ਵਾਸਿ਼ੰਗਟਨ, 3 ਜਨਵਰੀ (ਪੋਸਟ ਬਿਊਰੋ): ਅਮਰੀਕਾ ਦੇ ਕੈਲਿਫੋਰਨੀਆ 'ਚ ਵੀਰਵਾਰ ਨੂੰ ਇਕ ਛੋਟਾ ਜਹਾਜ਼ ਇੱਕ ਇਮਾਰਤ ਦੀ ਛੱਤ ਨਾਲ ਟਕਰਾ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਲੋਕ ਜ਼ਖਮੀ ਵੀ ਹੋਏ ਹਨ। ਪੁਲਸ ਮੁਤਾਬਕ 10 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦਕਿ 8 ਦਾ ਮੌਕੇ 'ਤੇ ਹੀ ਇਲਾਜ ਕੀਤਾ ਗਿਆ ਹੈ।
ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮ੍ਰਿਤਕ ਜਹਾਜ਼ 'ਚ ਸਨ ਜਾਂ ਜ਼ਮੀਨ 'ਤੇ। ਇਸ ਜਹਾਜ਼ ਨੇ ਔਰੇਂਜ ਕਾਊਂਟੀ ਦੇ ਫੁਲਰਟਨ ਮਿਊਂਸੀਪਲ ਏਅਰਪੋਰਟ ਤੋਂ ਉਡਾਨ ਭਰੀ ਸੀ। ਇਹ ਉਡਾਨ ਭਰਨ ਦੇ 2 ਮਿੰਟ ਦੇ ਅੰਦਰ ਹੀ ਕਰੈਸ਼ ਹੋ ਗਿਆ।
ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਇਮਾਰਤ 'ਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਆਸਪਾਸ ਦੇ ਇਲਾਕੇ ਨੂੰ ਵੀ ਖਾਲ੍ਹੀ ਕਰਵਾ ਲਿਆ ਗਿਆ ਹੈ। ਜਿਸ ਇਮਾਰਤ ਵਿਚ ਜਹਾਜ਼ ਟਕਰਾਇਆ ਸੀ, ਉਸ ਇਮਾਰਤ ਦੀ ਵਰਤੋਂ ਫਰਨੀਚਰ ਬਣਾਉਣ ਲਈ ਕੀਤੀ ਜਾਂਦੀ ਸੀ। ਹਾਦਸੇ ਦੇ ਸਮੇਂ ਇਮਾਰਤ ਵਿੱਚ ਕਰੀਬ 200 ਲੋਕ ਕੰਮ ਕਰ ਰਹੇ ਸਨ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ, ਇਹ ਸਿੰਗਲ ਇੰਜਣ ਵਾਲਾ ਵੈਨ ਆਰਵੀ-10 ਏਅਰਕ੍ਰਾਫਟ ਸੀ। ਇਸ 'ਚ 4 ਲੋਕ ਸਵਾਰ ਹੋ ਸਕਦੇ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਹਵਾਈ ਅੱਡੇ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਦੇ ਮਾਲਕ ਦਾ ਇੱਥੇ ਹੈਂਗਰ ਹੈ ਅਤੇ ਉਹ ਅਕਸਰ ਇੱਥੋਂ ਉਡਾਨ ਭਰਦਾ ਰਹਿੰਦਾ ਹੈ।
ਇੱਕ ਕਰਮਚਾਰੀ ਮੁਤਾਬਕ ਜਹਾਜ਼ ਦੇ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਦੱਸਿਆ ਸੀ ਕਿ ਉਹ ਐਮਰਜੈਂਸੀ ਲੈਂਡਿੰਗ ਲਈ ਵਾਪਿਸ ਆ ਰਿਹਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਹਾਜ਼ 'ਚ ਕੀ ਸਮੱਸਿਆ ਸੀ।