ਕਾਦੀਵਿੰਡ ਤਹਿਸੀਲ ਥਾਣਾ ਕਸੂਰ ਵਿੱਚ ਹੈ । ਸਟੀਲ ਬਾਗ, ਜ਼ਿਲਾ ਹਸਪਤਾਲ ਕਸੂਰ ਤੋਂ ਇੱਕ ਪੱਕੀ ਸੜਕ ਇਸ ਪਿੰਡ ਨੂੰ ਜਾਂਦੀ ਹੈ । ਇੱਥੇ ਜਾਣ ਵਾਸਤੇ ਦਾਗੇ ਆਮ ਮਿਲ ਜਾਂਦੇ ਹਨ । ਪਿੰਡ ਤੋਂ ਬਾਹਰ ਗੁਰੂ ਅਮਰਦਾਸ ਜੀ ਦਾ ਪਾਵਨ ਅਸਥਾਨ ਤੁਰਗੇ ਦੀ ਜੂਹ ਵਿੱਚ ਹੈ । ਜਦ ਸਤਿਗੁਰੂ ਜੀ ਇੱਥੇ ਠਹਿਰੇ ਹੋਏ ਸਨ ਤਦੋ ਦੀਵਾਨ ਚੰਦ ਦਿੱਲੀ ਵਾਲੇ ਨੇ ਆ ਕੇ ਬੇਨਤੀ ਕੀਤੀ ਕਿ ਪਾਤਿਸ਼ਾਹ, ਮੇਰੇ ਧਨ ਨਾਲ ਕੋਈ ਯਾਦਗਾਰ ਕਾਇਮ ਕਰਵਾ ਦਿਓ ਤਾਂ ਕਿ ਇਸ ਦੁਨੀਆ ਵਿੱਚ ਮੇਰਾ ਨਾ ਬਣਿਆ ਰਹੇ। ਉਸ ਦੀ ਭਾਵਨਾ ਅਨੁਸਾਰ ਗੁਰੂ ਜੀ ਨੇ ਇੱਕ ਤਲਾਬ ਅਤੇ ਨੇੜੇ ਪੱਕੇ ਰਿਹਾਇਸ਼ੀ ਮਕਾਨ ਬਣਵਾਏ । ਇਹ ਜ਼ਮੀਨ ਦੋ ਸੌ ਵਿੱਘੇ ਭਾਈ ਬਹਿਲੋਲ ਕਾਦੀਵਿੰਡ ਵਾਲੇ ਦੀ ਸੀ ਜੋ ਉਸਨੇ ਸਾਰੀ ਗੁਰੁ ਜੀ ਨੂੰ ਅਰਪਣ ਕਰ ਦਿੱਤੀ । ਬਾਅਦ ਵਿੱਚ ਇੱਥੇ ਹੀ ਭਾਈ ਬਹਿਲੋਲ ਦੀ ਸਮਾਧ ਬਣਵਾਈ ਗਈ । ਸ਼ਰਾਧਾ ਦੀ ਸੱਤਵੀ ਨੂੰ ਮੇਲਾ ਹੁੰਦਾ ਸੀ ।
ਗੁਰੂ ਜੀ ਵੱਲੋਂ ਬਣਵਾਇਆ ਤਲਾਬ ਛੱਪੜ ਹੋ ਚੁੱਕਿਆ ਹੈ। ਭਾਈ ਜੀ ਦੀ ਸਮਾਧ ਅਖੀਰੀ ਦਮਾ ਉੱਤੇ ਖਲੋਤੀ ਹੈ । ਗੁਰਦੁਆਰਾ ਸਾਹਿਬ ਦੇ ਕਮਰਿਆਂ ਵਿੱਚ ਗੌਰਮਿੰਟ ਦਾ ਸਕੂਲ ਹੈ । ਜ਼ਮੀਨ ਵਕਫ ਬੋਰਡ ਦੇ ਕਬਜ਼ੇ ਵਿੱਚ ਹੈ । ਪੰਜਾਬੀ ਸਾਹਿਤ ਦੇ ਪ੍ਰਸਿੱਧ ਲਿਖਾਰੀ ਬਾਬਾ ਸੋਹਣ ਸਿੰਘ ਸੀਤਲ ਇਸੇ ਹੀ ਪਿੰਡ ਦੇ ਰਹਿਣ ਵਾਲੇ ਹਨ । ਉਹਨਾ ਦਾ ਬਾਗ ਅਤੇ ਘਰ ਅਜੇ ਵੀ ਮੌਜੂਦ ਹੈ । ਇਹ ਦੋਵੇ ਮੇਵਾਤ ਦੇ ਸ਼ਰਨਾਰਥੀਆ ਪਾਸ ਹਨ ।