ਟੋਰਾਂਟੋ, 28 ਨਵੰਬਰ (ਪੋਸਟ ਬਿਊਰੋ): ਪੀਲ ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ 'ਤੇ ਤਿੰਨ ਔਰਤਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਸਾਰੀਆਂ ਘਟਨਾਵਾਂ ਇਸੇ ਮਹੀਨੇ ਦੀਆਂ ਹਨ। ਮੁਲਜ਼ਮ ਔਰਤਾਂ ਨੂੰ ਰਾਈਡਸ਼ੇਅਰ ਆਪ੍ਰੇਟਰ ਦੱਸ ਕੇ ਆਪਣੇ ਜਾਲ ਵਿੱਚ ਫਸਾ ਲੈਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਅਲੱਗ-ਥਲੱਗ ਥਾਂਵਾਂ ’ਤੇ ਲਿਜਾਕੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ।
ਫੜ੍ਹੇ ਗਏ ਨੌਜਵਾਨ ਦੀ ਪਹਿਚਾਣ ਅਰਸ਼ਦੀਪ ਸਿੰਘ (22) ਵਜੋਂ ਹੋਈ ਹੈ। ਇਹ ਨੌਜਵਾਨ ਦਸੰਬਰ 2022 'ਚ ਸਟੱਡੀ ਵੀਜ਼ੇ 'ਤੇ ਪੰਜਾਬ ਤੋਂ ਕੈਨੇਡਾ ਆਇਆ ਸੀ। ਉਹ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਸੀ।
ਪੀਲ ਅਤੇ ਯਾਕ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਲਈ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਪੀੜਤ ਔਰਤਾਂ ਨੇ ਦੱਸਿਆ ਕਿ ਉਕਤ ਨੌਜਵਾਨ ਸਮੇਂ-ਸਮੇਂ 'ਤੇ ਪੰਜਾਬੀ 'ਚ ਗੱਲ ਕਰਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਕੱਲ੍ਹ (27 ਨਵੰਬਰ) ਪੁਲਿਸ ਨੇ ਮੁਲਜ਼ਮ ਨੂੰ ਫੜ੍ਹ ਲਿਆ।
ਮੁਲਜ਼ਮ ਖਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਹਨ। ਜਿਨਸੀ ਹਮਲੇ, ਹਥਿਆਰਾਂ ਨਾਲ ਜਿਨਸੀ ਹਮਲਾ, ਗਲਾ ਘੁੱਟ ਕੇ ਜਿਨਸੀ ਹਮਲੇ, ਲੁੱਟ ਅਤੇ ਡਰਾਉਣ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ। ਮੁਲਜ਼ਮ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੂੰ ਵੀ ਇਸ ਮੁਲਜ਼ਮ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।
ਜਾਣਕਾਰੀ ਅਨੁਸਾਰ 8 ਨਵੰਬਰ, 2024 ਤਕਰੀਬਨ ਸਵੇਰੇ 7:00 ਵਜੇ ਇੱਕ ਔਰਤ ਇੱਕ ਬੱਸ ਸਟਾਪ (ਕੰਟਰੀਸਾਈਡ ਡਰਾਈਵ ਅਤੇ ਬਰਮਲੇ ਰੋਡ, ਬਰੈਂਪਟਨ) 'ਤੇ ਖੜ੍ਹੀ ਸੀ। ਕਾਲੇ ਰੰਗ ਦੀ 4 ਦਰਵਾਜ਼ੇ ਵਾਲੀ ਸੇਡਾਨ ਕਾਰ ਦੇ ਡਰਾਈਵਰ ਨੇ ਆਪਣੇ ਆਪ ਨੂੰ ਰਾਈਡਸ਼ੇਅਰ ਆਪਰੇਟਰ ਵਜੋਂ ਪੇਸ਼ ਕੀਤਾ। ਔਰਤ ਨੂੰ ਵੌਨ ਸ਼ਹਿਰ (ਹਾਈਵੇਅ 27 ਅਤੇ ਨੈਸ਼ਵਿਲ ਰੋਡ) ਲੈ ਗਿਆ। ਔਰਤ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ।
ਉਸੇ ਦਿਨ ਸਵੇਰੇ 7:45 ਵਜੇ, ਇਕ ਹੋਰ ਔਰਤ ਗੋਰਿਜ਼ ਕ੍ਰੇਸੈਂਟ ਅਤੇ ਵਾਇਆ ਰੋਮਾਨੋ ਵੇ (ਬਰੈਂਪਟਨ) ਦੇ ਬੱਸ ਸਟਾਪ 'ਤੇ ਸੀ। ਮੁਲਜ਼ਮ ਉਸ ਨੂੰ ਹਾਈਵੇਅ 50 (ਗੋਰ ਰੋਡ ਦੇ ਦੱਖਣ) 'ਤੇ ਲੈ ਗਿਆ। ਉਸ ਦਾ ਜਿਨਸੀ ਸ਼ੋਸ਼ਣ ਕੀਤਾ।
16 ਨਵੰਬਰ, 2024 ਸਵੇਰੇ 6:45 ਵਜੇ ਦੇ ਕਰੀਬ, ਇੱਕ ਔਰਤ ਏਅਰਪੋਰਟ ਰੋਡ ਅਤੇ ਹੰਬਰਵੈਸਟ ਪਾਰਕਵੇਅ (ਬਰੈਂਪਟਨ) ਦੇ ਨੇੜੇ ਇੱਕ ਬੱਸ ਸਟਾਪ 'ਤੇ ਖੜ੍ਹੀ ਸੀ। ਮੁਲਜ਼ਮ ਔਰਤ ਨੂੰ ਕਾਊਂਟਰਾਈਡ ਡਰਾਈਵ (ਏਅਰਪੋਰਟ ਰੋਡ ਨੇੜੇ) ਲੈ ਗਿਆ। ਔਰਤ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ।