ਕਿਹਾ-ਸੰਵਿਧਾਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ
ਵਾਸਿ਼ੰਗਟਨ, 23 ਦਸੰਬਰ (ਪੋਸਟ ਬਿਊਰੋ): ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਦੋਸ਼ ਲਗਾ ਰਹੇ ਹਨ ਕਿ ਇਸ ਸਰਕਾਰ ਵਿੱਚ ਰਾਸ਼ਟਰਪਤੀ ਦੀ ਅਸਲੀ ਤਾਕਤ ਐਲਨ ਮਸਕ ਕੋਲ ਹੋਵੇਗੀ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਸਕ ਅਮਰੀਕਾ ਦੇ ਰਾਸ਼ਟਰਪਤੀ ਬਣ ਸਕਦੇ ਹਨ। ਟਰੰਪ ਨੇ ਅਜਿਹੀਆਂ ਸਾਰੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਟਰੰਪ ਦਾ ਕਹਿਣਾ ਹੈ ਕਿ ਐਲਨ ਮਸਕ ਕਦੇ ਵੀ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਬਣ ਸਕਦੇ।
ਟਰੰਪ ਨੇ ਐਤਵਾਰ ਨੂੰ ਐਰੀਜ਼ੋਨਾ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮਸਕ ਰਾਸ਼ਟਰਪਤੀ ਨਹੀਂ ਬਣਨ ਜਾ ਰਹੇ। ਉਹ ਦੱਖਣੀ ਅਫਰੀਕਾ ਵਿੱਚ ਪੈਦਾ ਹੋਏ ਹਨ। ਉਹ ਇਸ ਦੇਸ਼ ਵਿੱਚ ਪੈਦਾ ਨਹੀਂ ਹੋਏ।
ਅਲ ਜਜ਼ੀਰਾ ਮੁਤਾਬਕ ਟਰੰਪ ਨੇ ਮਸਕ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਲਗਾਤਾਰ ਇਹ ਝੂਠ ਫੈਲਾ ਰਹੇ ਹਨ ਕਿ ਇਸ ਸਰਕਾਰ 'ਚ ਰਾਸ਼ਟਰਪਤੀ ਦੀ ਅਸਲੀ ਤਾਕਤ ਐਲਨ ਮਸਕ ਕੋਲ ਹੋਵੇਗੀ। ਮਸਕ ਦੇ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਬਣਨ ਦਾ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਸੰਵਿਧਾਨ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ।
ਅਮਰੀਕਾ ਦੇ ਸੰਵਿਧਾਨ ਮੁਤਾਬਕ ਅਮਰੀਕਾ ਵਿੱਚ ਪੈਦਾ ਹੋਇਆ ਅਮਰੀਕੀ ਨਾਗਰਿਕ ਹੀ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ।