹੁੰਦੀਆਂ ਹਨ ਤੇ ਪੁੰਨਿਆਂ ਨੂੰ ਖ਼ਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਸਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜਾਉਦੀਆਂ ਸਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ 'ਤੇ ਜਾਂਦੀਆਂ ਸਨ, ਪਿੱਪਲਾਂ, ਟਾਹਲੀਆਂ ਤੇ ਪੀਘਾਂ ਪਾਉਦੀਆਂ ਸਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਸਨ, ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਸਨ ਤੇ ਦੋ ਜਾਂ ਵੱਧ ਘੇਰੇ ਅੰਦਰ ਨੱਚਦੀਆਂ ਸਨ, ਪੁੰਨਿਆਂ ਵਾਲੇ ਦਿਨ ਵੱਅਲੋ ਪਾਈ ਜਾਂਦੀ ਸੀ, ਜਿਸ ਦਾ ਅੱਜ ਕਲ੍ਹ ਦੀਆਂ ਮੁਟਿਆਰਾਂ ਨੂੰ ਪੁਛ ਕੇ ਵੇਖ ਲਉ ਉਹਨਾਂ ਇਸ ਦਾ ਮਤਲਬ ਵੀ ਨਹੀਂ ਪਤਾ ਹੁਣਾ। ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਜਾਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਦੀਆਂ ਸਨ।ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸੌਹਰੇ ਵਾਪਸ ਜਾਂਦੀਆਂ ਸਨ ਤਾਂ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਦੇ ਕੇ ਤੋਰਦੇ ਸਨ। ਅੱਜ ਕਲ੍ਹ ਪੇਕੇ ਨਹੀਂ ਮਾਂ ਬਾਪ ਬਾਹਰਲੇ ਦੇਸ਼ਾ ਦੇ ਲਾਲਚ ਵਿਚ ਇੰਨਾ ਡੁਬ ਚੁਕਾ ਹੈ , ਕਿ ਆਪਣਿਆਂ 15-16 ਸਾਲਾਂ ਦੀਆਂ ਧੀਆਂ ਨੂੰ ਗਲਤ ੳਮਰ ਦੇ ਪ੍ਰਮਾਨ ਪੱਤਰ ਲੈ ਕੇ ਵਿਦੇਸ਼ਾਂ ਵਿਚ ਧਕੇਲ ਰਹੇ ਹਨ। ਬੁਢਿਆ ਜੋ ਲੜਕੀ ਦੀ ਉਮਰ ਤੋਂ ਦੋ ਗੁਣਾ ਵੱਧ ਦੇ ਗਲੇ ਬੰਨ੍ਹ ਰਹੇ ਹਨ ਤਾਂ ਜੋ ਉਹ ਵੀ ਇਕ ਦਿਨ ਬਹੁਤ ਜਲਦ ਕੈਨੇਡਾ ਅਮਰੀਕਾਂ ਵਰਗੇ ਦੇਸ਼ਾਂ ਵਿਚ ਪਹੁੰਚ ਜਾਣ।
ਦਾਦੀ ਦਸਦੀ ਹੁੰਦੀ ਸੀ ਕਿ ਪਹਿਲਾਂ ਤੀਆਂ ਵਾਲੇ ਦਿਨ, ਦੁਪਹਿਰ ਢਲਣ ਸਾਰ, ਸਭ ਕੁੜੀਆਂ-ਚਿੜੀਆਂ, ਪਹਿਨ ਪੱਚਰ ਕੇ, ਸਿਰ ਗੁੰਦਵਾ ਕੇ, ਹਾਰ ਸ਼ਿੰਗਾਰ ਕਰਕੇ, ਰੱਸੇ ਚੁੱਕ ਕੇ, ਹਿਰਨਾਂ ਦੀਆਂ ਡਾਰਾਂ ਵਾਂਗ ਚੁੰਗੀਆਂ ਭਰਦੀਆਂ, ਤੀਆਂ ਦੇ ਪਿੜ ਵੱਲ ਜਾਂਦੀਆਂ ਸਨ। ਪੀਂਘ ਝੂਟਦੀਆਂ ਕੁੜੀਆਂ, ਰੁੱਖ ਦਾ ਟੀਸੀ ਦਾ ਪੱਤਾ, ਆਪਣੇ ਦੰਦਾਂ ਨਾਲ ਤੋੜਨਾ ਲੋਚਦੀਆਂ ਸਨ।ਮੁਟਿਆਰਾਂ ਦਾ ਗਿੱਧਾ, ਤੀਆਂ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਸੀ। ਗਿੱਧਾ ਪੰਜਾਬਣ ਦੇ ਅੰਦਰੂਨੀ ਜਜ਼ਬਿਆਂ ਨੂੰ ਜ਼ੁਬਾਨ ਦਿੰਦਾ ਸੀ। ਮਨ ਦੇ ਵਲਵਲਿਆਂ ਦਾ ਅਲੋਕਾਰ ਪ੍ਰਦਰਸ਼ਨ ਹੋ ਨਿਬੜਦਾ ਸੀ। ਤੀਆਂ ਦੇ ਦਿਨਾਂ 'ਚ ਕੁੜੀਆਂ ਨੂੰ ਨਾ ਸੱਸ ਦਾ ਡਰ ਹੁੰਦਾ, ਨਾ ਸਹੁਰੇ ਕੋਲੋਂ ਘੁੰਡ ਕੱਢਣਾ ਪੈਂਦਾ ਸੀ। ਬੰਧਨਾਂ ਤੋਂ ਮੁਕਤ, ਆਜ਼ਾਦ ਪੰਖੇਰੂਆਂ ਵਾਂਗ, ਕੁੜੀਆਂ ਅੰਬਰੀਂ ਉਡਾਰੀਆਂ ਭਰਨਾ ਲੋਚਦੀਆਂ ਅਤੇ ਜਵਾਨੀ ਦੀ ਰੱਜ ਕੇ ਪ੍ਰਦਰਸ਼ਨੀ ਲਾਉਣਾ ਚਾਹੁੰਦੀਆਂ ਸਨ। ਬੋਲੀਆਂ ਦੇ ਮਾਧਿਅਮ ਰਾਹੀਂ ਕੁੜੀਆਂ ਧੁਰ ਅੰਦਰੋਂ, ਉਹ ਸਾਰਾ ਦਰਦ ਫਰੋਲ ਦਿੰਦੀਆਂ ਸਨ, ਜਿਹੜਾ ਦਰਦ ਉਨ੍ਹਾਂ ਨੂੰ ਸੱਸ, ਨਣਦ, ਦਰਾਣੀ-ਜਠਾਣੀ ਜਾਂ ਕੰਤ ਵੱਲੋਂ ਮਿਲਿਆ ਹੁੰਦਾ ਸੀ। ਤੀਆਂ ਰੂਹ ਦਾ ਦਰਦ ਕਹਿਣ ਤੇ ਸੁਣਨ ਦਾ ਜ਼ਰੀਆ ਬਣ ਜਾਂਦੀਆਂ ਸਨ।
ਪਰ ਸਮੇਂ ਦੇੁ ਹਿਸਾਬ ਨਾਲ ਨਾ ਕੋਈ ਦਰਦ ਵਡਾਉਣ ਵਾਲਾ ਰਿਹਾ ਨਾ ਵੰਡਣ ਵਾਲਾ, ਪ੍ਰਦੇਸਾਂ ਵਿਚ ਮੁੰਡੇ ਕੁੜੀਆਂ ਇਹ ਇਕੱਲੇਪਨ ਦਾ ਦਰਦ ਫਿਕਰਾਂ ਦਾ ਦਰਦ, ਉਹਨਾਂ ਨੂੰ ਆਤਮਹੱਤਿਆਂ ਕਰਨ ਲਈ ਮਜ਼ਬੂਰ ਕਰ ਰਿਹਾ ਹੈ। ਜੋ ਸਭ ਦੇ ਸਾਹਮਣੇ ਹੈ ਕੈਨੇਡਾ – ਅਮਰੀਕਾ ਤੋਂ ਆਏ ਦਿਨ ਕਿਸੇ ਨਾ ਕਿਸੇ ਮਾਂ ਬਾਪ ਦੇ ਹਿਰਦੇ ਦੇ ਟੁਕੜੇ ਦੀ ਲਾਸ਼ ਭੇਜੀ ਜਾਂਦੀ ਹੈ। ਜੋ ਮੰਦਭਾਗਾ ਰੋਜਾਨ ਹੈ।
ਇਨ੍ਹਾਂ ਦਿਨਾਂ 'ਚ ਘਰ-ਘਰ ਮੱਠੀਆਂ ਤਲੀਆਂ ਜਾਂਦੀਆਂ ਸਨ, ਗੁਲਗਲੇ ਪੱਕਦੇ, ਮਾਲ੍ਹਪੂੜੇ ਬਣਦੇ ਅਤੇ ਖੀਰਾਂ ਰਿੱਝਦੀਆਂ ਸਨ। ਕਹਿੰਦੇ ਨੇ:
'ਕਾਹਦਾ ਆਇਆ ਅਪਰਾਧੀਆ,
ਜੇ ਸਾਵਣ ਖੀਰ ਨਾ ਖਾਧੀ ਆ।'
ਇਹ ਬੋਲੀ ਕਾਦਰ ਦੀ ਕੁਦਰਤ ਵੱਲੋਂ ਸਿਰਜੇ ਸੁਹਾਵਣੇ ਅਤੇ ਰੂਹ ਦੀ ਤ੍ਰਿਪਤੀ ਵਾਲੇ ਮੌਸਮੀ ਦ੍ਰਿਸ਼ਾਂ ਨਾਲ ਪੈਂਦੀ ਗੂੜ੍ਹੀ ਮਿੱਤਰਤਾ ਨੂੰ ਮੁਖ਼ਾਤਵ ਹੁੰਦੀ ਹੈ। ਬਾਰਾ ਮਾਹ ਰਾਹੀਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਸਾਉਣ ਮਹੀਨੇ ਦੀ ਮਹੱਤਤਾ ਦੱਸੀ ਹੈ। ਪੰਜਾਬੀ ਦੇ ਸ਼ਾਇਰ ਬਾਬੂ ਫਿਰੋਜ਼ ਦੀਨ ਸ਼ਰਫ ਲਿਖਦੇ ਹਨ ਕਿ
ਸਾਵਣ ਸੀਸ ਗੁੰਦਾ ਕੇ ਸਈਆਂ, ਹਾਰ ਸ਼ਿੰਗਾਰ ਲਗਾਏ ਨੇ।
ਸਿਰ ਤੇ ਸਾਲੂ ਸ਼ਗਨਾ ਵਾਲੇ, ਰੀਝਾਂ ਨਾਲ ਸਜਾਏ ਨੇ।
ਮਿਠੇ ਮਿਠੇ ਗੀਤ ਮਾਹੀ ਦੇ, ਸਭਨਾ ਰਲ ਮਿਲ ਗਾਏ ਨੇ।
ਜਦ ਸਭ ਮੁਟਿਆਰਾਂ ਪੇਕੇ ਘਰ ਵਾਪਿਸ ਆ ਜਾਂਦੀਆਂ ਸਨ, ਤੇ ਉਹ ਇਹ ਬੋ਼਼ਆਂਿ ਪਾ ਕੇ ਸਭ ਨੂੰ ਦੱਸ ਦਿੰਦੀਆਂ ਸਨ ਕਿ
ਆਉਦੀ ਕੁੜੀਏ, ਜਾਂਦੀ ਕੁੜੀਏ, ਤੁਰਦੀ ਪਿੱਛੇ ਨੂੰ ਜਾਵੇਂ,
ਨੀ ਕਾਹਲੀ ਕਾਹਲੀ ਪੈਰ ਪੱਟ ਲੈ,
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ,
ਜਦ ਸਾਉਣ ਖਤਮ ਹੋਣ ਤੇ ਆਉਣਾ ਮੁਟਿਆਰਾਂ ਨੇ ਇਹ ਬੋਲੀਆਂ ਪਾੳਣਿਆਂ ਸ਼ੁਰੂ ਕਰ ਦੇਣਿਆ:
ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ ਸੌਹਰੇ ...........
ਅੱਜ ਫਿਰ ਲੋੜ ਹੈ, ਉਹੋ ਜਿਹੇ ਮਾਹੌਲ ਦਾ ਜਿਥੇ ਹਾਸੇ, ਖੁਸੀਆਂ, ਆਪਣਾ ਪਨ, ਹੋਵੇਂ ਆਉ! ਫਿਰ ਪੰਜਾਬੀ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਜਿਉਂਦਾ ਰੱਖਣ ਲਈ ਪੁਰਾਤਨ ਤੀਆਂ ਦੇ ਪਿੜਾਂ ਦੀ ਪਿੰਡ-ਪਿੰਡ ਸਥਾਪਤੀ ਕਰਨ ਲਈ ਆਪਣਾ ਯੋਗਦਾਨ ਪਾਈਏ ਤਾਂ ਜੋ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਦੀ ਪੁਰਾਤਨ ਧਾਂਕ ਕਾਇਮ ਰੱਖੀ ਜਾ ਸਕੇ।