ਟੋਰਾਂਟੋ, 1 ਦਸੰਬਰ (ਪੋਸਟ ਬਿਊਰੋ): ਟੋਰਾਂਟੋ ਦੇ ਇੱਕ 29 ਸਾਲਾ ਵਿਅਕਤੀ `ਤੇ ਸਰਜਨ ਬਣਕੇ ਕਈ ਔਰਤਾਂ ਨੂੰ ਕਾਸਮੇਟਿਕ ਪ੍ਰਕਿਰਿਆਵਾਂ ਕਰਨ ਦੇ ਚਾਰਜਿਜ਼ ਲਗਾਏ ਗਏ ਹਨ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰ ਬੇ ਸਟਰੀਟ ਅਤੇ ਕਵੀਨਜ਼ ਕਵੇ ਵੇਸਟ ਦੇ ਇਲਾਕੇ ਵਿੱਚ ਹਥਿਆਰ ਨਾਲ ਹਮਲਾ ਦੀ ਘਟਨਾ ਬਾਰੇ ਵਿੱਚ ਸੂਚਨਾ ਮਿਲੀ ਸੀ।
ਜਾਂਚਕਰਤਾਵਾਂ ਨੂੰ ਪਤਾ ਚੱਲਿਆ ਕਿ ਇੱਕ ਵਿਅਕਤੀ ਨੇ ਡਾਗ ਪਾਰਕ ਵਿੱਚ ਚਾਰ ਔਰਤਾਂ ਨਾਲ ਸੰਪਰਕ ਕੀਤਾ ਅਤੇ ਖੁਦ ਨੂੰ ਸਥਾਨਕ ਹਸਪਤਾਲ ਵਿੱਚ ਸਰਜਨ ਹਾਰਵੇ ਆਰਕਮਬਿਊ ਦੇ ਰੂਪ ਵਿੱਚ ਪੇਸ਼ ਕੀਤਾ।
ਪੁਲਿਸ ਦਾ ਦੋਸ਼ ਹੈ ਕਿ ਵਿਅਕਤੀ ਨੇ ਆਪਣੇ ਘਰ ਤੋਂ ਔਰਤਾਂ ਨੂੰ ਕਾਸਮੈਟਿਕ ਪ੍ਰਕਿਰਿਆਵਾਂ ਕਰਨ ਦੀ ਪੇਸ਼ਕਸ਼ ਕੀਤੀ। ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੀੜਤਾਂ ਨੇ ਘਰ ਜਾਕੇ ਬੋਟੋਕਸ, ਓਜੇਂਪਿਕ ਅਤੇ ‘ਸੈਲਮਨ ਡੀਐੱਨਏ ਇੰਜੈਕਸ਼ਨ ਲਗਵਾਏ।
ਇਸਤੋਂ ਬਾਅਦ ਔਰਤਾਂ ਨੂੰ ਵਿਅਕਤੀ ਦੇ ਵਿਵਹਾਰ `ਤੇ ਸ਼ੱਕ ਹੋਇਆ ਅਤੇ ਛੇਤੀ ਹੀ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਪ੍ਰਕਿਰਿਆਵਾਂ ਕਰਨ ਲਈ ਯੋਗ ਨਹੀਂ ਹੈ। ਪੁਲਿਸ ਨੇ ਕਿਹਾ ਕਿ ਪੀੜਤਾਂ ਨੇ ਬਾਅਦ ਵਿੱਚ ਉਨ੍ਹਾਂ ਨੂੰ ਸੰਪਰਕ ਕਰਕੇ ਉਸਦੀ ਸ਼ਿਕਾਇਤ ਕੀਤੀ।
ਯੁਸਾਕ ਨਾਮ ਦੇ ਇਸ ਵਿਅਕਤੀ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ `ਤੇ ਹਥਿਆਰ ਨਾਲ ਹਮਲਾ ਕਰਨ ਦੇ ਸੱਤ ਅਤੇ ਆਮ ਪ੍ਰੇਸ਼ਾਨ ਕਰਨ ਦੇ ਇੱਕ ਮਾਮਲੇ ਦੇ ਚਾਰਜਿਜ਼ ਲਗਾਏ ਗਏ। ਪੁਲਿਸ ਨੇ ਮੁਲਜ਼ਮ ਦੀ ਤਸਵੀਰ ਜਾਰੀ ਕੀਤੀ ਹੈ ਕਿਉਂਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਹਨ।