ਟੋਰਾਂਟੋ, 3 ਦਸੰਬਰ (ਪੋਸਟ ਬਿਊਰੋ): ਟੋਰਾਂਟੋ ਟਰਾਂਜਿਟ ਕਮਿਸ਼ਨ (ਟੀਟੀਸੀ) ਦੇ ਵਾਹਨਾਂ ਅਤੇ ਸਟੇਸ਼ਨਾਂ ਅੰਦਰ ਸਰਦੀਆਂ ਦੇ ਮਹੀਨੀਆਂ ਵਿੱਚ ਲਿਥੀਅਮ-ਆਇਨ ਨਾਲ ਚੱਲਣ ਵਾਲੇ ਈ-ਸਕੂਟਰ ਅਤੇ ਈ-ਬਾਈਕ `ਤੇ ਰੋਕ ਲਗਾ ਦਿੱਤੀ ਹੈ।
ਟੀਟੀਸੀ ਬੋਰਡ ਨੇ ਮੰਗਲਵਾਰ ਨੂੰ ਕਰਮਚਾਰੀਆਂ ਦੀ ਉਸ ਸਿਫਾਰਿਸ਼ ਦੇ ਪੱਖ ਵਿੱਚ ਵੋਟ ਕੀਤਾ, ਜਿਸ ਵਿੱਚ 15 ਨਵੰਬਰ ਤੋਂ 15 ਅਪ੍ਰੈਲ ਵਿਚਕਾਰ ਲਿਥੀਅਮ-ਆਇਨ ਨਾਲ ਚੱਲਣ ਵਾਲੇ ਮੋਬਿਲਿਟੀ ਯੰਤਰਾਂ ਦੇ ਸੰਚਾਲਨ, ਚਾਰਜਿੰਗ ਜਾਂ ਟ੍ਰਾਂਸਪੋਰਟ `ਤੇ ਰੋਕ ਲਗਾਈ ਗਈ ਸੀ।
ਟੀਟੀਸੀ ਬੋਰਡ ਦੇ ਪ੍ਰਧਾਨ ਜਮਾਲ ਮਾਇਰਸ ਨੇ ਬੋਰਡ ਵਲੋਂ ਕਿਹਾ, ਮੈਂ ਸੁਰੱਖਿਆ ਅਤੇ ਸਮਾਨਤਾ ਵਿਚਕਾਰ ਸੰਤੁਲਨ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਕਰਮਚਾਰੀਆਂ ਨੇ ਇਸ ਉੱਤੇ ਬਹੁਤ ਚਰਚਾ ਕੀਤੀ। ਅਸੀਂ ਕਈ ਵਾਰ ਗੱਲਬਾਤ ਕੀਤੀ ਅਤੇ ਮੈਂ ਕਹਾਂਗਾ ਕਿ ਅਸੀਂ ਫੂਡ ਡਿਲਿਵਰੀ ਕੰਪਨੀਆਂ ਨਾਲ ਵੀ ਬਹੁਤ ਹੀ ਸਾਕਾਰਾਤਮਕ ਗੱਲਬਾਤ ਕੀਤੀ, ਜਿਵੇਂ ਕਿ ਕੀ ਵਿਕਲਪ ਸਨ, ਕੀ ਸੰਭਾਵਨਾਵਾਂ ਸਨ ? ਪਰ ਅੰਤ ਵਿੱਚ, ਅਜਿਹਾ ਕੁੱਝ ਵੀ ਨਹੀਂ ਸੀ ਜੋ ਸਟੇਸ਼ਨ `ਤੇ ਬੈਟਰੀ ਲਿਆਉਣ ਅਤੇ ਅੱਗ ਲੱਗਣ ਦੀ ਸੰਭਾਵਨਾ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਸਕੇ।
ਰੋਕ ਨੂੰ ਮਨਜ਼ੂਰੀ ਦੇਣ ਤੋਂ ਇਲਾਵਾ, ਮਾਇਰਸ ਦੇ ਪ੍ਰਸਤਾਵ ਵਿੱਚ ਸ਼ਹਿਰ ਅਤੇ ਟੋਰਾਂਟੋ ਪਾਰਕਿੰਗ ਅਥਾਰਿਟੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟੀਟੀਸੀ ਕਰਮਚਾਰੀਆਂ, ਫੂਡ ਡਿਲਿਵਰੀ ਕੰਪਨੀਆਂ ਅਤੇ ਲੇਬਰ ਯੂਨੀਅਨਜ਼ ਨਾਲ ਮਿਲਕੇ ਸਟੇਸ਼ਨਾਂ ਕੋਲ ਵੱਧ ਸੁਰੱਖਿਅਤ ਈ-ਬਾਈਕ ਸਟੋਰ ਅਤੇ ਬੈਟਰੀ ਚਾਰਜਿੰਗ ਸੁਵਿਧਾਵਾਂ ਪ੍ਰਦਾਨ ਕਰਨ ਦੀ ਸੰਭਾਵਨਾ ਦਾ ਅਧਿਐਨ ਕਰਨ ਅਤੇ ਮਾਰਚ 2025 ਤੱਕ ਇੱਕ ਨੀਤੀ ਵਿਕਸਿਤ ਕਰਨ।