ਬੁੱਚੇਕੀ ਨਾਮੀ ਕਸਬਾ ਲਾਹੌਰ ਜੜਾਵਾਲਾ ਰੋਡ ਉੱਤੇ ਬਹੁਤ ਮਸ਼ਹੂਰ ਹੈ। ਪੁਰਾਣਾ ਸ਼ਹਿਰ ਸੜਕ ਤੋਂ ਕੋਈ ਇੱਕ ਕਿਲੋਮੀਟਰ ਹਟ ਕੇ ਹੈ। ਪੁਰਾਣੇ ਸ਼ਹਿਰ ਦੇ ਮੁਹੱਲੇ ਧਰਮਸ਼ਾਲਾ ਵਿੱਚ ਭਾਈ ਹਰਨਾਮ ਸਿੰਘ ਜੀ ਦੀ ਧਰਮਸ਼ਾਲਾ ਹੈ। ਇਹ ਇੱਕ ਬਹੁਤ ਹੀ ਸੁੰਦਰ ਇਮਾਰਤ ਸੀ। ਹੁਣ ਇਸ ਵਿੱਚ ਬਹੁਤ ਸਾਰੇ ਸ਼ਰਨਾਰਥੀਆਂ ਦੇ ਘਰ ਵਸ ਗਏ ਹਨ । ਉਹਨਾਂ ਨੇ ਇਸ ਇਮਾਰਤ ਦਾ ਸਾਰਾ ਹੁਸਨ ਬਰਬਾਦ ਕਰ ਦਿੱਤਾ ਹੈ। ਹੁਣ ਤਾਂ ਇਸ ਥਾਂ ਨੂੰ ਪਛਾਣਨਾ ਵੀ ਔਖਾ ਹੈ।
ਭਾਈ ਹਰਨਾਮ ਸਿੰਘ ਜੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ। ਉਹਨਾ ਦਾ ਪ੍ਰੇਮ ਵੇਖ ਕੇ ਹੀ ਗੁਰੂ ਸਾਹਿਬ ਨੇ ਨਨਕਾਣਾ ਸਾਹਿਬ ਤੋਂ ਇੱਥੇ ਚਰਨ ਪਾਏ।ਜਿੱਥੇ ਆਪ ਬਿਰਾਹੇ, ਉਹ ਪੂਜਾ ਅਸਥਾਨ ਬਣ ਗਿਆ। ਇਸ ਪਿੰਡ ਤੋਂ ਬਾਹਰ ਦੀ ਆਬਾਦੀ ਭੋਰੇ ਵਿੱਚ ਵੀ ਗੁਰੂ ਜੀ ਦੇ ਬਿਰਾਜਣ ਦਾ ਅਸਥਾਨ ਹੈ, ਜਿੱਥੇ ਹੁਣ ਬੱਚਿਆਂ ਦਾ ਸਕੂਲ ਹੈ। ਦਸ ਚੇਤਰ ਨੂੰ ਮੇਲਾ ਜੁੜਦਾ ਹੁੰਦਾ ਸੀ।