ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਅਸਥਾਨ ਝੰਗ ਸ਼ਹਿਰ ਤੋਂ ਬਾਹਰ ਟੋਬਾ ਰੋਡ ਉੱਤੇ ਹੈ। ਇਸ ਅਸਥਾਨ ਤੱਕ ਅੱਪੜਨ ਵਾਸਤੇ ਝੰਗ ਸ਼ਹਿਰ ਤੋਂ ਬੱਸਾਂ ਤੇ ਵੈਗਨਾਂ ਆਮ ਮਿਲ ਜਾਂਦੀਆਂ ਹਨ। ਇਸ ਦਾ ਬਸ ਸਟਾਪ ਬਾਗਾਂ ਵਾਲੀ ਤੋਂ ਅਗਲੀ ਪੁਲੀ ਹੈ। ਇਸ ਪਲੀ ਤੇ ਉੱਤਰ ਕੇ ਨਹਿਰ ਦੇ ਨਾਲ ਨਾਲ ਜਿਧਰੋਂ ਪਾਣੀ ਆ ਰਿਹਾ ਹੈ, ਕੋਈ ਦੋ ਕਿਲੋਮੀਟਰ ਪੈਦਲ ਰਾਹ ਹੈ। ਜਿਸ ਟਿੱਬੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਾਜੇ ਸਨ। ਉੱਥੇ ਮਗਰੋਂ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਉਸਾਰ ਲਿਆ। ਇਸ ਅਸਥਾਨ ਨੂੰ ਨਾਨਕ ਸਰ ਆਖਿਆ ਜਾਦਾ ਹੈ। ਪਿੰਡ ਦਾ ਨਾਂ ਵੀ ਇਹੀ ਹੈ। ਇਸ ਗੁਰਦੁਆਰੇ ਅੰਦਰ ਪ੍ਰਾਇਮਰੀ ਸਕੂਲ ਹੈ। ਲੰਗਰ ਹਾਲ, ਯਾਤਰੀਆਂ ਦੇ ਠਹਿਰਨ ਵਾਸਤੇ ਕਮਰਿਆਂ ਤੇ ਦੂਜੀਆਂ ਇਮਾਰਤਾਂ ਵਿੱਚ ਜਲੰਧਰ, ਹੁਸ਼ਿਆਰਪੁਰ ਤੋਂ ਆਏ ਹੋਏ ਮੁਹਾਜਿਰ ਵਸੇ ਹੋਏ ਹਨ।
ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਤੇ ਵਿਸ਼ਾਲ ਹੈ। ਇਸ ਦੀ ਸੱਜੀ ਬਾਹੀ ਤੇ ਸੁੰਦਰ ਸਰੋਵਰ ਹੈ। ਮਹਿਕਮਾ ਔਕਾਫ਼ ਵੱਲੋਂ ਸੇਵਾ ਸੰਭਾਲ ਨਾਂ ਦੀ ਕੋਈ ਸ਼ੈ ਨਜ਼ਰ ਨਹੀਂ ਆਉਂਦੀ।