ਨਿਊਯਾਰਕ, 22 ਦਸੰਬਰ (ਪੋਸਟ ਬਿਊਰੋ): ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਐਤਵਾਰ ਨੂੰ ਸਬਵੇਅ 'ਚ ਇਕ ਔਰਤ ਨੂੰ ਅੱਗ ਲਾ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਕਤਲ ਦੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਊਯਾਰਕ ਪੁਲਿਸ ਅਨੁਸਾਰ, ਦੋਸ਼ੀ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਸਬਵੇਅ ਵਿੱਚ ਔਰਤ ਕੋਲ ਪਹੁੰਚਿਆ ਅਤੇ ਸਟੇਸ਼ਨ `ਤੇ ਉਤਰਨ ਤੋਂ ਪਹਿਲਾਂ ਸਬਵੇਅ ਨੂੰ ਅੱਗ ਲਗਾ ਦਿੱਤੀ। ਅੱਗ 'ਚ ਝੁਲਸਣ ਕਾਰਨ ਔਰਤ ਦੀ ਮੌਤ ਹੋ ਗਈ।
ਨਿਊਯਾਰਕ ਪੁਲਿਸ ਕਮਿਸ਼ਨਰ ਜੈਸਿਕਾ ਟਿਸ਼ ਨੇ ਦੱਸਿਆ ਕਿ ਮੁਲਜ਼ਮ ਨੇ ਔਰਤ ਦੀ ਸਫ਼ੈਦ ਡਰੈੱਸ ਨੂੰ ਲਾਈਟਰ ਨਾਲ ਅੱਗ ਲਗਾ ਦਿੱਤੀ ਸੀ। ਅੱਗ ਲੱਗਣ ਕਾਰਨ ਕੱਪੜਾ ਕੁਝ ਹੀ ਸਕਿੰਟਾਂ ਵਿੱਚ ਸੜ ਕੇ ਸੁਵਾਹ ਹੋ ਗਿਆ। ਇਸ ਤੋਂ ਬਾਅਦ ਅੱਗ ਔਰਤ ਦੇ ਹੋਰ ਕੱਪੜਿਆਂ ਵਿੱਚ ਫੈਲ ਗਈ।
ਪੀੜਤ ਔਰਤ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਅੱਗ ਲਗਾਉਣ ਤੋਂ ਬਾਅਦ ਮੁਲਜ਼ਮ ਮੈਟਰੋ ਤੋਂ ਉਤਰ ਕੇ ਸਟੇਸ਼ਨ 'ਤੇ ਬੈਠ ਗਿਆ। ਪਲੇਟਫਾਰਮ 'ਤੇ ਬੈਠਾ ਉਹ ਔਰਤ ਨੂੰ ਸੜਦਾ ਦੇਖ ਰਿਹਾ ਸੀ।
ਟਿਸ਼ ਨੇ ਕਿਹਾ ਕਿ ਮੈਟਰੋ ਸਟੇਸ਼ਨ 'ਤੇ ਗਸ਼ਤ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਟਰੇਨ 'ਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਬਦਬੂ ਆਈ। ਇਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਪੀੜਤ ਨੂੰ ਅੱਗ ਲੱਗੀ ਹੋਈ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਅੱਗ ਬੁਝਾਈ।
ਮੌਕੇ 'ਤੇ ਪਹੁੰਚੇ ਐਮਰਜੈਂਸੀ ਸਰਵਿਸ ਦੇ ਕਰਮਚਾਰੀਆਂ ਨੇ ਜਾਂਚ ਤੋਂ ਬਾਅਦ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਸ਼ੁਰੂਆਤੀ ਬਿਆਨ 'ਚ ਕਿਹਾ ਕਿ ਘਟਨਾ ਦੇ ਸਮੇਂ ਔਰਤ ਸੌਂ ਰਹੀ ਸੀ। ਅੱਗ ਲਾਉਣ ਤੋਂ ਪਹਿਲਾਂ ਮੁਲਜ਼ਮ ਅਤੇ ਔਰਤ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਸੀ। ਪੁਲਿਸ ਮੁਤਾਬਕ ਦੋਵੇਂ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ।