ਵਾਸਿ਼ੰਗਟਨ, 2 ਜਨਵਰੀ (ਪੋਸਟ ਬਿਊਰੋ): ਬੁੱਧਵਾਰ ਨੂੰ ਨਵੇਂ ਸਾਲ ਦੇ ਮੌਕੇ 'ਤੇ ਸੈਂਕੜੇ ਪ੍ਰਦਰਸ਼ਨਕਾਰੀ ਅਮਰੀਕਾ ਦੇ ਨਿਊਯਾਰਕ 'ਚ ਟਾਈਮਜ਼ ਸਕੁਏਅਰ 'ਚ ਇਕੱਠੇ ਹੋਏ, ਜਿਨ੍ਹਾਂ ਨੇ ਇਜ਼ਰਾਈਲ ਖਿਲਾਫ ਤੀਸਰਾ ਇੰਤਿਫਾਦਾ ਸ਼ੁਰੂ ਕਰਨ ਦੀ ਮੰਗ ਕੀਤੀ। ਇਜ਼ਰਾਈਲ ਵਿਰੋਧੀ ਤਖ਼ਤੀਆਂ ਲਹਿਰਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜ਼ਾਇਓਨਿਜ਼ਮ ਕੈਂਸਰ ਹੈ, ਈਰਾਨ ਵਿਰੁੱਧ ਕੋਈ ਜੰਗ ਨਹੀਂ ਅਤੇ ਇਜ਼ਰਾਈਲ ਨੂੰ ਹਰ ਤਰ੍ਹਾਂ ਦੀ ਅਮਰੀਕੀ ਸਹਾਇਤਾ ਬੰਦ ਕਰੋ।
ਇਸ ਪ੍ਰਦਰਸ਼ਨ ਦਾ ਆਯੋਜਨ ਫਲਸਤੀਨੀ ਯੂਥ ਮੂਵਮੈਂਟ, ਪਾਰਟੀ ਫਾਰ ਸੋਸ਼ਲਿਜ਼ਮ ਐਂਡ ਲਿਬਰੇਸ਼ਨ ਅਤੇ ਪੀਪਲਜ਼ ਫੋਰਮ ਵੱਲੋਂ ਕੀਤਾ ਗਿਆ ਸੀ। ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਨਾਅਰੇ ਲਗਾਏ ਕਿ ਇੱਕੋ ਇੱਕ ਹੱਲ ਹੈ ਇੰਤਿਫਾਦਾ, ਵਿਰੋਧ ਪ੍ਰਦਰਸ਼ਨ ਮਹਾਨ ਹੈ - ਅਸੀਂ ਜਿੱਤਾਂਗੇ, ਅਤੇ ਸਾਨੂੰ ਗਾਜ਼ਾ 'ਤੇ ਮਾਣ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਇਕ ਮਹਿਲਾ ਪ੍ਰਦਰਸ਼ਨਕਾਰੀ ਨੇ ਗੋਰਿਆਂ ਨੂੰ ਤਾਅਨਾ ਮਾਰਦੇ ਹੋਏ ਕਿਹਾ ਕਿ ਅਸੀਂ ਤੁਹਾਨੂੰ ਯੂਰਪ ਵਾਪਿਸ ਭੇਜ ਰਹੇ ਹਾਂ। ਯੂਰਪ ਵਾਪਿਸ ਜਾਓ, ਯੂਰਪ ਵਾਪਿਸ ਜਾਓ। ਇੱਕ ਪ੍ਰਦਰਸ਼ਨਕਾਰੀ ਨੇ ਇੱਕ ਮੈਗਾਫੋਨ 'ਤੇ ਚੀਕਿਆ ਕਿ ਸਾਲ 2024 ਜ਼ੀਓਨਿਜ਼ਮ ਦੇ ਅਪਰਾਧਾਂ ਵਿਰੁੱਧ ਸੰਘਰਸ਼ ਦਾ ਸਾਲ ਹੈ।
ਜ਼ਾਇਓਨਿਜ਼ਮ ਇੱਕ ਧਾਰਮਿਕ ਅਤੇ ਰਾਜਨੀਤਕ ਅੰਦੋਲਨ ਹੈ। ਇਹ ਇਜ਼ਰਾਈਲ ਦੇ ਇਤਿਹਾਸਕ ਖੇਤਰ ਵਿੱਚ ਯਹੂਦੀ ਰਾਜ ਦੀ ਮੁੜ ਸਥਾਪਨਾ ਦਾ ਸਮਰਥਨ ਕਰਦਾ ਹੈ।
ਇੰਤਿਫਾਦਾ ਇੱਕ ਅਰਬੀ ਸ਼ਬਦ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਸ਼ੇਕ ਆਫ’ ਕਿਹਾ ਜਾਂਦਾ ਹੈ। ਇਜ਼ਰਾਈਲ ਦੇ ਖਿਲਾਫ ਬਗਾਵਤ ਅਤੇ ਇਸ 'ਤੇ ਜ਼ੋਰਦਾਰ ਹਮਲੇ ਨੂੰ ਫਲਸਤੀਨ ਦੇ ਲੋਕਾਂ ਦੁਆਰਾ ਇੰਤਿਫਾਦਾ ਕਿਹਾ ਜਾਂਦਾ ਹੈ।