ਚੋਆ ਸਾਹਿਬ ਨਾਂ ਦਾ ਇਹ ਇਤਿਹਾਸਿਕ ਅਸਥਾਨ ਰੋਹਤਾਸ ਕਿਲੇ ਦੇ ਕਾਬਲੀ ਦਰਵਾਜੇ ਤੋਂ ਬਾਹਰ ਘਾਨ ਨਦੀ ਕਿਨਾਰੇ ਆਪਣੀਆ ਸ਼ਾਨਾਂ ਵਿਖਾ ਰਿਹਾ ਹੈ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਟਿੱਲਾ ਜੋਗੀਆਂ ਤੋਂ ਚੱਲ ਕੇ ਇੱਥੇ ਆਏ, ਉਸ ਸਮੇਂ ਇੱਥੇ ਕੋਈ ਵੱਸੋਂ ਨਹੀਂ ਸੀ। ਆਪ ਜੀ ਨੇ ਆਪਣੇ ਸੋਟੇ ਨਾਲ ਇੱਥੋਂ ਇੱਕ ਸੋਮਾ ਚਲਾਇਆ, ਪਾਣੀ ਦੇ ਸੋਮੇ ਨੂੰ “ ਚੋਆ " ਆਖਿਆ ਜਾਂਦਾ ਹੈ। ਇਸ ਵਾਸਤੇ ਇਸ ਅਸਥਾਨ ਦਾ ਨਾਂ “ ਚੋਆ ਸਾਹਿਬ " ਸਿੱਧ ਹੋ ਗਿਆ। ਬਾਅਦ ਵਿੱਚ ਸ਼ੇਰ ਸ਼ਾਹ ਸੂਰੀ ਨੇ ਇੱਥੇ ਆਪਣਾ ਇੱਕ ਵਿਸ਼ਾਲ ਕਿਲਾ ਬਣਵਾਇਆ ਤਾਂ ਇਹ ਅਸਥਾਨ ਕਿਲੇ ਤੋਂ ਬਾਹਰ ਕਾਬਲੀ ਦਰਵਾਜ਼ੇ ਵੱਲ ਆ ਗਿਆ। ਅੱਜ ਵੀ ਕਿਲੇ ਦੇ ਲੋਕ ਇਸ ਚੋਏ ਦਾ ਜਲ ਹੀ ਵਰਤੋਂ ਵਿੱਚ ਲਿਆਉਂਦੇ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਨਾਲ 1834 ਵਿੱਚ ਅਜੋਕੀ ਇਮਾਰਤ ਬਣਵਾਈ ਗਈ ਜੋ ਬਹੁਤ ਹੀ ਸੁੰਦਰ ਹੈ। ਇਸ ਦੇ ਇੱਕ ਪਾਸੇ ਘਾਨ ਨਦੀ, ਦੂਜੇ ਪਾਸੇ ਕਿਲਾ ਤੇ ਬਾਕੀ ਦੋਵੇਂ ਪਾਸੇ ਜੰਗਲ ਹੈ । ਇੱਥੇ ਪਹੁੰਚਣ ਦਾ ਰਾਹ ਕਿਲੇ ਦੇ ਅੰਦਰ ਹੀ ਹੈ ਕਿਲਾ ਰੋਹਤਾਸ, ਜਿਲਾ ਜੇਹਲਮ ਵਿੱਚ ਇੱਕ ਬਹੁਤ ਹੀ ਮਸ਼ਹੂਰ ਮੁਕਾਮ ਹੈ। ਇਸ ਤੱਕ ਪੁੱਜਣ ਵਾਸਤੇ “ ਦੀਨਾ " ਤੋਂ ਪੈਦਲ ਜਾਂ ਫੌਜੀ ਟਰੱਕਾਂ ਦੀਆਂ ਬਣੀਆਂ ਬੱਸਾਂ ਉੱਤੇ ਜਾਣਾ ਪੈਂਦਾ ਹੈ। ਇਹ ਦੀਨੇ ਤੋਂ ਕੋਈ ੬ ਕਿਲੋਮੀਟਰ ਦੀ ਦੂਰੀ ਉੱਤੇ ਹੈ। ਰੇਲਵੇ ਸਟੇਸ਼ਨ ਦੀ ਅਤੇ ਲਾਹੌਰ ਤੋਂ ਪਿਸ਼ਾਵਰ ਜਾਣ ਵਾਲੀ ਸੜਕ ਉੱਤੇ ਬੱਸ ਸਟਾਪ ਵੀ ਦੀਨਾ ਹੀ ਹੈ। 260 ਰੁਪਏ ਤੇ ਸਤਾਈ ਘੁਮਾਉਂ ਜਮੀਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਅਸਥਾਨ ਦੇ ਨਾਂ ਹੈ। ਕੱਤਕ ਸੁਦੀ 15 ਨੂੰ ਮੇਲਾ ਜੁੜਦਾ ਸੀ।