ਬੀਜਿੰਗ, 3 ਜਨਵਰੀ (ਪੋਸਟ ਬਿਊਰੋ): ਕੋਵਿਡ -19 ਦੇ 5 ਸਾਲਾਂ ਬਾਅਦ, ਚੀਨ ਵਿੱਚ ਇੱਕ ਵਾਰ ਫਿਰ ਇੱਕ ਨਵਾਂ ਵਾਇਰਸ ਫੈਲ ਰਿਹਾ ਹੈ। ਇਸ ਦੇ ਲੱਛਣ ਵੀ ਕੋਰੋਨਾ ਵਾਇਰਸ ਵਰਗੇ ਹਨ। ਇਸ ਨਵੇਂ ਵਾਇਰਸ ਦਾ ਨਾਂ ਹਿਊਮਨ ਮੇਟਾਪਨੀਓਮੋਵਾਇਰਸ ਹੈ, ਜੋ ਕਿ ਇੱਕ ਆਰਐੱਨਏ ਵਾਇਰਸ ਹੈ।
ਜਦੋਂ ਵਾਇਰਸ ਇਨਫੈਕਸ਼ਨ ਹੁੰਦੀ ਹੈ ਤਾਂ ਮਰੀਜ਼ ਜ਼ੁਕਾਮ ਅਤੇ ਕੋਵਿਡ -19 ਵਰਗੇ ਲੱਛਣ ਦਿਖਾਉਂਦੇ ਹਨ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿੱਚੋਂ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।
ਚੀਨ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀਡੀਸੀ) ਅਨੁਸਾਰ, ਇਸਦੇ ਲੱਛਣਾਂ ਵਿੱਚ ਖੰਘ, ਬੁਖਾਰ, ਨੱਕ ਬੰਦ ਹੋਣਾ ਅਤੇ ਗਲੇ ਵਿੱਚ ਘਰਘਰਾਹਟ ਆਉਣਾ ਸ਼ਾਮਿਲ ਹਨ। ਐੱਚਐੱਮਪੀਵੀ ਤੋਂ ਇਲਾਵਾ, ਇਨਫਲੂਐਨਜ਼ਾ ਏ, ਮਾਈਕੋਪਲਾਜ਼ਮਾ ਨਿਮੋਨੀਆ ਅਤੇ ਕੋਵਿਡ -19 ਦੇ ਕੇਸ ਵੀ ਸਾਹਮਣੇ ਆ ਰਹੇ ਹਨ। ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਸੋਸ਼ਲ ਮੀਡੀਆ 'ਤੇ ਮਰੀਜ਼ਾਂ ਦੀਆਂ ਫੋਟੋਆਂ ਪੋਸਟ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਵਾਇਰਸ ਫੈਲਣ ਤੋਂ ਬਾਅਦ ਕਈ ਥਾਵਾਂ 'ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦਾਅਵੇ ਮੁਤਾਬਕ ਹਸਪਤਾਲਾਂ ਅਤੇ ਸ਼ਮਸ਼ਾਨਘਾਟ 'ਚ ਭੀੜ ਵਧ ਰਹੀ ਹੈ।
ਹਾਲਾਂਕਿ ਚੀਨ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦਿ ਸਟਾਰ ਦੀ ਰਿਪੋਰਟ ਅਨੁਸਾਰ, ਸੀਡੀਸੀ ਨੇ ਕਿਹਾ ਹੈ ਕਿ ਅਸਥਮਾ ਅਤੇ ਕ੍ਰੋਨਿਕ ਅਬਸਟਰਕਟਿਵ ਪਲਮੋਨਰੀ ਵਰਗੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਵਿੱਚ ਇਨਫੈਕਸ਼ਨ ਦਾ ਖ਼ਤਰਾ ਜਿ਼ਆਦਾ ਹੁੰਦਾ ਹੈ।