-ਜਤਿੰਦਰ ਪਨੂੰ
ਅਸੀਂ ਇਸ ਹਫਤੇ ਭਾਰਤ ਦਾ ਇੱਕ ਹੋਰ ਆਜ਼ਾਦੀ ਦਿਵਸ ਮਨਾਇਆ ਜਾਂਦਾ ਵੇਖਿਆ ਹੈ। ਇਹ ਗੱਲ ਆਪਣੀ ਥਾਂ ਹੈ ਕਿ ਅਜੇ ਤੱਕ ਕਈ ਲੋਕ ਇਸ ਦੇਸ਼ ਨੂੰ ਆਜ਼ਾਦ ਹੋਇਆ ਨਹੀਂ ਮੰਨਦੇ ਅਤੇ ਪਿੰਡਾਂ ਵਿੱਚ ਕਈ ਬਜ਼ੁਰਗ ਮਿਲਦੇ ਹਨ, ਜਿਹੜੇ ਕਹਿ ਦੇਂਦੇ ਹਨ ਕਿ ਇਸ ਨਾਲੋਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ।ਏਦਾਂ ਦੀਆਂ ਗੱਲਾਂ ਉਨ੍ਹਾਂ ਸਿੱਧੜ ਲੋਕਾਂ ਦੀ ਆਪੋ-ਆਪਣੀ ਸੋਚ ਜਾਂ ਰਾਜਨੀਤਕ ਕਾਰਨਾਂ ਕਰ ਕੇ ਬਣੀ-ਬਣਾਈ ਧਾਰਨਾ ਦਾ ਪ੍ਰਗਟਾਵਾ ਹੋਣਗੀਆਂ, ਭਾਰਤ ਨੂੰ ਅੰਗਰੇਜ਼ਾਂ ਦੇ ਜਾਣ ਵੇਲੇ ਅਜ਼ਾਦੀ ਮਿਲ ਗਈ ਹੋਣਾ ਇੱਕ ਇਤਹਾਸਕ ਸੱਚਾਈ ਹੈ। ਕਹਿਣ ਵਜੋਂਭਾਰਤੀ ਪਾਰਲੀਮੈਂਟ ਦੀ ਇੱਕ ਮੈਂਬਰ ਕੁੜੀ ਇਹ ਵੀ ਕਹਿੰਦੀ ਹੈ ਕਿ ਅਸਲੀ ਆਜ਼ਾਦੀ ਉਸ ਦਿਨ ਨਸੀਬ ਹੋਈ ਸੀ, ਜਿਸ ਦਿਨ ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਕਿਹੜਾ ਕਿਸੇ ਨੇੂ ਰੋਕ ਦੇਣਾ ਹੈ। ਏਦਾਂ ਕਈ ਹੋਰ ਲੋਕ ਆਪੋ-ਆਪਣੀ ਗੱਲ ਕਹਿਦੇਂਦੇ ਹਨ। ਆਮ ਬੰਦੇ ਨੂੰ ਏਦਾਂ ਦੀਆਂ ਗੱਲਾਂ ਨਾਲ ਮਤਲਬ ਨਹੀਂ, ਜਿ਼ੰਦਗੀ ਦੀਆਂ ਲੋੜਾਂ ਦੀ ਪੂਰਤੀ ਨਾਲ ਮਤਲਬ ਹੈ। ਦੇਸ਼ ਦੇ ਗਰੀਬੀ ਮਾਰੇ ਲੋਕਾਂ ਦੀ ਇਹ ਆਸ ਲੰਮਾਂ ਸਮਾਂ ਰਾਜ ਕਰਦੀ ਰਹੀ ਕਾਂਗਰਸ ਪਾਰਟੀ ਵੀ ਪੂਰੀ ਨਹੀਂ ਸੀ ਕਰ ਸਕੀ ਅਤੇ ਉਸ ਦੀ ਥਾਂ ਲੈਣ ਵਾਲੀਆਂ ਧਿਰਾਂ ਵਿੱਚੋਂ ਅਜੋਕੀ ਮੁੱਖ ਧਿਰ ਭਾਜਪਾ ਵੀ ਆਸ ਪੂਰੀ ਨਹੀਂ ਕਰ ਸਕੀ। ਇਸ ਦੇ ਬਾਵਜੂਦ ਭਾਰਤ ਦੇ ਲੋਕ ਹਰ ਸਾਲ ਇਸ ਦਿਨ ਨੂੰ ਉਡੀਕਦੇ ਹਨ, ਪਰ ਇਹ ਦਿਨ ਕੋਈ ਕ੍ਰਿਸ਼ਮਾ ਵਿਖਾਉਣ ਵਾਲਾ ਕਦੇ ਵੀ ਨਹੀਂ ਬਣ ਸਕਿਆ ਅਤੇ ਇਸ ਵਾਰੀ ਫਿਰ ਰਸਮ ਪੂਰਤੀ ਜਿਹੀ ਕਰ ਕੇ ਖਹਿੜਾ ਛੁਡਾ ਗਿਆ ਜਾਪਦਾ ਹੈ।
ਜਿਹੜੀ ਵੱਖਰੀ ਗੱਲ ਇਸ ਵਾਰੀ ਹੋਈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਲ ਕਿਲ੍ਹੇ ਦੀ ਦੀਵਾਰ ਤੋਂ ਖੜੋ ਕੇ ਦਿੱਤੇ ਭਾਸ਼ਣ ਦਾ ਵੱਖਰਾਪਣ ਸੀ, ਜਿਹੜਾ ਕੋਈ ਆਸ ਬੰਨ੍ਹਾਉਣ ਵਾਲਾ ਹੋਣ ਦੀ ਥਾਂਉਲਟਾ ਆਮ ਲੋਕਾਂ ਨੂੰ ਭੁਚਲਾਵੇ ਦੇਣ ਵਾਲਾ ਲੱਗਦਾ ਸੀ। ਰਸਮੀ ਭਾਸ਼ਣਾਂ ਤੋਂ ਵੱਖਰੇ ਰੰਗ ਵਿੱਚ ਦਿੱਤੇ ਇਸ ਭਾਸ਼ਣ ਵਿੱਚ ਜਿਹੜੇ ਖਾਸ ਨੁਕਤੇ ਉਨ੍ਹਾਂ ਨੇ ਛੋਹੇ, ਉਨ੍ਹਾਂ ਦੀ ਚਰਚਾ ਮੀਡੀਏ ਵਿੱਚ ਵੀ ਹੋਈ ਹੈ ਤੇ ਰਾਜਨੀਤਕ ਅਤੇ ਸਮਾਜੀ ਪਿੜ ਵਿੱਚ ਵੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਮੁੱਦਾ ਫਿਰ ਉਹੀ ਛੋਹਿਆ, ਜਿਹੜਾ ਪਹਿਲਾਂ ਅਟਲ ਬਿਹਾਰੀ ਵਾਜਪਾਈ ਤੇ ਉਨ੍ਹਾਂ ਦੇ ਸਾਥੀ ਹੋਰਨਾਂ ਲੀਡਰਾਂ ਲਈ ਮਨ-ਭਾਉਂਦਾ ਮੁੱਦਾ ਹੋਇਆ ਕਰਦਾ ਸੀ ਤੇ ਫਿਰ ਮੌਕਾ ਮੁਨਾਸਬ ਵੇਖਦੇ ਸਾਰ ਨਰਿੰਦਰ ਮੋਦੀ ਪਿਛਲੇ ਦਸਾਂ ਸਾਲਾਂ ਤੋਂ ਚੁੱਕਦੇ ਰਹੇ ਸਨ। ਇਹ ਮੁੱਦਾ ਭਾਰਤੀ ਰਾਜਨੀਤੀ ਵਿੱਚ ਪਰਵਾਰਵਾਦੀ ਪਹੁੰਚ ਤੇ ਰਿਵਾਇਤ ਬਾਰੇ ਸੀ। ਲੋਕਤੰਤਰੀ ਪੱਖੋਂ ਵੇਖਿਆ ਜਾਵੇ ਤਾਂ ਇਹ ਗੱਲ ਹਰ ਕੋਈ ਕਹੇਗਾ ਕਿ ਸਿਆਸੀ ਖੇਤਰ ਨਾਲ ਜੁੜੇ ਤੇ ਰਾਜ ਸੁਖ ਮਾਣਦੇ ਆਏ ਪਰਵਾਰਾਂ ਦੇ ਲੋਕ ਹੀ ਵਾਰ-ਵਾਰ ਅੱਗੇ ਨਹੀਂ ਆਉਣੇ ਚਾਹੀਦੇ, ਪਿਤਾ-ਪੁਰਖੀ ਪਹੁੰਚ ਦੀ ਥਾਂ ਉਨ੍ਹਾਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ, ਜਿਹੜੇ ਸਮਾਜ-ਸੇਵਾ ਅਤੇ ਆਪਣੀ ਮਿਹਨਤ ਦੇ ਸਦਕਾ ਲੋਕਾਂ ਵਿੱਚ ਸਤਿਕਾਰ ਵਾਲੀ ਥਾਂ ਬਣਾ ਸਕਦੇ ਹੋਣ। ਅਮਲ ਵਿੱਚ ਏਦਾਂ ਨਹੀਂ ਹੁੰਦਾਅਤੇ ਇਹ ਰੋਗ ਰਾਜਨੀਤਕ ਪੱਖੋਂ ਸਿਰਫ ਉਨ੍ਹਾਂ ਪਾਰਟੀਆਂ ਤੱਕ ਸੀਮਤ ਨਹੀਂ, ਜਿਨ੍ਹਾਂ ਨੂੰ ਨਰਿੰਦਰ ਮੋਦੀ ਸਾਹਿਬ ਨਿਸ਼ਾਨੇ ਉੱਤੇ ਰੱਖ ਲੈਂਦੇ ਹਨ। ਏਦਾਂ ਦੇ ਬਹੁਤ ਸਾਰੇ ਲੋਕ ਭਾਜਪਾ ਵਿੱਚ ਵੀ ਬੈਠੇ ਹਨ, ਜਿਹੜੇ ਪਰਵਾਰਵਾਦ ਦਾ ਪ੍ਰਤੀਕ ਹਨ। ਮਿਸਾਲ ਵਜੋਂ ਗਵਾਲੀਅਰ ਰਾਜ ਘਰਾਣੇ ਦੀ ਮਹਾਰਾਣੀ ਵਿਜੇ ਰਾਜੇ ਸਿੰਧੀਆ ਕਿਸੇ ਸਮੇਂ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਤੇ ਹੋਰ ਆਗੂਆਂ ਨਾਲ ਮਿਲ ਕੇ ਭਾਜਪਾ ਦਾ ਮੁੱਢ ਬੰਨ੍ਹਣ ਵਾਲਿਆਂ ਵਿੱਚੋਂ ਸੀ। ਉਹ ਪਾਰਲੀਮੈਂਟ ਮੈਂਬਰ ਵੀ ਕੁਝ ਵਾਰ ਬਣਦੀ ਰਹੀ। ਉਸ ਦੇ ਪੁੱਤਰ ਮਾਧਵ ਰਾਓ ਸਿੰਧੀਆ ਨੂੰ ਕੇਂਦਰ ਦਾ ਮੰਤਰੀ ਰਾਜੀਵ ਗਾਂਧੀ ਨੇ ਬਣਾਇਆ, ਪਰ ਧੀ ਨੂੰ ਮਹਾਰਾਣੀ ਦੇ ਜਿਉਂਦੇ ਜੀਅ ਅਟਲ ਬਿਹਾਰੀ ਵਾਜਪਾਈ ਸਰਕਾਰ ਵੇਲੇ ਕੇਂਦਰੀ ਮੰਤਰੀ ਭਾਜਪਾ ਨੇ ਬਣਾਇਆ ਸੀ। ਫਿਰ ਉਹ ਰਾਜਸਥਾਨ ਦੀ ਦੋ ਵਾਰੀ ਮੁੱਖ ਮੰਤਰੀ ਬਣੀ ਤੇ ਅੱਗੋਂ ਉਸ ਦਾ ਪੁੱਤਰ ਵੀ ਪਾਰਲੀਮੈਂਟ ਮੈਂਬਰ ਬਣਿਆ ਸੀ। ਵਸੁੰਧਰਾ ਦਾ ਭਤੀਜਾ ਜਿਉਤਿਰਾਦਿੱਤਿਆ ਸਿੰਧੀਆ ਕਾਂਗਰਸ ਦਾ ਆਗੂ ਹੁੰਦਾ ਸੀ, ਉਸ ਨੂੰ ਓਧਰੋਂ ਭਾਜਪਾ ਵਿੱਚ ਨਰਿੰਦਰ ਮੋਦੀ ਸਾਹਿਬ ਦੀ ਟੀਮ ਨੇ ਖਿੱਚ ਕੇ ਲਿਆਂਦਾ ਅਤੇ ਜਿਹੜੇ ਭਾਜਪਾ ਆਗੂ ਨੇ ਉਸ ਨੂੰ ਚੋਣਾਂ ਵਿੱਚ ਹਰਾਇਆ ਸੀ, ਉਸ ਨੂੰ ਪਾਸੇ ਧੱਕ ਕੇ ਉਹੀ ਸੀਟ ਜਿਉਤਿਰਾਦਿੱਤਿਆ ਸਿੰਧੀਆ ਨੂੰ ਮੋਦੀ ਦੀ ਅਗਵਾਈ ਵਿੱਚ ਭਾਜਪਾ ਲੀਡਰਸਿ਼ਪ ਨੇ ਦੇ ਦਿੱਤੀ ਹੈ। ਭਾਜਪਾ ਅੰਦਰ ਪਰਵਾਰਵਾਦ ਦੀਆਂ ਏਦਾਂ ਦੀਆਂ ਕਈ ਮਿਸਾਲਾਂ ਹਨ, ਪਰ ਨਰਿੰਦਰ ਮੋਦੀ ਨੂੰ ਇਹ ਪਰਵਾਰਵਾਦ ਬਿਲਕੁਲ ਨਹੀਂ ਰੜਕਦਾ।
ਦੂਸਰਾ ਮੁੱਦਾ ਉਨ੍ਹਾਂ ਨੇ ਔਰਤਾਂ ਨਾਲ ਜਿ਼ਆਦਤੀਆਂ ਦਾ ਇਸ ਤਰੀਕੇ ਨਾਲ ਉਭਾਰਿਆ ਕਿ ਸਭ ਨੂੰ ਸਪੱਸ਼ਟ ਦਿੱਸ ਪਿਆ ਕਿ ਇਸ਼ਾਰਾ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਹੋਈ ਘਟਨਾ ਵੱਲ ਹੈ। ਉਹ ਘਟਨਾ ਹੈ ਵੀ ਅੱਤ ਦੀ ਵਹਿਸ਼ਤ ਤੇ ਬਦਮਾਸ਼ੀ ਦੀ ਪ੍ਰਤੀਕ ਅਤੇ ਉਸ ਦੇ ਖਿਲਾਫ ਇਸ ਦੇਸ਼ ਦੇ ਲੋਕਾਂ ਦਾ ਰੋਹ ਬਿਲਕੁਲ ਜਾਇਜ਼ ਹੈ। ਮਮਤਾ ਬੈਨਰਜੀ ਦੀ ਸਰਕਾਰ ਇਸ ਮੁੱਦੇ ਨੂੰ ਉਸ ਗੰਭੀਰਤਾ ਨਾਲ ਵੇਲੇ ਸਿਰ ਨਹੀਂ ਲੈ ਸਕੀ ਜਾਪਦੀ, ਜਿਸ ਨਾਲ ਲਿਆ ਜਾਣਾ ਬਣਦਾ ਸੀ ਤੇ ਇਸ ਗੱਲ ਲਈ ਸਾਰੇ ਭਾਰਤ ਦੀ ਇੱਕ ਰਾਏ ਹੈ, ਜਿਹੜੀ ਹੋਣੀ ਵੀ ਚਾਹੀਦੀ ਹੈ। ਤਸਵੀਰ ਦਾ ਦੂਸਰਾ ਪੱਖ ਇਹ ਹੈ ਕਿ ਜਦੋਂ ਉੱਤਰ ਪ੍ਰਦੇਸ਼ ਦੇ ਉਨਾਉ ਜਿ਼ਲੇ ਵਿੱਚ ਇਹੋ ਜਿਹੀ ਘਟਨਾ ਵਾਪਰੀ, ਸਾਰੇ ਕਾਂਡ ਦਾ ਮੁੱਖ ਦੋਸ਼ੀ ਭਾਜਪਾ ਦਾ ਆਪਣਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਸੀ, ਓਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਬਾਰੇ ਚੁੱਪ ਰੱਖੀ ਸੀ ਤੇ ਫਿਰ ਉਹ ਮਾਮਲਾ ਅਦਾਲਤ ਦੇ ਹੁਕਮ ਉੱਤੇ ਉੱਤਰ ਪ੍ਰਦੇਸ਼ ਦੀ ਥਾਂ ਦਿੱਲੀ ਤਬਦੀਲ ਹੋਇਆ ਸੀ। ਕਾਂਗਰਸ ਦੇ ਡਾਕਟਰ ਮਨਮੋਹਨ ਸਿੰਘ ਦੇ ਰਾਜ ਵਿੱਚ ਦਿੱਲੀ ਵਿੱਚ ਨਿਰਭੈਆ ਕਾਂਡ ਮਗਰੋਂ ਸਾਰੇ ਦੇਸ਼ ਵਿੱਚ ਜਿੰਨਾ ਹੰਗਾਮਾ ਤੇ ਜਨਤਕ ਰੋਹ ਦਾ ਪ੍ਰਗਟਾਵਾ ਹੋਇਆ ਸੀ, ਉਸ ਦੇ ਬਾਅਦ ਅਗਲੀ ਵਾਰੀ ਓਸੇ ਪੱਧਰ ਦਾ ਰੋਸ ਪ੍ਰਗਟਾਵਾ ਸਾਰੇ ਭਾਰਤ ਵਿੱਚ ਉਸ ਉਨਾਉ ਵਾਲੇ ਕਾਂਡ ਦੇ ਖਿਲਾਫ ਵੇਖਿਆ ਗਿਆ। ਨਿਰਭੈਆ ਕਾਂਡ ਵਾਲੀ ਬਦਨਸੀਬ ਕੁੜੀ ਦੀ ਜਾਨ ਬਚਾਈ ਨਹੀਂ ਸੀ ਜਾ ਸਕੀ ਅਤੇ ਉਨਾਉ ਕਾਂਡ ਵਾਲੀ ਪੀੜਤ ਕੁੜੀ ਦਾ ਹਸ਼ਰ ਵੀ ਏਹੋ ਸੀ। ਕਾਂਗਰਸੀ ਰਾਜ ਸੀ ਜਾਂ ਭਾਜਪਾ ਦਾ, ਬਦਮਾਸ਼ੀ ਦੋਵਾਂ ਦੇ ਰਾਜ-ਪ੍ਰਬੰਧ ਵਿੱਚ ਹੋਈ ਅਤੇ ਬਾਅਦ ਵਿੱਚ ਵੀ ਹੋਣ ਤੋਂ ਕਦੀ ਨਹੀਂ ਰੁਕ ਸਕੀ। ਜਿਹੜੀ ਗੱਲ ਅਪਰਾਧੀਆਂ ਨੂੰ ਸਿਆਸਤ ਤੇ ਸਰਕਾਰ ਦੀ ਸਰਪ੍ਰਸਤੀ ਦੇਣ ਵਾਲੀ ਹੈ, ਉਹ ਜਿੰਨੀ ਉਨਾਉ ਕਾਂਡ ਵਿੱਚ ਵੇਖੀ ਗਈ, ਉਹ ਹੋਰ ਵੀ ਵੱਧ ਦੁਖੀ ਕਰਨ ਵਾਲੀ ਸੀ। ਜਿਸ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੰ ਅਦਾਲਤ ਨੇ ਉਸ ਜੁਰਮ ਵਾਸਤੇ ਮੁੱਖ ਦੋਸ਼ੀ ਮੰਨਿਆ, ਉਸ ਦੇ ਜੇਲ੍ਹ ਜਾਣ ਮਗਰੋਂ ਉਸ ਹਲਕੇ ਵਿੱਚ ਹੋਈ ਚੋਣ ਵਿੱਚ ਭਾਜਪਾ ਦੇ ਪੋਸਟਰਾਂ ਉੱਤੇ ਉਸ ਅਪਰਾਧੀਤੇ ਉਸ ਦੀ ਪਤਨੀ ਦੀ ਫੋਟੋ ਛਪੀ ਦਿਖਾਈ ਦੇਂਦੀ ਸੀ। ਏਦਾਂ ਦਾ ਘਿਨਾਉਣਾ ਅਪਰਾਧ ਕਰਨ ਵਾਲੇ ਬੰਦੇ ਦੇ ਫੋਟੋ ਵਿਖਾਂ ਕੇ ਲੋਕਾਂ ਦੀਆਂ ਵੋਟਾਂ ਲੈਣ ਦਾ ਭਾਜਪਾ ਲੀਡਰਸਿ਼ਪ ਦਾ ਦਾਅ ਕਿਸੇ ਨੂੰ ਸਮਝ ਨਹੀਂ ਆਇਆ। ਜਦੋਂ ਪ੍ਰਧਾਨ ਮੰਤਰੀ ਦੇਸ਼ ਦੀਆਂ ਹੋਰਨਾਂ ਰਾਜਸੀ ਧਿਰਾਂ ਜਾਂ ਲੀਡਰਾਂ ਵੱਲ ਨਿਸ਼ਾਨਾ ਸੇਧਦੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਕਰਨਾਟਕ ਦੇ ਜਿਸ ਛੋਕਰੇ ਉੱਤੇ ਤਿੰਨ ਹਜ਼ਾਰ ਦੇ ਕਰੀਬ ਔਰਤਾਂ ਅਤੇ ਕੁੜੀਆਂ ਦੀ ਜਿ਼ੰਦਗੀ ਬਰਬਾਦ ਕਰਨ ਦਾ ਦੋਸ਼ ਸੀ, ਲੋਕ ਸਭਾ ਚੋਣਾਂ ਮੌਕੇ ਉਸ ਦੇ ਹੱਕ ਵਿੱਚ ਵੋਟਾਂ ਲਈ ਅਪੀਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਕਿਉਂ ਗਏ ਸਨ ਤੇ ਇਹੋ ਜਿਹੇ ਵਿਗੜੇ ਛੋਕਰੇ ਦੀ ਗ੍ਰਿਫਤਾਰੀ ਪਿੱਛੋਂ ਉਸ ਦੇ ਬਾਪ ਨੂੰ ਨਵੀਂ ਬਣੀ ਕੇਂਦਰੀ ਸਰਕਾਰ ਦਾ ਮੰਤਰੀ ਲੈਣ ਦੀ ਕੀ ਲੋੜ ਪਈ ਸੀ!
ਤੀਸਰਾ ਨੁਕਤਾ ਉਨ੍ਹਾਂ ਨੇ ਫਿਰ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਇਸ ਨੂੰ ਰਾਜਸੀ ਲੀਡਰਾਂ ਦੀ ਸਰਪ੍ਰਸਤੀ ਦਾ ਚੁੱਕਿਆ ਹੈ ਅਤੇ ਇਹ ਗੱਲ ਲੋਕਾਂ ਦੀ ਚਰਚਾ ਦਾ ਵਿਸ਼ਾ ਵੀ ਹਮੇਸ਼ਾ ਤੋਂ ਹੈ। ਏਥੇ ਵੀ ਤਸਵੀਰ ਦਾ ਇੱਕ ਹੋਰ ਪੱਖ ਇਸ ਤੋਂ ਐਨ ਉਲਟ ਭਾਜਪਾ ਤੇ ਪ੍ਰਧਾਨ ਮੰਤਰੀ ਦੇ ਵਿਹਾਰ ਤੇ ਪਹੁੰਚ ਦਾ ਉੱਠਦਾ ਹੈ। ਭ੍ਰਿਸ਼ਟਾਚਾਰ ਕਰਨ ਦੀਆਂ ਜਿਹੜੀਆਂ ਵਿਲੱਖਣ ਮਿਸਾਲਾਂ ਪਿਛਲੇ ਵੀਹ ਸਾਲਾਂ ਵਿੱਚ ਨਵੇਂ ਉੱਠੇ ਦੇਸ਼ ਦੇ ਥੈਲੀ ਸ਼ਾਹ ਗੌਤਮ ਅਡਾਨੀ ਅਤੇ ਉਸ ਦੇ ਜੋੜੀਦਾਰਾਂ ਨੇ ਕਾਇਮ ਕਰ ਦਿੱਤੀਆਂ ਹਨ, ਉਨ੍ਹਾਂ ਦੇ ਨਾਲ ਤੁਲਨਾ ਕਰਨ ਵਾਲਾ ਇੱਕ ਵੀ ਹੋਰ ਚੈਪਟਰ ਭਾਰਤ ਦੇਸ਼ ਦੇ ਇਤਹਾਸ ਵਿੱਚ ਲੱਭਣਾ ਔਖਾ ਹੈ। ਹਿੰਡਨਬਰਗ ਦੀ ਇੱਕ ਰਿਪੋਰਟ ਪਹਿਲਾਂ ਆਈ ਅਤੇ ਦੂਸਰੀ ਪਿਛਲੇ ਦਿਨੀਂ ਆ ਗਈ ਹੈ, ਪਰ ਇਸ ਨਾਲ ਕੋਈ ਫਰਕ ਨਹੀਂ ਪਿਆ, ਕਿਉਂਕਿ ਜਿਹੜੇ ਕਾਰੋਬਾਰੀ ਉੱਤੇ ਭ੍ਰਿਸ਼ਟਾਚਾਰ ਕਰਨ ਤੇ ਭਾਰਤ ਦੀ ਜਿਸ ਏਜੰਸੀ ਉੱਤੇ ਬਾਜ਼ਾਰ ਵਿੱਚ ਚੌਕਸੀ ਰੱਖਣ ਵਾਲੀ ਜਿ਼ਮੇਵਾਰੀ ਨਿਭਾਉਣ ਦੀ ਥਾਂ ਭ੍ਰਿਸ਼ਟਾਚਾਰੀਆਂ ਨਾਲ ਮਿਲ ਕੇ ਇਹ ਖੇਡ ਨਿਰਵਘਨ ਚੱਲਦੀ ਰੱਖਣ ਦਾ ਦੋਸ਼ ਹੈ, ਉਨ੍ਹਾਂ ਦੀ ਪਿੱਠ ਉੱਤੇ ਕਿਹੜੀ ਹਸਤੀ ਹੈ, ਸਾਰੇ ਲੋਕ ਜਾਣਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਵਿੱਚ ਜਾ ਕੇ ਚੋਣ ਜਲਸਿਆਂ ਵਿੱਚ ਜਿਹੜੇ ਆਗੂ ਉੱਤੇ ਕਈ ਹਜ਼ਾਰ ਕਰੋੜ ਦੇ ਘਪਲੇ ਕਰਨ ਦਾ ਦੋਸ਼ ਲਾਇਆ ਸੀ, ਉਹ ਜਦੋਂ ਇਨ੍ਹਾਂ ਕੋਲ ਪਹੁੰਚ ਗਿਆ ਤਾਂ ਰਾਤੋ-ਰਾਤ ਮਹਾਰਾਸ਼ਟਰ ਵਿੱਚ ਭਾਜਪਾ ਵਾਲੇ ਗੱਠਜੋੜ ਦੀ ਸਰਕਾਰ ਦਾ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਸੀ। ਇਹੀ ਨਹੀਂ, ਜਿਹੜੇ ਕਈ ਕੇਸ ਉੱਥੇ ਚੱਲ ਰਹੇ ਸਨ, ਉਨ੍ਹਾਂ ਦੀਆਂ ਸਾਰੀਆਂ ਫਾਈਲਾਂ ਵੀ ਠੱਪ ਕਰ ਦਿੱਤੀਆਂ ਸਨ ਤਾਂ ਕਿਸ ਦੇ ਆਸ਼ੀਰਵਾਦ ਨਾਲ ਕੀਤੀਆਂ ਸਨ। ਮੀਡੀਆ ਕੁਝ ਕਹੇ ਜਾਂ ਨਾ ਕਹੇ, ਭਾਰਤ ਤਾਂ ਸਾਰਾ ਇਸ ਦੀ ਹਕੀਕਤ ਜਾਣਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਵਿੱਚ ਬਣਾਈ ਗਈ ਆਦਰਸ਼ ਸੋਸਾਈਟੀ ਵਾਲੀ ਇਮਾਰਤ ਦਾ ਮੁੱਦਾ ਚੁੱਕ ਕੇ ਕਿਹਾ ਸੀ ਕਿ ਇੱਕ ਮੁੱਖ ਮੰਤਰੀ ਨੇ ਇਸ ਇਮਾਰਤ ਦਾ ਭ੍ਰਿਸ਼ਟਾਚਾਰ ਕਰਨ ਵੇਲੇ ਕਾਰਗਿਲ ਦੇ ਸ਼ਹੀਦਾਂ ਦਾ ਨਾਂਅ ਵੇਚਦੇ ਵਕਤ ਵੀ ਸ਼ਰਮ ਨਹੀਂ ਕੀਤੀ। ਜਦੋਂ ਉਹੋ ਸਾਬਕਾ ਕਾਂਗਰਸੀ ਮੁੱਖ ਮੰਤਰੀ ਭਾਜਪਾ ਵਿੱਚ ਆ ਗਿਆ ਤਾਂ ਪ੍ਰਧਾਨ ਮੰਤਰੀ ਨੇ ਉਸ ਪਿੱਛੋਂ ਉਸ ਆਗੂ ਦੀ ਕਦੀ ਚਰਚਾ ਹੀ ਨਹੀਂ ਕੀਤੀ। ਇਹੋ ਜਿਹੇ ਮਾਮਲੇ ਏਨੇ ਹਨ ਕਿ ਗਿਣਾਏ ਨਹੀਂ ਜਾ ਸਕਦੇ।
ਜਦੋਂ ਦੇਸ਼ ਦੇ ਹਾਲਾਤ ਇਸ ਤਰ੍ਹਾਂ ਦੇ ਹੋਣ ਕਿ ਰਾਜ-ਸੁਖ ਮਾਣ ਚੁੱਕੀ ਕੋਈ ਵੀ ਰਾਜਸੀ ਧਿਰ ਭ੍ਰਿਸ਼ਟਾਚਾਰ ਕਰਨ ਵਿੱਚ ਇੱਕ ਦੂਸਰੀ ਦਾ ਰਿਕਾਰਡ ਮਾਤ ਕਰਦੀ ਰਹੀ ਹੋਵੇ ਤੇ ਅੱਜ ਵੀ ਕਰਦੀ ਪਈ ਹੋਵੇ ਤਾਂ ਲਾਲ ਕਿਲ੍ਹੇ ਦੀ ਦੀਵਾਰ ਤੋਂ ਇਨ੍ਹਾਂ ਮੁੱਦਿਆਂ ਦੀ ਏਦਾਂ ਦੀ ਚਰਚਾ ਨਾਲ ਕਿਹੜਾ ਇਨ੍ਹਾਂ ਨੂੰ ਠੱਲ੍ਹ ਪੈਣੀ ਹੈ! ਇਨ੍ਹਾਂ ਸਭ ਅਲਾਮਤਾਂ ਨੂੰ ਠੱਲ੍ਹ ਪਾਉਣ ਲਈ ਅਮਲੀ ਕਦਮ ਚੁੱਕਣ ਦੀ ਲੋੜ ਹੈ, ਜਿਨ੍ਹਾਂ ਬਾਰੇ ਜਾਣਦਾ ਹਰ ਕੋਈ ਹੈ, ਪਰ ਕਦਮ ਚੁੱਕਣ ਦੀ ਪਹਿਲ ਅੱਜ ਤੱਕ ਕੋਈ ਨਹੀਂ ਕਰ ਸਕਿਆ। ਕੀ ਪ੍ਰਧਾਨ ਮੰਤਰੀ ਮੋਦੀ ਇਸ ਭਾਸ਼ਣ ਦੇ ਓਹਲੇ ਉਹੋ ਜਿਹੀ ਪਹਿਲ ਕਰਨ ਦੀ ਤਿਆਰੀ ਕਰਦੇ ਮੰਨ ਲੈਣੇ ਚਾਹੀਦੇ ਹਨ? ਤਜਰਬਾ ਇਸ ਗੱਲ ਦੀ ਸ਼ਾਹਦੀ ਨਹੀਂ ਭਰਦਾ। ਫਿਰ ਆਜ਼ਾਦੀ ਦਿਨ ਵਰਗੇ ਇਤਹਾਸਕ ਮੌਕੇ ਪ੍ਰਧਾਨ ਮੰਤਰੀਆਂ ਵੱਲੋਂ ਨਿਭਾਈ ਜਾਂਦੀ ਰਸਮ ਵਾਲੇ ਭਾਸ਼ਣ ਦੌਰਾਨ ਇਹ ਕੁਝ ਕਹਿਣ, ਤੇ ਇੱਕ ਖਾਸ ਕੌੜ ਨਾਲ ਕਹਿਣ, ਪਿੱਛੇ ਮੋਦੀ ਦੀ ਭਾਵਨਾ ਕੀ ਹੈ? ਕਿਤੇ ਭਾਰਤ ਦੀਰਾਜਨੀਤੀ ਕੋਈ ਨਵਾਂ ਜਲਵਾ ਤਾਂ ਨਹੀਂ ਵਿਖਾਉਣ ਵਾਲੀ?