ਮਾਸਕੋ, 3 ਜਨਵਰੀ (ਪੋਸਟ ਬਿਊਰੋ): ਰੂਸ 'ਚ ਰਹਿ ਰਹੇ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਬ੍ਰਿਟਿਸ਼ ਅਖਬਾਰ 'ਦਿ ਸਨ' ਮੁਤਾਬਕ 59 ਸਾਲਾ ਅਸਦ ਐਤਵਾਰ ਨੂੰ ਗੰਭੀਰ ਰੂਪ 'ਚ ਬੀਮਾਰ ਹੋ ਗਏ। ਉਹ ਗੰਭੀਰ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਤੋਂ ਪੀੜਤ ਸਨ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ।
ਜਾਂਚ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿੱਚ ਜ਼ਹਿਰ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਰਿਪੋਰਟ ਮੁਤਾਬਕ ਸੋਮਵਾਰ ਨੂੰ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋਇਆ ਅਤੇ ਹੁਣ ਉਹ ਬਿਹਤਰ ਹਾਲਤ 'ਚ ਹਨ।
ਇਸ ਦੌਰਾਨ ਰੂਸੀ ਅਧਿਕਾਰੀ ਜ਼ਹਿਰ ਦੇਣ ਵਿੱਚ ਸ਼ਾਮਿਲ ਮੁਲਜ਼ਮ ਨੂੰ ਲੱਭਣ ਵਿੱਚ ਲੱਗੇ ਹੋਏ ਹਨ। ਹਾਲਾਂਕਿ ਇਸ ਘਟਨਾ ਬਾਰੇ ਰੂਸੀ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਸੀਰੀਆ 'ਚ ਪਿਛਲੇ ਮਹੀਨੇ ਤਖਤਾਪਲਟ ਤੋਂ ਬਾਅਦ ਬਸ਼ਰ ਅਲ-ਅਸਦ ਆਪਣੇ ਪਰਿਵਾਰ ਨਾਲ ਮਾਸਕੋ 'ਚ ਹਨ। ਰੂਸ ਨੇ ਅਸਦ ਪਰਿਵਾਰ ਨੂੰ ਰਾਜਨੀਤਿਕ ਸ਼ਰਨ ਦੇ ਦਿੱਤੀ ਹੈ ਅਤੇ ਇੱਕ ਅਪਾਰਟਮੈਂਟ ਵਿੱਚ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ।
ਇੱਕ ਸਾਬਕਾ ਰੂਸੀ ਜਾਸੂਸ ਦੁਆਰਾ ਚਲਾਏ ਗਏ ਆਨਲਾਈਨ ਅਕਾਊਂਟ ਜਨਰਲ ਐੱਸਵੀਆਰ ਨੇ ਸਭ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਬਸ਼ਰ ਅਲ-ਅਸਦ ਬੀਮਾਰ ਹੋ ਗਏ ਹਨ। ਹਾਲਾਂਕਿ, ਅਸਦ ਨੂੰ ਜ਼ਹਿਰ ਕਿਸ ਨੇ ਦਿੱਤਾ, ਇਸ ਦਾ ਹਾਲੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੂਸੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਨਿਕੋਲਾਈ ਪਤਰੁਸ਼ੇਵ ਸਮੇਤ ਰੂਸੀ ਅਧਿਕਾਰੀਆਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਸੀ। ਉਦੋਂ ਤੋਂ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਅਸਦ ਜ਼ਹਿਰ ਦੇ ਸੰਪਰਕ ਵਿਚ ਕਿਵੇਂ ਆਏ।