Welcome to Canadian Punjabi Post
Follow us on

21

January 2025
 
ਨਜਰਰੀਆ

“ਆ ਗਿਆ ‘ਪੰਨੂੰ ਵੈਦ’ ਕੰਪਿਊਟਰ-ਰੋਗੀਆਂ ਦਾ ...”

July 17, 2024 12:17 AM

ਡਾ. ਸੁਖਦੇਵ ਸਿੰਘ ਝੰਡ

   ਫ਼ੋਨ : 647-567-9128

ਨਿੱਕੇ ਹੁੰਦਿਆਂ ਸਕੂਲ ਵਿਚ ਪੜ੍ਹਦਿਆਂ ਪਿੰਡ ਵਿਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਬੀਬੀਆਂ ਵੱਲੋਂ ਢੋਲਕੀ ਦੀ ਸਿੱਧ-ਪੱਧਰੀ ਜਿਹੀ ਤਾਲ ‘ਤੇ ਗਾਏ ਜਾਣ ਵਾਲੇ ਧਾਰਨਾ ਵਾਲੇ ਕਈ ‘ਸ਼ਬਦ’ ਸੁਣਦੇ ਹੁੰਦੇ ਸੀ। ਉਨ੍ਹਾਂ ਵਿਚ ਇਕ ‘ਸ਼ਬਦ’ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੁੰਦਾ ਸੀ ਜਿਸ ਨੂੰ ਉਹ ਪੂਰੀ ਹੇਕ ਲਾ ਕੇ ਗਾਉਂਦੀਆਂ ਸਨ :

 “ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ ...।”

ਉਨ੍ਹਾਂ ਵੱਲੋਂ ਗਾਏ ਜਾਣ ਇਸ ਸ਼ਬਦ ਵਿਚਲਾ ‘ਵੈਦ’ ਬਾਬਾ ਨਾਨਕ ਹੀ ਹੁੰਦਾ ਸੀ ਜਿਸ ਦਾ ਉਸ ਦਿਨ ਗੁਰਪੁਰਬ ਮਨਾਇਆ ਜਾ ਰਿਹਾ ਹੁੰਦਾ ਸੀ। ਉਨ੍ਹਾਂ ਵੱਲੋਂ ਗਾਏ ਗਏ ਇਸ ਸ਼ਬਦ ਅਨੁਸਾਰ ਬਾਬਾ ਨਾਨਕ ਹਰੇਕ ਤਰ੍ਹਾਂ ਦੇ ਰੋਗਾਂ ਨੂੰ ਦੂਰ ਕਰਨ ਵਾਲਾ ‘ਵੈਦ’ ਸੀ ਪਰ ਉਦੋਂ ਮੇਰੇ ਵਰਗਿਆਂ ਦੇ ਬਾਲ-ਮਨਾਂ ਨੂੰ ਇਹ ਗੱਲ ਸਮਝ ਨਾ ਪੈਂਦੀ।ਮੇਰੀ ਸੀਮਤ ਜਿਹੀ ਸੋਚ ਅਨੁਸਾਰ ਤਾਂ ਗੁਰੂ ਨਾਨਕ ਦੇਵ ਜੀ ‘ਗੁਰੂ’ ਹੀ ਹਨ। ਉਹ ‘ਵੈਦ’ ਕਿਵੇਂ ਬਣ ਗਏ? ਵੈਦ ਤਾਂ ਡਾਕਟਰਾਂ ਵਾਂਗ ਬੀਮਾਰੀਆਂ ਦਾ ਇਲਾਜ ਕਰਦੇ ਹਨ। ਫਿਰ ਜਦ ਥੋੜ੍ਹਾ ਵੱਡਾ ਹੋਇਆ ਤਾਂ ਸਮਝ ਪਈ ਕਿ ਬੀਮਾਰੀਆਂ ਕੇਵਲ ਸਰੀਰਕ ਹੀ ਨਹੀਂ ਹੁੰਦੀਆਂ, ਇਹ ਮਾਨਸਿਕ ਵੀ ਹੁੰਦੀਆਂ ਹਨ ਤੇ ਇਨ੍ਹਾਂ ਮਾਨਸਿਕ-ਬੀਮਾਰੀਆਂ ਦੇ ਇਲਾਜ ਵਾਲੇ ‘ਵੈਦ’ ਹੋਰ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਮਾਨਸਿਕਰੋਗੀਆਂ ਦੇ ਵੈਦ ਹਨ। ਉਹਉਸ ਮਾਲਕ ‘ਪ੍ਰਮਾਤਮਾ’ ਤੋਂ ਦੂਰ ਹੋ ਗਏ ਲੋਕਾਂ ਦਾ ਇਲਾਜ ਕਰਨ ਵਾਲੇ ਵੈਦ ਹਨ।

... ਤੇ ਏਧਰ ਸਾਡੇ ਕਿਰਪਾਲ ਸਿੰਘ ਪੰਨੂੰ ਹਨ ਜੋ ਕੰਪਿਊਟਰ ਦੇ ਮਾਹਿਰ ਹਨ। ਕੰਪਿਊਟਰ ਦੇ ਨਾਲ ਜੁੜੀ ਹਰੇਕ ‘ਬੀਮਾਰੀ’ ਦਾ ਇਲਾਜ ਉਨ੍ਹਾਂ ਦੇ ਕੋਲ ਹੈ। ਵੀਹਵੀਂ ਸਦੀ ਦੀ ਇਸ ‘ਮਹਾਨ ਕਾਢ’ਕੰਪਿਊਟਰ ਨੂੰ ਵੀ ਕਈ ‘ਬੀਮਾਰੀਆਂ’ ਚੰਬੜੀਆਂ ਹੋਈਆਂ ਹਨ। ਇਸ ਨੂੰ ‘ਵਰਤਣ ਵਾਲੇ’( ਯੂਜ਼ਰ) ਵੀ ਇਸ ਦੀਆਂ ਕਈ ‘ਬੀਮਾਰੀਆਂ’ ਦੇ ‘ਮਰੀਜ਼’ ਹਨ। ਚਾਹੇ ਇਹ ਉਨ੍ਹਾਂ ਨੂੰ ਪੰਜਾਬੀ ਦੇ ਸੈਂਕੜੇ ਫੌਂਟਾਂ ਵਿੱਚੋਂ ਕਿਸੇ ਵੀ ਫੌਂਟ ਵਿਚ ਟਾਈਪ ਕਰਦਿਆਂ ਆਈ ਹੋਈ ਮੁਸ਼ਕਲ ਹੋਵੇ, ਚਾਹੇ ਕੋਈ ਹੋਰਦਿੱਕਤ ਟਾਈਪ ਕੀਤੇ ਹੋਏ ‘ਮੈਟਰ’ ਨੂੰ ਇਕ ਫੌਂਟ ਤੋਂ ਦੂਸਰੇ ਵਿਚ ਬਦਲਣ ਦੀ ਹੋਵੇ ਤੇ ਚਾਹੇ ਕਿਸੇ ‘ਮੈਟਰ’ ਨੂੰ ਗੁਰਮੁਖੀ ਲਿਪੀ ਤੋਂ ਸ਼ਾਹਮੁਖੀ ਜਾਂ ਸ਼ਾਹਮੁਖੀ ਲਿਪੀ ਤੋਂ ਗੁਰਮੁਖੀ ਲਿਪੀ ਵਿਚ ਕਰਨ ਦੀ ਹੋਵੇ। ਇਸ ਦੇ ਨਾਲ ਹੀ ਜੇਕਰ ਤੁਹਾਡਾ ਕੰਪਿਊਟਰ ਚੰਗਾ ਭਲਾ ਚੱਲਦਾ-ਚੱਲਦਾ ‘ਖੋਤੇ ਵਾਲੀ ਅੜੀ’ ਕਰ ਬੈਠਾ ਹੈ ਤਾਂ ਇਸ ਦਾ ਇਲਾਜ ਵੀ ਪੰਨੂੰ ਸਾਹਿਬ ਕੋਲ ਹੈ। ਉਹ ਉਸ ਨੂੰ ਵੀ ‘ਹੱਲਾਸ਼ੇਰੀ’ਦੇ ਕੇ ਤੋਰਨ ਲਾ ਦਿੰਦੇ ਹਨ। ਕੰਪਿਊਟਰਾਂ ਅੰਦਰ ਕਈ ਵਾਰ ਕੋਈ ਏਧਰੋਂ-ਓਧਰੋਂ ਆਈਆਂ‘ਬਲ਼ਾਵਾਂ’ (ਵਾਇਰਸਾਂ) ਵੀ ਆ ਵੜਦੀਆਂ ਹਨ ਜੋ ਇਸ ਦੇ ਪ੍ਰੋਗਰਾਮਾਂ ਦਾ ਸੱਤਿਆਨਾਸ ਕਰ ਦਿੰਦੀਆਂ ਹਨ ਤੇ ਕੰਪਿਊਟਰ ਨੂੰ ਲੱਗਭੱਗ ‘ਨਕਾਰਾ’ ਹੀ ਕਰ ਦਿੰਦੀਆਂ ਹਨ। ਪੰਨੂੰ ਸਾਹਿਬ ਕੋਲ ਇਹ‘ਬੀਮਾਰੀ’ ਦੂਰ ਕਰਨ ਦਾ ਨੁਸਖ਼ਾ ਵੀ ਹੈ।ਉਹ ਇਨ੍ਹਾਂ ‘ਬਲਾਵਾਂ’ ਨੂੰ ਦੂਰ ਭਜਾ ਕੇ ਕੰਪਿਊਟਰ ਨੂੰ ਮੁੜ ‘ਨੌਂ-ਬਰ-ਨੌਂ’ ਕਰ ਦਿੰਦੇ ਹਨ।

ਆਯੁਰਵੇਦ-ਪ੍ਰਣਾਲੀ ਵਿਚ ‘ਧਨੰਤਰ ਵੈਦ’ ਦਾ ਸਥਾਨ ਸੱਭ ਤੋਂ ਸਿਖ਼ਰ ‘ਤੇਹੈ। ਕਿਹਾ ਜਾਂਦਾ ਹੈ ਕਿ ਉਸ ਦੇ ਕੋਲ ਹਰੇਕ ਸਰੀਰਕ ਬੀਮਾਰੀ ਦਾ ਇਲਾਜ ਮੌਜੂਦ ਸੀ। ਜੰਗਲੀ ਬੂਟੀਆਂ ਤੋਂ ਤਿਆਰ ਕੀਤੀਆਂ ਦਵਾਈਆਂ ਨਾਲ ਉਸ ਨੇ ਮਨੁੱਖੀ ਸਰੀਰ ਦੀ ਹਰੇਕ ਬੀਮਾਰੀ ਦਾ ਇਲਾਜ ਲੱਭ ਲਿਆ ਸੀ।ਉਸ ਦੇ ਨਾਲ ਜੁੜੀ ਹੋਈ ‘ਮਿਥਿਹਾਸਕ ਸਾਖੀ’ ਵਿਚ ਤਾਂ ਹੋਰ ਵੀ ਬੜਾ ਕੁਝ ਕਿਹਾ ਗਿਆ ਹੈ ਜੋ ਆਮ ਇਨਸਾਨ ਦੇ ਮੰਨਣ ਵਿਚ ਨਹੀਂ ਆਉਂਦਾ, ਜਿਵੇਂ ਕਿ ‘ਕਸ਼ਿਅਪ’ ਰੂਪੀ ‘ਸੱਪ’ਨੇ ਡੰਗ ਮਾਰ ਕੇ ਬੋਹੜ ਦੇ ਇਕ ਦ੍ਰਖਤ ਨੂੰ ਬਿਲਕੁਲ ਸੁਕਾ ਦਿੱਤਾ ਸੀ ਅਤੇ ਧਨੰਤਰ ਵੈਦ ਨੇ ਉਸ ਰੁੱਖ ਦੇ ਸਾਹਮਣੇ ਖਲੋ ਕੇ ਕੁਝ ‘ਮੰਤਰ’ਉਚਾਰਨ ਤੋਂ ਬਾਅਦ ਉਸ ਦੇ ਉੱਪਰ ‘ਜਲ’ ਦਾ ਤਰੌਂਕਾ ਦੇ ਕੇ ਉਸ ਨੂੰ ਮੁੜ ਹਰਿਆ-ਭਰਿਆ ਕਰ ਦਿੱਤਾ ਸੀ। ਅਜਿਹੀਆਂ ‘ਕਥਾਵਾਂ’ ਤਾਂਮੰਨਣ ਯੋਗ ਨਹੀਂ ਹਨ ਪਰ ‘ਧਨੰਤਰ’ ਦੇ ਨਾਂ ‘ਤੇ ਚੱਲੀ ਆਯੁਰਵੇਦ-ਪ੍ਰਣਾਲੀ ਵਿਚ ਮੇਰੇ ਸਮੇਤ ਬਹੁਤ ਸਾਰੇ ਲੋਕਾਂ ਦਾ ਦ੍ਰਿੜ ਵਿਸ਼ਵਾਸ ਹੈ।

ਧਨੰਤਰ ਵੈਦ ਸਰੀਰਕ ਬੀਮਾਰੀਆਂ ਦਾ ਇਲਾਜ ਕਰਦਾ ਸੀ ਅਤੇ ‘ਸਾਡੇ ਵੈਦ’ ਪੰਨੂੰ ਸਾਹਿਬ ਕੰਪਿਊਟਰ ਨਾਲ ਸਬੰਧਿਤ ਬੀਮਾਰੀਆਂ ਦਾ ਇਲਾਜ ਕਰਦੇ ਹਨ। ਏਸੇ ਲਈ ਉਨ੍ਹਾਂ ਨੂੰ “ਕੰਪਿਊਟਰ ਦਾ ਧਨੰਤਰ” ਕਿਹਾ ਜਾਂਦਾ ਹੈ। ਇਹ ‘ਲਕਬ’ ਉਨ੍ਹਾਂ ਦੇ ਨਾਂ ਦੇ ਨਾਲ ਪ੍ਰਿੰਸੀਪਲ ਸਰਵਣ ਸਿੰਘ ਦੀ ਸੰਪਾਦਨਾ ਹੇਠ 2011 ਵਿਚ ਛਪੀ ਪੁਸਤਕ “ਕੰਪਿਊਟਰ ਦਾ ਧਨੰਤਰ : ਕਿਰਪਾਲ ਸਿੰਘ ਪੰਨੂੰ” ਦੇ ਆਉਣ ਨਾਲ ਜੁੜਿਆ।2011 ਵਿਚ ਜਦੋਂ ਪੰਨੂੰ ਸਾਹਿਬ ਨੇ ਆਪਣੇ ਜੀਵਨ ਪੰਧ ਦੀ ‘ਪੌਣੀ ਸਦੀ’ ਪਾਰ ਕੀਤੀ ਤਾਂ ਇਹ ਪੁਸਤਕ ਉਨ੍ਹਾਂ ਨੂੰ “ਅਭਿਨੰਦਨ ਗ੍ਰੰਥ” ਦੇ ਰੂਪ ਵਿਚਭੇਂਟ ਕੀਤੀ ਗਈ।ਇਸ ਪੁਸਤਕ ਵਿਚ ਪ੍ਰਿੰਸੀਪਲ ਸਰਵਣ ਸਿੰਘ ਹੋਰਾਂ ਵੱਲੋਂਪੰਨੂੰ ਸਾਹਿਬ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਬਾਰੇ 47 ਵੱਖ-ਵੱਖ ਲੇਖਕਾਂ ਦੇ ਆਰਟੀਕਲ ਸ਼ਾਮਲ ਕੀਤੇ ਗਏ ਜਿਨ੍ਹਾਂ ਦੀ ਲੰਬਾਈਨਵਤੇਜ ਭਾਰਤੀ ਦੇ ਇੱਕ ਪੰਨੇਦੇ ਸੰਖੇਪ ਆਰਟੀਕਲ ਤੋਂ ਲੈ ਕੇਡਾ. ਵਰਿਆਮ ਸਿੰਘ ਸੰਧੂ ਦੇ17 ਪੰਨਿਆਂਦੇਲੰਮੇ ਲੇਖ ਤੱਕ ਹੈ। ਕਿਸੇ ਨੇ ਉਨ੍ਹਾਂ ਨੂੰ “ਕੰਪਿਊਟਰ ਦਾ ਧਨੰਤਰ ਵੈਦ” ਤੇ ਕਿਸੇ ਨੇ “ਕੰਪਿਊਟਰ ਦਾ ਧੰਨਾ ਜੱਟ” ਆਖਿਆ ਹੈ।ਕਿਸੇ ਨੇ “ਕੰਪਿਊਟਰ ਦਾ ਭਾਈ ਘਨੱਈਆ” ਤੇ ਕਿਸੇ ਨੇ “ਕੰਪਿਊਟਰ ਦੀਆਂ ਘੁੰਡੀਆਂ ਮੇਲਣ ਵਾਲਾ”ਕਿਹਾ ਹੈ। ਕਈ ਹੋਰਨਾਂ ਨੇ ਉਨ੍ਹਾਂ ਨੂੰ“ਦਰਿਆ ਦਿਲ ਪੰਨੂੰ”, “ਯਾਰ ਅਣਮੁੱਲਾ, ਹਵਾ ਦਾ ਬੁੱਲਾ”, “ਪੰਜਾਬੀਅਤ ਦਾ ਚਾਨਣ-ਮੁਨਾਰਾ”, “ਕੰਪਿਊਟਰੀ-ਮੰਡਲਾਂ ਦਾ ਖੋਜਕਾਰ” ਤੇ ‘ਕੰਪਿਊਟਰ ਪਾਇਲਟ” ਵੀ ਕਿਹਾ ਹੈ। ਕਿਸੇ ਲਈ ਉਹ “ਸੁਹਿਰਦ ਇਨਸਾਨ” ਹੈ ਤੇ ਕਿਸੇ ਲਈ ਪੰਜਾਬ ਪੋਲੀਸ ਤੇ ਬੀ.ਐੱਸ.ਐੱਫ਼. ਵਿਚ 35 ਸਾਲ ਕੀਤੀ ਗਈਨੌਕਰੀ ਤੋਂ ਬਾਅਦ ਹੋਈ ‘ਸੇਵਾ-ਮੁਕਤੀ’ ਸਮੇਂਆਪਣਾ ਦਿਮਾਗ਼ ਆਪਣੇ ਨਾਲ ਸਹੀ ਸਲਾਮਤ ‘ਚੋਰੀ’ ਵਾਪਸ ਆਪਣੇ ਨਾਲ ਲਿਆਉਣ ਵਾਲਾ“ਪੰਨੂੰ ਚੋਰ” ਹੈ, ਕਿਉਂਕਿ ਇਹ ਵੀ ਤਾਂ ਕਿਹਾ ਜਾਂਦਾ ਹੈ ਕਿ ਫ਼ੌਜੀਆਂ ਨੂੰ ਸੇਵਾ-ਮੁਕਤੀ ਸਮੇਂ ਪੈੱਨਸ਼ਨ ‘ਤੇ ਭੇਜਣ ਲੱਗਿਆਂ ਉਨ੍ਹਾਂ ਦਾ ਦਿਮਾਗ਼ ਉੱਥੇ ਹੀ ਰੱਖ ਲਿਆ ਜਾਂਦਾ ਹੈ।

ਪੰਨੂੰ ਸਾਹਿਬ ਦੀਸ਼ਖ਼ਸੀਅਤ ਦਾ ਇੱਕ ਅਹਿਮ ਪੱਖ ਹੋਰ ਵੀ ਹੈ ਤੇ ਉਹ ਹੈ, ਇੱਥੇ ‘ਸੀਨੀਅਰਜ਼’ ਕਹੇ ਜਾਂਦੇ ਬਜ਼ੁਰਗਾਂ ਨੂੰ ਕੰਪਿਊਟਰ ਦੇ ‘ਲੜ ਲਾਉਣ’ ਦਾ। ਪੰਨੂ ਸਾਹਿਬ ਨੇ ਸੈਂਕੜੇ ਸੀਨੀਅਰਜ਼ ਨੂੰ ਪ੍ਰੇਰਨਾ ਦੇ ਕੇ ਕੰਪਿਊਟਰ ਸਿੱਖਣ ਲਈ ਰਾਜ਼ੀ ਕੀਤਾ ਅਤੇ ਫਿਰ ਉਨ੍ਹਾਂ ਨੂੰ ਕੰਪਿਊਟਰ ਦੀ ਸਿਖਲਾਈ ਦੇਣ ਲਈ ਕੰਪਿਊਟਰ ਦੀ ਖ਼੍ਰੀਦੋ-ਫ਼ਰੋਖ਼ਤ ਤੇ ਮੁਰੰਮਤ ਕਰਨ ਵਾਲੀਆਂ ਕਈ ਫ਼ਰਮਾਂ ਦੇ ਸਹਿਯੋਗ ਨਾਲ ਗਰਮੀਆਂ ਦੇ ਹਰੇਕ ਸੀਜ਼ਨ ਵਿਚ ਦੋ-ਦੋ, ਤਿੰਨ-ਤਿੰਨ ਕੈਂਪ ਲਾਏ।ਇਨ੍ਹਾਂ ਕੈਂਪਾਂ ਵਿਚ ਉਨ੍ਹਾਂ ਬਜ਼ੁਰਗਾਂ ਦੀਆਂ ਸਖ਼ਤ ਉਂਗਲਾਂ ਨੂੰ ‘ਕੀ-ਬੋਰਡ’ ਉੱਪਰ ਹੌਲ਼ੀ-ਹੌਲ਼ੀ ਫੇਰਨ ਦੀ ਜਾਚ ਦੱਸੀ। ਉਨ੍ਹਾਂ ਨੂੰ ‘ਮਾਊਸ’ ਦੀ ਵਰਤੋਂ ਕਰਨੀ ਸਿਖਾਈ। ਚਾਰ-ਪੰਜ ਹਫ਼ਤਿਆਂ ਦੇ ਇਸ ਕੋਰਸ ਨਾਲ ਉਹ ਮਾੜੀ ਮੋਟੀ ਟਾਈਪ ਕਰਨਤੇ ‘ਈ-ਮੇਲ’ਕਰਨ ਅਤੇ ਆਈਆਂ ਹੋਈਆਂ ‘ਈ-ਮੇਲਾਂ’ ਵੇਖਣਤੇ ਉਨ੍ਹਾਂ ਦੇ ਜੁਆਬ ਦੇਣ ਦੇ ਯੋਗ ਤਾਂ ਹੋ ਹੀ ਜਾਂਦੇ ਸਨ। ਇਸ ਤੋਂ ਵਧੇਰੇ ਸਿੱਖਣ ਵਾਲੇ ਪੰਨੂੰ ਸਾਹਿਬ ਦੇ ਅਗਲੇਰੇ ‘ਹਾਇਰ ਕੋਰਸ’ ਲਈ ਵੀ ਆਪਣੇ ਨਾਂ ਲਿਖਵਾ ਦਿੰਦੇ ਸਨ। ਅਖ਼ਬਾਰ ਵਿਚ ਕੰਮ ਕਰਦਿਆਂ ਅਜਿਹੇ ਇਕ ਕੈਂਪ ਦੀ ਚੱਲ ਰਹੀ ਕਾਰਵਾਈ ‘ਲਾਈਵ’ਵੇਖਣ ਦਾ ਵੀ ਮੌਕਾ ਮਿਲਿਆ। ਪੰਨੂੰ ਸਾਹਿਬ ਨੇ ਸਿਖਿਆਰਥੀਆਂ ਨੂੰ ਪਹਿਲਾਂ ਦਸ ਕੁ ਮਿੰਟ ਉਸ ਦਿਨ ਦੇ ਸਬਕ ਬਾਰੇ ਸੰਖੇਪ ਲੈੱਕਚਰ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਆਪਣੇ ਲੈਪਟੋਪਾਂ ‘ਤੇ ਉਸ ‘ਸਬਕ’ਨੂੰ‘ਹੱਥੀਂ ਕਰਨ’ ਲਈ ਆਖਿਆ ਜੋ ਉਹ ਬੜੇ ਆਰਾਮ ਨਾਲ ਕਰ ਰਹੇ ਸਨ।

ਇਸ ਕੈਂਪ ਦੇ ਉਸ ਦਿਨ ਦੀ ਪੂਰੀ ਕਾਰਵਾਈ ਵਿਸਤ੍ਰਿਤਖ਼ਬਰ ਦੇ ਰੂਪ ਵਿਚਆਪਣੇ ਅਖ਼ਬਾਰ ‘ਸਿੱਖ ਸਪੋਕਸਮੈਨ’ ਨੂੰਭੇਜਣ ਦੇ ਨਾਲ਼ ਨਾਲ਼ ਹੋਰ ਵੀ ਤਿੰਨ-ਚਾਰ ਅਖ਼ਬਾਰਾਂ ਨੂੰ ਵੀ ਤਸਵੀਰਾਂ ਸਮੇਤ ਭੇਜ ਦਿੱਤੀ ਜਿਸ ਨੂੰ ਅਖ਼ਬਾਰਾਂ ਨੇ ਵੀ ਬੜੇ ਉਤਸ਼ਾਹ ਨਾਲ ਛਾਪਿਆ। ਪੰਨੂੰ ਸਾਹਿਬ ਦੇ ‘ਮੁੱਢਲੇ ਕੰਪਿਊਟਰ ਸ਼ਗਿਰਦਾਂ’ ਵਿੱਚ ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ,ਉੱਘੇ ਸਿੱਖਿਆ-ਸ਼ਾਸਤਰੀਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ, ਉੱਘੇ ਪੰਜਾਬੀ ਲੇਖਕ ਪੂਰਨ ਸਿੰਘ ਪਾਂਧੀ ਤੇ ਬਰੈਂਪਟਨ ਦੀਆਂ ਕਈ ਹੋਰ ਅਹਿਮ ਵਿਅੱਕਤੀ ਸ਼ਾਮਲ ਸਨਜੋ ਪੰਜਾਬ ਵਿਚ ਚੰਗੀਆਂ ਨੌਕਰੀਆਂ ਤੋਂ ਸੇਵਾ-ਮੁਕਤ ਹੋ ਕੇ ਇੱਥੇ ਆਏ ਸਨ ਪਰ ਉੱਥੇ ਕੰਪਿਊਟਰ ਨਾਲ ਵਾ-ਬਸਤਾ ਨਾ ਹੋਣ ਕਾਰਨ ਉਹ ਇਸ ਤੋਂ ਬਿਲਕੁਲ ‘ਅਣਭਿੱਜ’ ਸਨ। ਉਨ੍ਹਾਂ ਵਿੱਚੋਂ ਬਹੁਤੇ ਤਾਂ ਇਸ ਨੂੰ ਸਿੱਖਣ ਤੋਂ ਇਸ ਗੱਲੋਂ ਵੀ ਡਰਦੇ ਸਨ ਕਿ ਇਸ ਉਮਰ ਵਿਚਇਹ ਸਿੱਖਣਾ ਉਨ੍ਹਾਂ ਲਈ ਅਤੀ ਮੁਸ਼ਕਲ ਹੋਵੇਗਾ, ਪਰ ਪੰਨੂੰ ਸਾਹਿਬ ਨੇ ਉਨ੍ਹਾਂ ਦਾ ਡਰ ਇਹ ਕਹਿਕੇ ਦੂਰ ਕਰ ਦਿੱਤਾ, “ਮੈਂ ਵੀ ਤਾਂ ਇਹ ਸੇਵਾ-ਮੁਕਤੀ ਤੋਂ ਬਾਅਦ ਹੀ ਇੱਥੇ ਆਣ ਕੇ ਹੀ ਸਿੱਖਿਆ ਏ।“ਇਸ ਤਰ੍ਹਾਂ ਬਰੈਂਪਟਨ ਵਿਚ ਬਜ਼ੁਰਗਾਂ ਨੂੰ ਕੰਪਿਊਟਰ ਦੀ ਸਿਖਲਾਈ ਦੇਣਾ ਪੰਨੂੰ ਸਾਹਿਬ ਲਈ ‘ਬੁੱਢੇ ਤੋਤੇ ਪੜ੍ਹਾਉਣ’ ਵਾਲੀ ਗੱਲ ਸੀ ਜਿਸ ਵਿਚ ਉਹ ਪੂਰੇ ਕਾਮਯਾਬ ਹੋਏ।

ਪੰਨੂੰ ਸਾਹਿਬ ਬਾਰੇ ਹਰੇਕ ਦਾ ਆਪੋ-ਆਪਣਾ ਨਜ਼ਰੀਆ ਹੈ ਪਰ ਮੇਰੀ ਨਜ਼ਰ ਵਿਚ ਕਿਰਪਾਲ ਸਿੰਘ ਪੰਨੂੰ ਕੰਪਿਊਟਰ ਦੀ ‘ਨਾੜ-ਨਾੜ’ ਦੇ ਵਾਕਿਫ਼ ਹਨ ਅਤੇ ਉਹਉਸ ਦੀ ‘ਨਬਜ਼’ ਟੋਹ ਕੇ ਹੀ ਬੀਮਾਰੀ ਲੱਭਣ ਤੇ ਉਸ ਨੂੰ ਠੀਕ ਕਰਨ ਵਾਲੇ ‘ਵੈਦ’ ਹਨ।ਉਨ੍ਹਾਂ ਦੀ ਇਸ ਤਕਨੀਕੀ ਵਿਦਵਤਾ ਦਾ ਕਾਇਲ ਮੈਂ ਕਈ ਵਾਰਫ਼ਾਇਦਾ ਉਠਾ ਚੁੱਕਾ ਹਾਂ। ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਗੁਰਬਾਣੀ ਦੀ ਕਿਸੇ ‘ਤੁਕ’ ਜਾਂ ‘ਸ਼ਬਦ’ ਬਾਰੇ ਜਦੋਂ ਮੈਨੂੰ ਕੋਈ ਮੁਸ਼ਕਲ ਪੇਸ਼ ਆਏ ਤਾਂ ਮੈਂ ਗੁਰਬਾਣੀ ਦੇ ਗਿਆਤਾ ਤੇ ਖੋਜੀ ਵਿਦਵਾਨ ਪੂਰਨ ਸਿੰਘ ਪਾਂਧੀ ਹੋਰਾਂ ਨੂੰ ਫ਼ੋਨ ਕਰਕੇ ਉਸ ਦਾ ਹੱਲ ਪੁੱਛਦਾ ਹਾਂ ਅਤੇ ਜਦੋਂ ਮੇਰੇ ਲੈਪਟੌਪ ਦੀ ਕੋਈ ‘ਕੁੰਜੀ’ ਢਿੱਲੀ ਹੋ ਜਾਏ ਤਾਂ ਝੱਟਪੱਟ ਪੰਨੂੰ ਸਾਹਿਬ ਦੇ ਫ਼ੋਨ ਦੀ ਘੰਟੀ ਖੜਕਾਉਂਦਾ ਹਾਂ। ਬਹੁਤੀ ਵਾਰ ਤਾਂ ਮੇਰਾ ਮਸਲਾ ਫ਼ੋਨ ‘ਤੇ ਹੀ ਹੱਲ ਹੋ ਜਾਂਦਾ ਹੈ, ਕਿਉਂਕਿ ਪੰਨੂੰ ਸਾਹਿਬ ਮੇਰਾ ਲੈਪਟੌਪ ਇੰਟਰਨੈੱਟ ਰਾਹੀਂ ਆਪਣੇ ਕੰਪਿਊਟਰ ਨਾਲ ਜੋੜ ਲੈਂਦੇ ਹਨ ਅਤੇ ਕਹਿੰਦੇ ਹਨ, “ਝੰਡ, ਤੂੰ ਹੁਣ ਏਥੇ ਜਾਹ। ਏਥੇ ਤੈਨੂੰ ਆਹ ‘ਡੱਬੀ ਜਿਹੀ’ ਦਿਸੇਗੀ ਤੇ ਇਸ ਵਿੱਚੋਂ ਇਸ ਲਾਈਨ ਨੂੰ ‘ਕਾਪੀ’ ਕਰਕੇ ਫਲਾਣੀ ਥਾਂ ‘ਤੇ ‘ਪੇਸਟ’ ਕਰ ਦੇ। ਤੇਰਾ ਮਸਲਾ ਆਪਣੇ ਆਪ ਹੱਲ ਹੋ ਜਾਏਗਾ।“ ... ਤੇ ਇਹ ‘ਹੱਲ’ ਵੀ ਹੋਜਾਂਦਾ ਹੈ। ਪਰ ਕਦੇ ਕਦੇ ਕੋਈ ਮਸਲਾ ‘ਵੱਡਾ’ ਹੋਣ ਕਰਕੇ‘ਰੋਗੀ’ ਨੂੰ ਨਿੱਜੀ ਤੌਰ ‘ਤੇ ਵੀ ‘ਵੈਦ’ ਕੋਲ ਜਾਣਾ ਪੈਂਦਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ‘ਭਾਈ ਗੁਰਦਾਸ ਲਾਇਬ੍ਰੇਰੀ’ ਵਿਚ 32 ਸਾਲ ਸੇਵਾ ਨਿਭਾਉਣ ਤੋਂ ਬਾਅਦ 2010 ਦੇ ਅਕਤੂਬਰ ਮਹੀਨੇ ਦੇ ਅਖ਼ੀਰ ਵਿਚ ਮੈਂ ਇੱਥੇ ਬਰੈਂਪਟਨ ਆਪਣੇ ਬੇਟੇ ਕੋਲ ਆਇਆ।ਨੌਕਰੀ ਦੌਰਾਨ ਕੰਪਿਊਟਰ ‘ਤੇ ਅੰਗਰੇਜ਼ੀ ਵਿਚ ਟਾਈਪ ਕਰਨ, ਈ-ਮੇਲ ਤੇ ਇਸ ਉੱਪਰ ਹੋਰ ਛੋਟੇ-ਮੋਟੇ ਕੰਮ ਕਰਨ ਦਾ ਤਜਰਬਾ ਤਾਂ ਪਹਿਲਾਂ ਹੀ ਹਾਸਲ ਸੀ ਪਰ ਪੰਜਾਬੀ ਵਿਚ ਟਾਈਪ ਕਰਨਾ ਮੈਨੂੰ ਬਿਲਕੁਲ ਨਹੀਂ ਆਉਂਦਾ ਸੀ। ਦਰਅਸਲ, ਇਸ ਦੀ ਉਦੋਂ ਉੱਥੇ ਲੋੜ ਹੀ ਨਾ ਪਈ, ਕਿਉਂਕਿ ਦਫ਼ਤਰ ਵਿਚ ਦੋ ਪੰਜਾਬੀ ਟਾਈਪਿਸਟ ਮੌਜੂਦ ਸਨਜਿਨ੍ਹਾਂ ਨੇ ਬੜੀ ਆਸਾਨੀ ਨਾਲ ਕੰਪਿਊਟਰ ‘ਤੇ ਟਾਈਪ ਕਰਨਾ ਸਿੱਖ ਲਿਆ ਸੀ ਤੇ ਮੇਰੇ ਵੱਲੋਂ ਪੰਜਾਬੀ ਵਾਲਾ ਕੰਮ-ਕਾਜ ਉਨਾਂ ਕੋਲੋਂ ਹੀ ਕਰਵਾ ਲਿਆ ਜਾਂਦਾ ਸੀ। ਅਪ੍ਰੈਲ 2011 ਵਿਚ ਪੰਜਾਬੀ ਲੇਖਕ ਬਲਬੀਰ ਸਿੰਘ ਮੋਮੀ ਹੋਰਾਂ ਦੀ ਵਾਕਫ਼ੀਅਤ ਸਦਕਾਇੱਥੇ ‘ਸਿੱਖ ਸਪੋਕਸਮੈਨ’ ਅਖ਼ਬਾਰ ਵਿਚ ਕੰਮ ਕਰਨ ਦਾ ਅਵਸਰ ਮਿਲ ਗਿਆ ਪਰਇੱਥੇ ਪੰਜਾਬੀ ਵਿਚ ਟਾਈਪਿੰਗ ਤੋਂ ਬਿਨਾਂ ਕੰਮ ਚੱਲਣਾਮੁਸ਼ਕਲ ਸੀ। ਮੋਮੀ ਸਾਹਿਬ ਦੀ ਅਗਵਾਈ ‘ਚ ਹਫ਼ਤੇ ਵਿਚ ਮੈਂ ਪੰਜਾਬੀ ਵਿਚ ਹੌਲ਼ੀ-ਹੌਲ਼ੀ ਡੀ.ਆਰ. ਚਾਤ੍ਰਿਕ ਫ਼ੌਂਟਸ ਵਿਚ ਟਾਈਪ ਕਰਨ ਲੱਗ ਪਿਆ। ਦੋ-ਤਿੰਨ ਹਫ਼ਤਿਆਂ ਵਿਚ ਹੱਥ ਵਾਹਵਾ ਈ ਰਵਾਂ ਹੋ ਗਿਆ ਤੇ ਮੈਂ ਆਪਣੇ ਲੈਪਟੌਪ ‘ਤੇ ਆਪਣੇ ਆਰਟੀਕਲ ਤੇ ਖ਼ਬਰਾਂ ਸਿੱਧੀਆਂ ਹੀ ਟਾਈਪ ਕਰਕੇ ਆਪਣੇ ਅਖ਼ਬਾਰ ਦੇ ਸੰਪਾਦਕ ਨੂੰ ਭੇਜਣ ਲੱਗ ਪਿਆ।

ਇਸ ਵਿਚਾਲੇ ਫੇਸਬੁੱਕ ‘ਤੇ ਵੀ ਕਿਸੇ ਦੋਸਤ ਕੋਲੋਂ ਆਪਣਾ ਅਕਾਊਂਟ ਖੁਲ੍ਹਵਾ ਲਿਆ। ਇੱਥੇ ਅੰਗਰੇਜ਼ੀ ਵਿਚ ਤਾਂ ‘ਕੁਮੈਂਟ-ਸ਼ਮੈਂਟ’ ਆਰਾਮ ਨਾਲ ਚੱਲਦੇ ਰਹੇ ਪਰ ਪੰਜਾਬੀ ਵਿਚ ਟਾਈਪ ਕਰਨ ‘ਤੇ ‘ਲੈਪਟੌਪ’ ਇਹ ਮੰਨਣ ਤੋਂ ਪੂਰੀ ਤਰ੍ਹਾਂ ਸਿਰ ਫੇਰ ਗਿਆ। ਕਿਸੇ ਦੋਸਤ ਦੇ ਮਸ਼ਵਰੇ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਗੁਰਮੁਖੀ ਅੰਗਰੇਜ਼ੀ ਕਨਵਰਟਰ’ ਦੀ ਸਹਾਇਤਾ ਨਾਲ ਡੀ.ਆਰ. ਚਾਤ੍ਰਿਕ ਫੌਂਟਸ ‘ਚ ਲਿਖੇ ਕੁਮੈਂਟਾਂ ਨੂੰ ‘ਕਨਵਰਟਰ’ ‘ਤੇ ਚਾੜ੍ਹ ਕੇ ‘ਯੂਨੀਕੋਡ’ ਵਿਚ ਬਦਲਣ ਤੋਂ ਬਾਅਦ ਇਹ ਕੁਮੈਂਟ ਫੇਸਬੁੱਕ ‘ਤੇ ਪਾਉਂਦਾ ਜਿਸ ਦੇ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਤੇ ਇਸ ਦੇ ਲਈ ਸਮਾਂ ਵੀ ਲੱਗਦਾ। ਫਿਰ ਅਚਾਨਕ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇਹ‘ਕਨਵਰਟਰ’ਇੰਟਰਨੈੱਟ ਤੋਂ ਗਾਇਬ ਹੋ ਗਿਆ। ਆਪਣੀ ਮੁਸ਼ਕਲ ਮੈਂ ਪੰਨੂੰ ਸਾਹਿਬ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਅੱਗੋਂ ਫਰਮਾਇਆ, “ਝੰਡ ਯਾਰ, ਤੂੰ ਸਿਆਣਾ-ਬਿਆਣਾ ਬੰਦਾ ਕਿਹੜੇ ਯੱਬ ‘ਚ ਫਸਿਆ ਫਿਰਦਾਂ। ਛੱਡ ਖਹਿੜਾ ਹੁਣ ਡੀ.ਆਰ. ਚਾਤ੍ਰਿਕ ਫੌਂਟਸ ਦਾ ਤੇ ਸਿੱਧਾ ‘ਯੂਨੀਕੋਡ’ ਵੱਲ ਆ।“ ਉਨ੍ਹਾਂ ਮੇਰੇ ਲੈਪਟੌਪ ‘ਤੇ ਯੂਨੀਕੋਡ ਵਾਲਾ ਆਪਣਾ ਪ੍ਰੋਗਰਾਮ ‘ਡਾਊਨਲੋਡ’ ਕਰ ਦਿੱਤਾ ਅਤੇ ਇਸ ਨੂੰ ਚਲਾਉਣ ਦਾ ‘ਵੱਲ’ ਵੀ ਸਿਖਾ ਦਿੱਤਾ। ਇਸ ਪ੍ਰੋਗਰਾਮ ਵਿਚ ਟਾਈਪ ਕਰਨਾ ਮੁਸ਼ਕਲ ਤਾਂ ਨਹੀਂ ਸੀ ਪਰ ਇਸ ਵਿਚ ਪਹਿਲਾਂ ਵਾਲੇ ਡੀ.ਆਰ. ਫੌਂਟਸ ਨਾਲੋਂ ਕੁਝ ਵਖਰੇਵੇਂ ਵੀ ਸਨ ਜੋ ਹੌਲ਼ੀ-ਹੌਲ਼ੀ ਸਮਝ ਵਿਚ ਆ ਗਏ। ਬਾਕੀ ਅੱਖਰ ਤਾਂ ਆਰਾਮ ਨਾਲ ਹੀ ਟਾਈਪ ਹੋ ਜਾਂਦੇ ਸਨ ਪਰ ਊੜਾ,ਐੜਾ ਤੇ ਈੜੀ ਟਾਈਪ ਕਰਨ ਵਿਚ ਦਿੱਕਤ ਆਈ ਤੇ ਖ਼ਾਸ ਕਰਕੇ ਈੜੀ ਨੂੰ ਸਿਹਾਰੀ ਤੇ ਬਿਹਾਰੀ ਲਾਉਣ ਵਿਚ ਹੋਰ ਵੀ ਮੁਸ਼ਕਲਆਈ ਜੋ ਪੰਨੂੰ ਸਾਹਿਬ ਨੇ ਬਾਅਦ ਵਿਚ ਹੱਲ ਕੀਤੀ।

ਹੁਣ ‘ਯੂਨੀਕੋਡ’ ਵਿਚ ਬੜੇ ਆਰਾਮ ਨਾਲ ਟਾਈਪ ਕਰ ਲਈਦਾ ਹੈ ਤੇ ਕੋਈ ਪ੍ਰੇਸ਼ਾਨੀ ਨਹੀਂ ਹੈ। ਜੇਕਰ ਕੋਈ ਮੁਸ਼ਕਲ ਆ ਵੀ ਜਾਏ ਤਾਂ ਪੰਨੂੰ ਸਾਹਿਬ ਹੈਗੇ ਆ,ਉਸ ਨੂੰ ਹੱਲ ਕਰਨ ਲਈ। ਇਸ ਤਰ੍ਹਾਂ ਉਹ ਕੰਪਿਊਟਰ ਸਬੰਧੀ ਆਉਣਵਾਲੀ ਮੇਰੀ ਹਰੇਕ ਅੜਚਣ ਨੂੰ ਦੂਰ ਕਰਦੇ ਹਨ। ਕੇਵਲ ਮੇਰੀ ਹੀ ਨਹੀਂ, ਉਹ ਹਰੇਕ ਦੀ ਕੰਪਿਊਟਰ ਸਬੰਧੀ ਹਰੇਕ ‘ਬੀਮਾਰੀ’ਦੇ ‘ਵੈਦ’ ਹਨ।

ਏਸੇ ਲਈ ਤਾਂ ਮੈਂ ਕਹਿੰਦਾ ਹਾਂ :

        “ਆ ਗਿਆ ‘ਪੰਨੂੰ ਵੈਦ’ ਕੰਪਿਊਟਰ ਰੋਗੀਆਂ ਦਾ ...”

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ ਪੇਂਡੂ ਵੋਟਰੋ ਲੋਕ ਸੇਵਾ ਵਾਲੇ ਪੜ੍ਹੇ ਲਿਖੇ ਸਰਪੰਚ/ਪੰਚ ਚੁਣੋ! ਪ੍ਰੋ. ਕੁਲਬੀਰ ਸਿੰਘ ਦੇ ਟੋਰਾਂਟੋ ਆਉਣ `ਤੇ -- ਮੀਡੀਆ ਅਤੇ ਖੇਡਾਂ ਤੇ ਖਿਡਾਰੀ: ਪ੍ਰੋ. ਕੁਲਬੀਰ ਸਿੰਘ