-ਸੰਦੀਪ ਸਿੰਘ ਦੀ 7 ਸਾਲਾ ਧੀ ਨੂੰ ਟਰੱਸਟ ਨੇ ਲਿਆ ਗੋਦ, 2 ਲੱਖ ਰੁਪਏ ਦੀ ਬੈਂਕ `ਚ ਐੱਫ. ਡੀ. ਜਮ੍ਹਾਂ ਕਰਵਾਉਣ ਲਈ ਕਿਹਾ
-ਪਰਿਵਾਰ ਨੂੰ ਘਰ ਦੇ ਗੁਜ਼ਾਰੇ ਲਈ 5 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦਾ ਬੀੜਾ ਚੁੱਕਿਆ
ਚੰਡੀਗੜ੍ਹ, 3 ਜਨਵਰੀ (ਪੋਸਟ ਬਿਊਰੋ): ਪਿਛਲੇ ਕੁਝ ਦਿਨ ਪਹਿਲਾਂ ਜਾਰਜੀਆ `ਚ ਹੋਏ ਇੱਕ ਦਰਦਨਾਕ ਹਾਦਸੇ `ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ‘ਚ ਤਰਨ ਤਾਰਨ ਦਾ ਸੰਦੀਪ ਸਿੰਘ ਵੀ ਸ਼ਾਮਿਲ ਸੀ। ਸੰਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਉਬਰਾਏ ਤਰਨਤਾਰਨ ਪਹੁੰਚੇ।
ਉੱਘੇ ਸਮਾਜ ਸੇਵੀ ਡਾ.ਐਸ.ਪੀ.ਸਿੰਘ ਉਬਰਾਏ ਵੱਲੋਂ ਮ੍ਰਿਤਕ ਸੰਦੀਪ ਸਿੰਘ ਦੀ 7 ਸਾਲਾ ਧੀ ਇਕਾਗਰਦੀਪ ਕੌਰ ਨੂੰ ਟਰੱਸਟ ਵੱਲੋਂ ਗੋਦ ਲਿਆ ਹੈ। ਇਸਤੋਂ ਇਲਾਵਾ ਉਸ ਦੀ ਸਮੁੱਚੀ ਪੜ੍ਹਾਈ ਦਾ ਖਰਚ ਚੁੱਕਣ ਤੇ ਉਸ ਦੇ ਵਿਆਹ ਲਈ 2 ਲੱਖ ਰੁਪਏ ਦੀ ਰਾਸ਼ੀ ਬੈਂਕ `ਚ ਬਤੌਰ ਐੱਫ. ਡੀ. ਜਮ੍ਹਾਂ ਕਰਵਾਉਣ ਲਈ ਕਿਹਾ ਹੈ .
ਉਨ੍ਹਾਂ ਨੇ ਸੰਦੀਪ ਦੇ ਪਰਿਵਾਰ ਨੂੰ ਘਰ ਦੇ ਗੁਜ਼ਾਰੇ ਲਈ 5 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦੇ ਨਾਲ-ਨਾਲ ਉਨ੍ਹਾਂ ਦੇ ਘਰ ਦੀ ਲੋੜੀਂਦੀ ਮੁਰੰਮਤ ਕਰਵਾਉਣ ਦਾ ਬੀੜਾ ਚੁੱਕਿਆ ਹੈ। ਡਾ.ਐੱਸ.ਪੀ.ਸਿੰਘ ਉਬਰਾਏ ਨੇ ਕਿਹਾ ਕਿ ਅੱਜ ਉਹ ਸੰਦੀਪ ਸਿੰਘ ਦੇ ਪਰਿਵਾਰ ਨੂੰ ਦੁਬਈ ਤੋਂ ਮਿਲਣ ਲਈ ਆਏ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜਾਰਜੀਆ ਹਾਦਸੇ ਉਪਰੰਤ ਇਸ ਹਾਦਸੇ ਦੌਰਾਨ ਜਾਨਾਂ ਗਵਾਉਣ ਵਾਲੇ ਨੌਜਵਾਨਾਂ ਦੇ ਪੀੜ੍ਹਤ ਪਰਿਵਾਰਾਂ ਦੀ ਮੱਦਦ ਕਰਨ ਲਈ ਲਏ ਗਏ ਆਪਣੇ ਫੈਸਲੇ ਤਹਿਤ ਅੱਜ ਉਨ੍ਹਾਂ ਵੱਲੋਂ ਸੰਦੀਪ ਸਿੰਘ ਦੀ ਬੱਚੀ ਨੂੰ ਗੋਦ ਲਿਆ ਗਈ ਹੈ। ਇਸਦੇ ਨਾਲ ਹੀ ਬੱਚੀ ਦੀ ਸਾਰੀ ਪੜ੍ਹਾਈ ਦਾ ਖਰਚਾ ਟਰੱਸਟ ਕਰੇਗਾ। ਇਸ `ਚ ਬੱਚੀ ਇੰਜੀਨੀਅਰ, ਡਾਕਟਰ ਜਾਂ ਪਾਇਲਟ ਚਾਹੇ ਹੋਰ ਅਫ਼ਸਰ ਬਣਨਾ ਚਾਹੇ ਤਾਂ ਉਸਦੀ ਪੜ੍ਹਾਈ ਦਾ ਸਾਰਾ ਖਰਚ ਚੁੱਕਿਆ ਜਾਵੇਗਾ .
ਇਸ ਤੋਂ ਇਲਾਵਾ ਸੰਦੀਪ ਸਿੰਘ ਧੀ ਦੇ ਵਿਆਹ ਲਈ ਹੁਣ ਤੋਂ ਹੀ 2 ਲੱਖ ਰੁਪਏ ਦੀ ਬੈਂਕ ਐਫ.ਡੀ.ਆਰ. ਬਣਾ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਸੰਦੀਪ ਦੇ ਪਰਿਵਾਰ ਦੇ ਗੁਜ਼ਾਰੇ ਲਈ ਉਕਤ ਟਰੱਸਟ ਵੱਲੋਂ 5 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ ਅਤੇ ਪਰਿਵਾਰ ਦੀ ਸਲਾਹ ਮੁਤਾਬਕ ਪੀੜਤ ਪਰਿਵਾਰ ਦੇ ਘਰ ਦੀ ਮੁਰੰਮਤ ਵੀ ਕਰਵਾਈ ਜਾਵੇਗੀ।
ਇਸ ਮੌਕੇ ਪੀੜਤ ਪਰਿਵਾਰ ਦੀ ਬੱਚੀ ਇਕਾਗਰਦੀਪ ਕੌਰ ਦੇ ਬੋਲਾਂ ਨੇ ਡਾ. ਉਬਰਾਏ ਨੂੰ ਭਾਵੁਕ ਕਰ ਦਿੱਤਾ, ਜਦੋਂ ਡਾ. ਉਬਰਾਏ ਵੱਲੋਂ ਕੀਤੀ ਮੱਦਦ ਲਈ ਧੰਨਵਾਦ ਕਰਦਿਆਂ ਉਸ ਬੱਚੀ ਨੇ ਕਿਹਾ ਕਿ ਉਹ ਵੱਡੀ ਹੋ ਕੇ ਡਾਕਟਰ ਬਣਕੇ ਡਾ. ਉਬਰਾਏ ਵੱਲੋਂ ਕੀਤੀ ਮੱਦਦ ਦੇ ਸਾਰੇ ਪੈਸੇ ਵਾਪਿਸ ਮੋੜ ਦੇਵੇਗੀ।
ਜਿਸ `ਤੇ ਡਾ.ਉਬਰਾਏ ਨੇ ਉਸ ਦਾ ਸਿਰ ਪਲੋਸਦਿਆਂ ਕਿਹਾ ਕਿ ਬੇਟਾ ਅਸੀਂ ਪੈਸੇ ਨਹੀਂ ਲੈਣੇ ਪਰ ਜਿਸ ਤਰ੍ਹਾਂ ਅਸੀਂ ਤੇਰਾ ਸੁਪਨਾ ਪੂਰਾ ਕੀਤਾ ਹੈ, ਇਸੇ ਤਰ੍ਹਾਂ ਤੂੰ ਵੀ ਵੱਡੀ ਹੋ ਕੇ ਕਿਸੇ ਲੋੜਵੰਦ ਦਾ ਸੁਪਨਾ ਜ਼ਰੂਰ ਪੂਰਾ ਕਰੀਂ। ਇੱਕ ਸਵਾਲ ਦਾ ਜਵਾਬ ਦਿੰਦਿਆਂ ਡਾਕਟਰ ਉਬਰਾਏ ਨੇ ਇਹ ਵੀ ਦੱਸਿਆ ਕਿ ਉਹ ਛੇਤੀ ਹੀ ਬਾਕੀ ਪੀੜ੍ਹਤ ਪਰਿਵਾਰਾਂ ਨੂੰ ਵੀ ਮਿਲ ਕੇ ਉਨ੍ਹਾਂ ਦੇ ਆਰਥਿਕ ਪੱਧਰ ਮੁਤਾਬਕ ਉਨ੍ਹਾਂ ਦੀ ਲੋੜੀਂਦੀ ਮੱਦਦ ਵੀ ਕਰਨਗੇ।