Welcome to Canadian Punjabi Post
Follow us on

01

September 2024
ਬ੍ਰੈਕਿੰਗ ਖ਼ਬਰਾਂ :
 
ਨਜਰਰੀਆ

ਸੱਭਿਆਚਾਰ: ਗਤੀਸ਼ੀਲ ਵਰਤਾਰਾ

September 21, 2022 01:01 PM

ਡਾ.ਪ੍ਰਿਤਪਾਲ ਸਿੰਘ ਮਹਿਰੋਕ
91-98885-10185

ਸੱਭਿਆਚਾਰ ਬਹੁਤ ਜਟਿਲ ਵਰਤਾਰਾ ਹੁੰਦਾ ਹੈ। ਇਸਦਾ ਸੁਭਾਅ ਗਤੀਸ਼ੀਲ ਤੇ ਪਰਿਵਰਤਨਸ਼ੀਲ ਹੁੰਦਾ ਹੈ। ਕਿਸੇ ਸਮਾਜ ਦਾ ਸੱਭਿਆਚਾਰ ਮਨੁੱਖੀ ਵਿਕਾਸ ਦੀ ਕਹਾਣੀ ਤਾਂ ਕਹਿੰਦਾ ਹੀ ਹੈ, ਕਦੇ ਕਦੇ ਮਨੁੱਖੀ ਵਿਗਠਨ ਵੱਲ ਵੀ ਸੰਕੇਤ ਕਰਦਾ ਹੈ ਰਹਿੰਦਾ ਹੈ। ਇਹ ਮਨੁੱਖੀ ਵਰਤਾਰੇ ਦੀ ਮੂਕ ਭਾਸ਼ਾ ਹੈ। ਸੱਭਿਆਚਾਰ ਅਜਿਹੀ ਜਟਿਲ ਇਕਾਈ ਹੈ, ਜਿਸ ਵਿੱਚ ਸਮਾਜਚਾਰਾ,ਜੀਵਨ ਜਾਚ,ਕਾਰ-ਵਿਹਾਰ, ਰਹਿਣ-ਸਹਿਣ, ਰਸਮ-ਰਿਵਾਜ,ਗਿਆਨ, ਭਾਸ਼ਾ, ਲੋਕ ਧਰਮ,  ਲੋਕ ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਲੋਕ ਮਨ ਦੀ ਸਿਰਜਣਾ, ਲੋਕਾਚਾਰ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਮਨੁੱਖੀ ਯੋਗਤਾਵਾਂ ਤੇ ਆਦਤਾਂ ਸ਼ਾਮਲ ਹੁੰਦੀਆਂ ਹਨ। ਕਿਸੇ ਸਮਾਜ ਦੇ ਸਮੁੱਚੇ ਜੀਵਨ ਢੰਗ ਨੂੰ ਉਸ ਦਾ ਸੱਭਿਆਚਾਰ ਕਹਿ ਲਿਆ ਜਾਂਦਾ ਹੈ।
       ਜੰਗਲ ਵਿਚ ਰਹਿੰਦੇ ਪੱਥਰ ਯੁੱਧ ਦੇ ਮਨੁੱਖ ਨੇ ਹੌਲੀ ਹੌਲੀ ਕਬੀਲਿਆਂ ਵਿਚ ਰਹਿਣਾ ਸਿੱਖਿਆ।ਫਿਰ ਸਮਾਜ ਵਿੱਚ ਰਹਿਣ ਦੀ ਸੋਝੀ ਆਉਂਦੀ ਗਈ। ਸਮਾਜ ਦੀ ਸਿਰਜਣਾ ਹੁੰਦੀ ਗਈ। ਪੱਥਰ ਦੀ ਰਗੜ ਨਾਲ ਅੱਗ ਬਾਲਣੀ ਸਿੱਖਣ ਤੋਂ ਲੈ ਕੇ ਹਵਾਈ ਜਹਾਜ਼ ਤੱਕ ਤੇ ਹੁਣ ਦੇ ਬਿਜਲਈ ਸੰਚਾਰ ਮਾਧਿਅਮਾਂ ਤੱਕ ਦੀਆਂ ਹੈਰਾਨਕੁਨ ਕਾਢਾਂ ਮਨੁੱਖੀ ਸੱਭਿਆਚਾਰ ਦੇ ਵਿਕਾਸ ਦੀ ਕਹਾਣੀ ਕਹਿੰਦੀਆਂ ਹਨ। ਮਨੁੱਖੀ ਇਤਿਹਾਸ ਸੱਭਿਆਚਾਰਾਂ ਦੇ ਵਿਕਾਸ ਅਤੇ ਵਿਨਾਸ਼ ਦੇ ਅਮਲ ਵਿੱਚੋਂ ਲੰਘਦਾ ਰਹਿੰਦਾ ਹੈ। ਇਤਿਹਾਸਕ ਹੋਣੀਆਂ ਵੀ ਸੱਭਿਆਚਾਰ ਦੇ ਵਿਕਾਸ ਰੁਖ਼ ਨੂੰ ਪ੍ਰਭਾਵਿਤ ਕਰਦੀਆਂ ਹਨ। ਸੱਭਿਆਚਾਰਕ ਰੂਪਾਂਤਰਣ ਵਿਚ ਸਬੰਧਤ ਸਮੇਂ ਦੇ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਿਉਂ ਜਿਉਂ ਸਮਾਂ ਬੀਤਦਾ ਹੈ, ਸੱਭਿਆਚਾਰਕ ਵਿਕਾਸ ਦੀ ਗਤੀ ਵੀ ਤੇਜ਼ ਹੁੰਦੀ ਜਾਂਦੀ ਹੈ। ਸੱਭਿਆਚਾਰਕ ਰੂਪਾਂਤਰਣ ਵਿਚ ਮਨੁੱਖੀ ਪਹੁੰਚ ਹਮੇਸ਼ਾ ਕਾਰਜਸ਼ੀਲ ਹੁੰਦੀ ਹੈ ਤੇ ਇਹ ਤਬਦੀਲੀ ਦਰਿਆ ਦੇ ਪਾਣੀ ਦੇ ਬੇਰੋਕ ਵਹਿਣ ਵਾਂਗ ਵਹਿ ਰਹੀ ਹੁੰਦੀ ਹੈ।
      ਸੱਭਿਆਚਾਰਕ ਰੂਪਾਂਤਰਣ ਦੇ ਤੇਜ਼ ਵਹਿਣ ਦੀ ਪ੍ਰਕਿਰਿਆ ਤੇ ਰਫਤਾਰ ਨਾ ਪਹਿਲਾਂ ਕਦੇ ਰੁਕੀ ਹੈ, ਨਾ ਹੁਣ ਰੁਕ ਰਹੀ ਹੈ। ਕੰਪਿਊਟਰ ਯੁੱਗ ਵਿਚ ਮਨੁੱਖ ਦੀ ਹਰ ਨਵੀਂ ਪੁਸ਼ਤ ਨੂੰ ਆਪਣਾ ਸੱਭਿਆਚਾਰ ਨਵੇਂ ਸਿਰਿਓਂ ਘੜਨਾ/ਬਣਾਉਣਾ/ਸਿੱਖਣਾ ਪਵੇਗਾ। ਇਹ ਪੀੜ੍ਹੀ ਆਪਣੀ ਪਿਛਲੀ ਪੀੜ੍ਹੀ ਦੇ ਸੱਭਿਆਚਾਰ ਨੂੰ ਪ੍ਰਾਪਤ ਤਾਂ ਕਰੇਗੀ, ਪਰ ਆਪਣੀਆਂ ਬਦਲਦੀਆਂ ਜੀਵਨ ਹਾਲਤਾਂ ਅਨੁਸਾਰ ਢਾਲ ਕੇ ਗ੍ਰਹਿਣ ਕਰੇਗੀ। ਇੰਜ ਸੱਭਿਆਚਾਰ ਦੇ ਅਸਲ ਮੁੱਲਾਂ ਅਤੇ ਰੂਪ ਵਿਧੀਆਂ ਵਿਚ ਵੀ ਤਬਦੀਲੀਆਂ ਵਾਪਰਦੀਆਂ ਰਹਿਣਗੀਆਂ। ਪਿਛਲੇ ਤਿੰਨ ਦਹਾਕਿਆਂ ਦੌਰਾਨ ਪੰਜਾਬੀ ਸੱਭਿਆਚਾਰ ਵਿਚ ਹੈਰਾਨੀ ਦੀ ਉਚੇਰੀ ਹੱਦ ਤੱਕ ਤਬਦੀਲੀ ਆਈ ਹੈ। ਬਿਜਲਈ ਸੰਚਾਰ ਮਾਧਿਅਮਾਂ, ਪ੍ਰਿੰਟ ਮੀਡੀਏ, ਸੂਚਨਾ ਤਕਨਾਲੋਜੀ ਆਦਿ ਨੇ ਦੁਨੀਆਂ ਨੂੰ ਵਿਸ਼ਵ ਪਿੰਡ ਬਣਾ ਦਿੱਤਾ ਹੈ। ਦੁਨੀਆਂ ਨੂੰ ‘ਮੁੱਠੀ ਵਿੱਚ ਕਰਨ’ ਦੇ ਦਮ ਭਰੇ ਜਾ ਰਹੇ ਹਨ। ਸਮੇਂ ਦੇ ਫੇਰ-ਬਦਲ ਨਾਲ ਮਨੁੱਖ ਦੇ ਜੀਵਨ ਢੰਗ ਵਿਚ ਵੱਡੀ ਤਬਦੀਲੀ ਆਈ ਹੈ। ਸਿਨੇਮਾ ਘਰ ਦਰਸ਼ਕਾਂ ਨੂੰ ਉਡੀਕਦੇ ਉਡੀਕਦੇ ਬੰਦ ਹੋ ਗਏ ਹਨ ਤੇ ਉਨ੍ਹਾਂ ਦੀ ਥਾਂ ਵੱਡੇ ਵੱਡੇ ਵਪਾਰ ਕੇਂਦਰ ਤੇ ਮਲਟੀਪਲੈਕਸ ਉਸਰਦੇ ਗਏ ਹਨ। ਕਾਰੋਬਾਰ ਖੂਬ ਵਧਿਆ ਫੁਲਿਆ ਹੈ। ਮੰਡੀ ਸੱਭਿਆਚਾਰ ਦਾ ਪਸਾਰ ਤੇ ਵਿਸਥਾਰ ਹੁੰਦਾ ਚਲਾ ਗਿਆ।  ਸੈਲ ਫੋਨ, ਵੱਟਸਐਪ, ਫੇਸਬੁੱਕ, ਈ-ਮੇਲ (ਹੋਰ ਵੀ ਬਹੁਤ ਕੁਝ) ਆਦਿ ਤੋਂ ਬਿਨਾ ਜੀਵਨ ਅਧੂਰਾ ਪ੍ਰਤੀਤ ਹੋਣ ਲੱਗ ਪਿਆ ਹੈ। ਬੈਂਕ ਸੇਵਾਵਾਂ ਵਿਚ ਆਈ ਤਬਦੀਲੀ ਹੈਰਾਨ ਕਰ ਦੇਣ ਵਾਲੀ ਹੈ। ਇੰਟਰਨੈਟ ਸੇਵਾਵਾਂ ਕਿਸੇ ਅਜੂਬੇ ਤੋਂ ਘੱਟ ਨਹੀਂ ਹਨ। ਮੈਰਿਜ ਪੈਲੇਸ ਸੱਭਿਆਚਾਰ ਨੇ ਵਿਆਹਾਂ ਤੇ ਹੋਰ ਸਮਾਜਕ ਸਮਾਗਮਾਂ ਦੀ ਤਰਜ਼ ਹੀ ਬਦਲ ਦਿੱਤੀ ਹੈ। ਇਸ ਨਾਲ ਕਈ ਤਰ੍ਹਾਂ ਦੇ ਨਿਖੇਧਾਤਮਿਕ ਚਲਨਾਂ ਤੇ ਵਿਗਾੜਾਂ ਨੇ ਵੀ ਪੈਰ ਪਸਾਰ ਲਏ ਹਨ। ਸੱਭਿਆਚਾਰ ਕੋਈ ਜੜ੍ਹ ਵਸਤੂ ਨਹੀਂ, ਉਸ ਵਿਚ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ। ਜੋ ਲੋਕ ਬਦਲਦੇ ਜ਼ਮਾਨੇ ਅਤੇ ਹਾਲਤਾਂ ਅਨੁਸਾਰ ਆਪਣਾ ਜੀਵਨ ਢੰਗ ਬਦਲ ਨਹੀਂ ਲੈਂਦੇ, ਉਹ ਪੱਛੜ ਜਾਂਦੇ ਹਨ। ਸੱਭਿਆਚਾਰਕ ਰੂਪਾਂਤਰਣ ਦੀ ਗਤੀ ਧੀਮੀ ਹੋਵੇ ਜਾਂ ਤੇਜ਼, ਪਰ ਸਮੇਂ ਦੇ ਬਦਲਣ ਨਾਲ ਇਹ ਤਬਦੀਲੀ ਆਉਂਦੀ ਜ਼ਰੂਰ ਹੈ। ਅਜਿਹਾ ਹੋਣ ਨਾਲ ਨਵੀਂ ਸੱਭਿਆਚਾਰਕ ਸੋਚ ਜਨਮ ਲੈਂਦੀ ਹੈ।
    ਵਿਗਿਆਨਕ ਚੇਤਨਾ ਦੇ ਪਾਸਾਰ ਨਾਲ ਸਮਾਜਕ ਸੱਭਿਆਚਾਰਕ ਕਦਰਾਂ ਕੀਮਤਾਂ ਵਿਚ ਤੇਜ਼ੀ ਨਾਲ ਵਾਪਰਨ ਵਾਲੀਆਂ ਤਬਦੀਲੀਆਂ ਵਿਕਾਸਮੁੱਖਤਾ ਵੱਲ ਵਧਣ ਦੀਆਂ ਸੂਚਕ ਹਨ। ਇਨ੍ਹਾਂ ਵਿਚੋਂ ਹੀ ਸੱਭਿਆਚਾਰ ਦੀ ਨਵ ਸਿਰਜਣਾ ਹੋਣੀ ਹੁੰਦੀ ਹੈ। ਸੱਭਿਆਚਾਰ ਨਵੇਂ ਵਿਹਾਰਾਂ ਨੂੰ ਅਪਣਾਉਂਦਾ ਰਹਿੰਦਾ ਹੈ, ਪੁਰਾਣਿਆਂ ਨੂੰ ਤਿਆਗਦਾ ਜਾਂਦਾ ਹੈ। ਇਹ ਸੱਭਿਆਚਾਰ ਦੇ ਬੁਨਿਆਦੀ ਲੱਛਣਾਂ ਵਿਚੋਂ ਇਕ ਹੈ। ਸੱਭਿਆਚਾਰਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਹੈ। ਉਹ ਇਕ ਦੂਜੇ ਨੂੰ ਢਾਹ ਵੀ ਲਾਉਂਦੇ ਹਨ, ਪ੍ਰਭਾਵਿਤ ਵੀ ਕਰਦੇ ਹਨ, ਵਿਗਾੜਦੇ ਵੀ ਹਨ, ਅਮੀਰ ਵੀ ਬਣਾਉਂਦੇ ਹਨ। ਹਰੇਕ ਸਮੇਂ ਦਾ ਸੱਭਿਆਚਾਰ ਜਦੋਂ ਨਵੇਂ ਢਾਂਚੇ ਵਿਚ ਢਲਦਾ ਹੈ, ਉਹ ਆਪਣੇ ਲਈ ਨਵੇਂ ਮਾਡਲ ਦੀ ਤਲਾਸ਼ ਵੀ ਕਰ ਲੈਂਦਾ ਹੈ। ਜੇ ਮਨੁੱਖ ਸੱਭਿਆਚਾਰਕ ਤਬਦੀਲੀ ਨੂੰ ਪ੍ਰਵਾਨ ਨਹੀਂ ਕਰੇਗਾ ਤਾਂ ਸੱਭਿਆਚਾਰ ਦੇ ਵਿਕਾਸ (ਤਬਦੀਲੀ) ਦੀਆਂ ਅਗਲੇਰੀਆਂ ਸੰਭਾਵਨਾਵਾਂ ਸੁੰਗੜ ਕੇ ਰਹਿ ਜਾਣਗੀਆਂ। ਸੱਭਿਆਚਾਰਕ ਵਰਤਾਰੇ ਲੋਪ ਵੀ ਹੁੰਦੇ ਰਹਿੰਦੇ ਹਨ ਤੇ ਨਵੇਂ ਸੱਭਿਆਚਾਰ ਦੀ ਸਿਰਜਣਾ ਵੀ ਕਰਦੇ ਰਹਿੰਦੇ ਹਨ। ਅਜੋਕੇ ਦੌਰ ਵਿਚ ਸੱਭਿਆਚਾਰ ‘ਤੇ ਪੈਣ ਵਾਲੇ ਗਿਆਨ ਵਿਗਿਆਨ ਦੇ ਅਸਰ ਨੂੰ ਸ਼ੱਕੀ ਨਜ਼ਰੀਏ ਤੋਂ ਨਹੀਂ ਵੇਖਿਆ ਜਾਣਾ ਚਾਹੀਦਾ, ਸਗੋਂ ਪ੍ਰਵਾਨ ਕਰਨ ਯੋਗ ਹੁੰਗਾਰੇ ਦੀ ਦ੍ਰਿਸ਼ਟੀ ਤੋਂ ਵੇਖਣ ਦੀ ਲੋੜ ਹੈ। ਵਿਗਿਆਨ ਦੀ ਰੌਸ਼ਨੀ ਦੇ ਪਸਾਰ ਅਤੇ ਮਨੁੱਖੀ ਲੋੜਾਂ ਨੇ ਮਨੁੱਖ ਨੂੰ ਪਿੰਡ ਤੋਂ ਸ਼ਹਿਰ ਤੇ ਸ਼ਹਿਰ ਤੋਂ ਮਹਾਂਨਗਰ ਵੱਲ ਹਿਜਰਤ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਮਨੁੱਖੀ ਰੁਝਾਨ ਨੇ ਸੱਭਿਆਚਾਰ ਦੇ ਨਵੇਂ ਸੰਕਲਪਾਂ ਨੂੰ ਜਨਮ ਦਿੱਤਾ ਹੈ। ਇੰਜ ਸੱਭਿਆਚਾਰ ਦਾ ਗਤੀਸ਼ੀਲ ਪ੍ਰਕਰਣ ਵਜੋਂ ਚੱਲਦਾ ਰਹਿਣਾ ਜ਼ਰੂਰੀ ਬਣ ਜਾਂਦਾ ਹੈ।
       ਸਿਹਤਮੰਦ ਸੱਭਿਆਚਾਰ ਆਪਣੇ ਸੁਭਾਅ ‘ਤੇ ਖਰੀਆਂ ਨਾ ਉਤਰਨ ਵਾਲੀਆਂ ਪ੍ਰਵਿਰਤੀਆਂ ਨੂੰ ਨਕਾਰਦਾ ਚਲਾ ਜਾਂਦਾ ਹੈ। ਅਮੀਰੀ ਮੁਹੱਈਆ ਕਰਨ ਵਾਲੀਆਂ ਸਿਰਜਣਾਵਾਂ ਨੂੰ ਸੱਭਿਆਚਾਰ ਸੁਤੇ ਸਿਧ ਅਪਨਾਉਂਦਾ ਜਾਂਦਾ ਹੈ। ਜੋ ਸੱਭਿਆਚਾਰ ਵਿਗਿਆਨਕ ਯੁੱਗ ਦੀਆਂ ਲੋੜਾਂ, ਇੱਛਾਵਾਂ, ਆਸਾਂ, ਖੋਜਾਂ ਆਦਿ ਦਾ ਅਨੁਸਾਰੀ ਹੁੰਦਾ ਹੈ, ਉਹ ਆਪਣੇ ਆਪ ਨੂੰ ਭਵਿੱਖ ਦੀਆਂ ਚੁਣੌਤੀਆਂ ਦੇ ਰੂਬਰੂ ਹੋਣ ਦੇ ਸਮਰੱਥ ਬਣਾਉਣ ਦੇ ਯਤਨ ਵਿੱਚ ਹੁੰਦਾ ਹੈ। ਸੱਭਿਆਚਾਰਕ ਰੂਪਾਂਤਰਣ ਦੇ ਪਿੱਛੇ ਵੀ ਕੋਈ ਨਾ ਕੋਈ ਤਰਕ ਛੁਪਿਆ ਹੁੰਦਾ ਹੈ। ਸੋ, ਸੱਭਿਆਚਾਰਕ ਤਬਦੀਲੀ ਦਾ ਵਾਪਰਨਾ ਗ਼ੈਰਕੁਦਰਤੀ ਨਹੀਂ ਹੁੰਦਾ, ਸਗੋਂ ਮਨੁੱਖ ਦੀ ਨਿਰਮਾਣ ਸਮਰੱਥਾ ‘ਤੇ ਨਿਰਭਰ ਕਰਦਾ ਹੈ। ਸੱਭਿਆਚਾਰ ਦੇ ਤਬਦੀਲ ਹੁੰਦੇ ਰਹਿਣ ਦਾ ਵਰਤਾਰਾ ਸਹਿਜ ਸੁਭਾਅ ਵਾਪਰਦਾ ਰਹਿੰਦਾ ਹੈ, ਨਿਰੰਤਰ ਤਬਦੀਲੀ ਵਿੱਚ ਢਲਦਾ ਰਹਿੰਦਾ ਹੈ ਤੇ ਵਿਕਾਸ ਦੀਆਂ ਨਵੀਆਂ ਦਿਸ਼ਾਵਾਂ ਦੀ ਤਲਾਸ਼ ਕਰਦਾ ਰਹਿੰਦਾ ਹੈ।

-ਡਾ.ਪ੍ਰਿਤਪਾਲ ਸਿੰਘ ਮਹਿਰੋਕ
91-98885-10185

185-ਵਸੰਤ ਵਿਹਾਰ, ਡੀ.ਸੀ. ਰੈਜ਼ੀਡੈਂਸ ਰੋਡ,ਹੁਸ਼ਿਆਰਪੁਰ

 
Have something to say? Post your comment