ਪੋਡਗੋਰਿਕਾ, 2 ਜਨਵਰੀ (ਪੋਸਟ ਬਿਊਰੋ): ਯੂਰਪੀ ਦੇਸ਼ ਮੋਂਟੇਨੇਗਰੋ 'ਚ ਨਵੇਂ ਸਾਲ ਦੇ ਮੌਕੇ 'ਤੇ ਇਕ ਵਿਅਕਤੀ ਨੇ ਬਾਰ 'ਚ ਗੋਲੀਆਂ ਚਲਾ ਕੇ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਸਮੇਤ 10 ਲੋਕਾਂ ਦੀ ਹੱਤਿਆ ਕਰ ਦਿੱਤੀ। ਪਰਿਵਾਰ ਤੋਂ ਇਲਾਵਾ ਬਾਰ ਮਾਲਕ ਅਤੇ ਉਸਦੇ ਦੋ ਬੱਚੇ ਵੀ ਮਰਨ ਵਾਲਿਆਂ ਵਿੱਚ ਸ਼ਾਮਿਲ ਹਨ। ਚਾਰ ਲੋਕ ਜ਼ਖਮੀ ਵੀ ਹੋਏ ਹਨ।
ਦੋਸ਼ੀ ਹਮਲਾਵਰ ਦੀ ਪਛਾਣ 45 ਸਾਲਾ ਅਕੋ ਮਾਰਟਿਨੋਵਿਕ ਵਜੋਂ ਹੋਈ ਹੈ, ਜੋ ਹਮਲੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਉਸ ਨੂੰ ਫੜ੍ਹਨ ਲਈ ਪੁਲਸ ਨੇ ਇਲਾਕੇ ਦੇ ਸਾਰੇ ਰਾਹ ਬੰਦ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਦੋਸ਼ੀ ਹਮਲਾਵਰ ਨੇ ਖੁਦਕੁਸ਼ੀ ਕਰ ਲਈ ਸੀ। ਮਾਰਟਿਨੋਵਿਕ ਆਪਣੇ ਮਹਿਮਾਨਾਂ ਨਾਲ ਬਾਰ ਵਿੱਚ ਮੌਜੂਦ ਸੀ। ਸਥਾਨਕ ਪੁਲਿਸ ਮੁਤਾਬਕ ਘਟਨਾ ਦੀ ਸ਼ੁਰੂਆਤ ਬਾਰ 'ਚ ਝੜਪ ਨਾਲ ਹੋਈ। ਝੜਪ ਤੋਂ ਬਾਅਦ ਉਹ ਘਰ ਚਲਾ ਗਿਆ ਅਤੇ ਉਥੋਂ ਹਥਿਆਰ ਲੈ ਆਇਆ। ਇਸ ਤੋਂ ਬਾਅਦ ਉਸ ਨੇ ਸ਼ਾਮ 5:30 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਉਸ ਨੇ ਬਾਰ 'ਚ ਗੋਲੀਬਾਰੀ ਕਰਕੇ 4 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਬਾਰ ਮਾਲਕ ਅਤੇ ਉਸਦੇ ਦੋ ਬੱਚੇ ਮਾਰੇ ਗਏ ਹਨ। ਇਸ ਤੋਂ ਬਾਅਦ ਉਸ ਨੇ ਤਿੰਨ ਹੋਰ ਥਾਂਵਾਂ 'ਤੇ ਜਾ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਹੋਰ ਲੋਕਾਂ ਦੀ ਮੌਤ ਹੋ ਗਈ।
ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਪੁਲਿਸ ਨੇ ਝੜਪ ਦਾ ਕਾਰਨ ਪਰਿਵਾਰਕ ਸਬੰਧਾਂ ਨੂੰ ਮੰਨਿਆ ਹੈ।
ਹਮਲੇ ਤੋਂ ਬਾਅਦ ਸਰਕਾਰ ਨੇ ਵੀਰਵਾਰ ਤੋਂ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਮੋਂਟੇਨੇਗਰੀਨ ਦੇ ਪ੍ਰਧਾਨ ਮੰਤਰੀ ਮਿਲੋਜਕੋ ਸਪਜਿਕ ਨੇ ਗੋਲੀਬਾਰੀ ਨੂੰ ਇੱਕ ਭਿਆਨਕ ਦੁਖਾਂਤ ਦੱਸਿਆ ਹੈ। ਹਮਲੇ 'ਚ ਜ਼ਖਮੀਆਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਹਮਲਾਵਰ ਮਾਰਟਿਨੋਵਿਕ ਦਾ ਅਪਰਾਧਿਕ ਰਿਕਾਰਡ ਸੀ। ਉਸ ਨੂੰ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ ਸਜ਼ਾ ਵੀ ਸੁਣਾਈ ਗਈ ਸੀ, ਜਿਸ ਵਿਰੁੱਧ ਉਸ ਨੇ ਅਦਾਲਤ ਵਿਚ ਅਪੀਲ ਵੀ ਕੀਤੀ ਸੀ।