ਮੰਡੀ ਬਹਾਊਦੀਨ ਜਿਲੇ ਦਾ ਪ੍ਰਧਾਨ ਨਗਰ ਹੈ। ਮੰਡੀ ਤੋਂ ਮਰਾਲੇ ਜਾਣ ਵਾਲੀ ਸੜਕ ਤੇ ਪਿੰਡ ਜੈ ਸੁੱਖ ਵਾਲਾ ਵਿੱਚ ਸਤਿਗੁਰ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਹੈ। ਤਹਿਸੀਲ ਥਾਣਾ, ਮੰਡੀ ਬਹਾਉਦੀਨ ਹੀ ਹੈ। ਗੁਰੂ ਸਾਹਿਬ ਡਿੰਗੇ ਤੋਂ ਚੱਲ ਕੇ ਇੱਥੇ ਬਿਰਾਜੇ। ਉਸ ਵੇਲੇ ਇੱਥੇ ਦਾ ਇੱਕ ਸੂਫੀ ਲੋਕਾਂ ਤੋਂ ਰੁੱਸ ਕੇ ਉਹਨਾਂ ਨੂੰ ਬਦਦੁਆ ਦੇਣਾ ਚਾਹੁੰਦਾ ਸੀ। ਆਪ ਜੀ ਨੇ ਉਸ ਨੂੰ ਰੱਬੀ ਕੰਮਾਂ ਨੂੰ ਹੱਥ ਵਿੱਚ ਲੈਣ ਤੋਂ ਵਰਜਿਆ। ਉਸ ਫਕੀਰ ਦੇ ਪੋਤਰੇ ਭਾਈ ਭਾਗ ਜੀ ਨੇ ਬਹੁਤ ਹੀ ਸੁੱਚਾ ਜੀਵਨ ਜੀਵਿਆ । ਉਹਦੀ ਸਮਾਧ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਦੂਜੇ ਕੰਢੇ ਅੱਜ ਵੀ ਦਰਖਤਾਂ ਦੀ ਠੰਢੀ ਛਾਂ ਵਿੱਚ ਆਪਣੀ ਸੁੰਦਰਤਾ ਵਿਖਾ ਰਹੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਮੇ ਗੁਰਦੁਆਰਾ ਸਾਹਿਬ ਦੀ ਤਿੰਨ ਮੰਜਲਾ ਸੁੰਦਰ ਇਮਾਰਤ ਬਣਵਾਈ ਗਈ । ਉਸ ਦੇ ਖੱਬੇ ਪਾਸੇ ਦੋ ਸੁੰਦਰ ਤਲਾਬ ਬਣਵਾਏ ਗਏ, ਜਿਹਨਾਂ ਵਿੱਚੋਂ ਇੱਕ ਬੀਬੀਆਂ ਵਾਸਤੇ ਸੀ । ਸੰਗਤ ਦੇ ਠਹਿਰਣ ਵਾਸਤੇ ਇੱਕ ਬਹੁਤ ਹੀ ਵੱਡੀ ਸਰਾਂ ਵੀ ਹੈ। ਜਿਸ ਅੰਦਰ ਕੋਈ 100 ਦੇ ਨੇੜੇ ਘਰ ਆਬਾਦ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀਆਂ ਲੋਕਾਂ ਨੇ ਵੰਡੀਆਂ ਪਾਈਆਂ ਹੋਈਆਂ ਹਨ। ਪ੍ਰਕਾਸ਼ ਅਸਥਾਨ ਇੱਕ ਪੁਲਿਸ ਕਰਮਚਾਰੀ ਕੋਲ ਹੈ ਜੋ ਕਿਸੇ ਨੂੰ ਦਰਸ਼ਨ ਵੀ ਨਹੀਂ ਕਰਨ ਦਿੰਦਾ। ਮਹਾਰਾਜਾ ਰਣਜੀਤ ਸਿੰਘ ਨੇ ਚਾਲੀ ਮੁਰੱਬੇ ਜ਼ਰਈ ਜ਼ਮੀਨ ਅਤੇ ਪੰਜ ਹਜਾਰ ਦੀ ਸਾਲਾਨਾ ਜਾਗੀਰ ਇਸ ਦੇ ਨਾਂ ਲਾਈ। ਇੱਥੇ ਵਿਸਾਖੀ, ਚੇਤਰ, ਭਾਦਰੋਂ ਦੀ ਮੱਸਿਆ ਨੂੰ ਮੇਲਾ ਜੁੜਦਾ ਸੀ।