ਵਾਸਿ਼ੰਗਟਨ, 2 ਜਨਵਰੀ (ਪੋਸਟ ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਦੇ ਖਾਸ ਕਾਰੋਬਾਰਾਂ 'ਚ ਭਾਰਤੀਆਂ ਸਮੇਤ ਵਿਦੇਸ਼ੀ ਪ੍ਰਵਾਸੀਆਂ ਦੀਆਂ ਨੌਕਰੀਆਂ ਲਈ ਜ਼ਰੂਰੀ ਐੱਚ-1ਬੀ ਵੀਜ਼ਾ ਦੇ ਮੁੱਦੇ 'ਤੇ ਇਕ ਵਾਰ ਫਿਰ ਆਪਣਾ ਰੁਖ ਸਪੱਸ਼ਟ ਕੀਤਾ ਹੈ। ਨਵੇਂ ਸਾਲ ਦੀ ਪੂਰਵ ਸੰਧਿਆ 2025 'ਤੇ ਆਪਣੇ ਮਾਰ-ਲਾਗੋ ਰਿਜ਼ੋਰਟ 'ਤੇ ਬੋਲਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਆਪਣਾ ਰੁਖ ਨਹੀਂ ਬਦਲਿਆ ਹੈ। ਹੁਨਰਮੰਦ ਕਾਮਿਆਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਸਮਾਰਟ ਲੋਕਾਂ ਦੀ ਲੋੜ ਹੈ। ਇਸ ਤੋਂ ਪਹਿਲਾਂ ਵੀ ਉਹ ਇਸ ਵੀਜ਼ਾ ਪ੍ਰੋਗਰਾਮ ਲਈ ਸਮਰਥਨ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਇਸ ਨੂੰ ਸ਼ਾਨਦਾਰ ਪ੍ਰੋਗਰਾਮ ਦੱਸਿਆ।
ਟਰੰਪ ਨੇ ਕਿਹਾ ਕਿ ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਸਾਡੇ ਦੇਸ਼ 'ਚ ਸਭ ਤੋਂ ਕਾਬਲ ਲੋਕ ਹੋਣੇ ਚਾਹੀਦੇ ਹਨ। ਸਾਨੂੰ ਕਾਬਲ ਲੋਕਾਂ ਦੀ ਲੋੜ ਹੈ। ਸਾਡੇ ਦੇਸ਼ ਵਿੱਚ ਆਉਣ ਵਾਲੇ ਲੋਕਾਂ ਵਿੱਚ ਸਾਨੂੰ ਸਮਾਰਟ ਲੋਕਾਂ ਦੀ ਲੋੜ ਹੈ। ਸਾਨੂੰ ਬਹੁਤ ਸਾਰੇ ਲੋਕਾਂ ਦੀ ਲੋੜ ਹੈ। ਸਾਡੇ ਕੋਲ ਅਜਿਹੀਆਂ ਨੌਕਰੀਆਂ ਹੋਣਗੀਆਂ ਜੋ ਪਹਿਲਾਂ ਕਦੇ ਨਹੀਂ ਸਨ।