ਚੰਡੀਗੜ੍ਹ, 30 ਅਗਸਤ (ਪੋਸਟ ਬਿਊਰੋ): ਓਲੰਪੀਅਨ ਵਿਨੇਸ਼ ਫੋਗਾਟ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਓਲੰਪਿਕ 2024 ਵਿੱਚ ਤਮਗਾ ਜਿੱਤਣ ਤੋਂ ਖੁੰਝੀ ਵਿਨੇਸ਼ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਨਾ ਹੀ ਨਹੀਂ ਵਿਨੇਸ਼ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਵੱਲੋਂ ਵੀ ਸਨਮਾਨਿਤ ਕੀਤਾ ਗਿਆ। ਵਿਨੇਸ਼ ਨੂੰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਵਿਨੇਸ਼ ਨੇ ਦਰਬਾਰ ਸਾਹਿਬ ਪਹੁੰਚ ਕੇ ਕਿਹਾ ਕਿ ਇੱਥੇ ਆਉਣਾ ਉਸ ਦਾ ਸੁਪਨਾ ਸੀ, ਜੋ ਅੱਜ ਪੂਰਾ ਹੋ ਗਿਆ ਹੈ। ਉਹ ਹਮੇਸ਼ਾ ਇੱਥੇ ਆਉਣਾ ਚਾਹੁੰਦੀ ਸੀ। ਗੁਰੂ ਸਾਹਿਬ ਨੇ ਅੱਜ ਉਸ ਨੂੰ ਬੁਲਾਇਆ ਤਾਂ ਉਹ ਪਹੁੰਚ ਗਈ। ਉਨ੍ਹਾਂ ਨੇ ਆਪਣੇ ਸਾਰੇ ਪ੍ਰਸੰਸਕਾਂ ਦੀ ਤੰਦਰੁਸਤੀ ਲਈ ਅਰਦਾਸ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਮਾਤਮਾ ਨੇ ਹੁਣ ਤੱਕ ਉਸ ਨੂੰ ਸਹੀ ਦਿਸ਼ਾ ਦਿਖਾਈ ਹੈ, ਉਸੇ ਤਰ੍ਹਾਂ ਉਹ ਉਸ ਨੂੰ ਅੱਗੇ ਵੀ ਸਹੀ ਦਿਸ਼ਾ ਦਿਖਾਉਂਦੇ ਰਹਿਣ ਅਤੇ ਉਹ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਿਣ।
ਵਿਨੇਸ਼ ਨੇ ਆਪਣੇ ਪਰਿਵਾਰ ਨਾਲ ਦਰਬਾਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਦੇ ਪਤੀ ਸੋਮਵੀਰ ਰਾਠੀ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਮੱਥਾ ਟੇਕਿਆ। ਉਨ੍ਹਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਕੁਝ ਸਮਾਂ ਬੈਠ ਕੇ ਕੀਰਤਨ ਵੀ ਸਰਵਣ ਕੀਤਾ।