ਬਰੈਂਪਟਨ, 26 ਨਵੰਬਰ (ਪੋਸਟ ਬਿਊਰੋ): ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, ਜਿਵੇਂ ਹਰੇਕ ਚੀਜ਼ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੋਵੇ। ਹੁਣ ਜਦੋਂ ਕਿ ਮਹਿੰਗਾਈ ਦੀ ਦਰ ਸੁੰਗੜ ਰਹੀ ਹੈ ਅਤੇ ਚੀਜ਼ਾਂ ਦੀਆਂ ਕੀਮਤਾਂ ਵੀ ਕੁਝ ਹੇਠਾਂ ਵੱਲ ਸਰਕ ਰਹੀਆਂ ਹਨ, ਪਰ ਫਿਰ ਵੀ ਕੈਨੇਡਾ-ਵਾਸੀ ਮਹਿਸੂੂਸ ਕਰਦੇ ਹਨ ਕਿ ਉਨ੍ਹਾਂ ਦੇ ਬੱਜਟ ਡਾਵਾਂਡੋਲ ਹੋ ਰਹੇ ਹਨ। ਸਰਕਾਰ ਇਨ੍ਹਾਂ ਕੀਮਤਾਂ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਨਹੀਂ ਰੱਖ ਸਕਦੀ ਪਰ ਉਹ ਲੋਕਾਂ ਦੀ ਵਿੱਤੀ-ਸਹਾਇਤਾ ਜ਼ਰੂਰ ਕਰ ਸਕਦੀ ਹੈ ਤਾਂ ਜੋ ਉਹ ਲੋੜੀਂਦੀਆਂ ਵਸਤਾਂ ਖ਼ਰੀਦ ਸਕਣ ਅਤੇ ਆਪਣੇ ਲਈ ਕੁਝ ਬੱਚਤ ਵੀ ਕਰ ਸਕਣ।
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ,“ਅਸੀਂ ਸਾਰੇ ਪਾਰਲੀਮੈਂਟ ਮੈਂਬਰਾਂ ਤੇ ਰਾਜਸੀ ਪਾਰਟੀਆਂ ਨੂੰ ਇਸ ਦੇ ਬਾਰੇ ਬਿੱਲ ਜਲਦੀ ਤੋਂ ਜਲਦੀ ਸਰਬਸੰਮਤੀ ਨਾਲ ਪਾਸ ਕਰਨ ਼ਲਈ ਉਤਸ਼ਾਹਿਤ ਕਰ ਰਹੇ ਹਾਂ ਤਾਂ ਜੋ ਕੈਨੇਡਾ-ਵਾਸੀਆਂ ਨੂੰ ਇਹ ਵਿੱਤੀ-ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।”
ਉਨ੍ਹਾਂ ਕਿਹਾ ਕਿ 14 ਦਸੰਬਰ ਤੋਂ ਸ਼ੁਰੂਆਤ ਕਰਕੇ ਸਰਕਾਰ ਸਾਰੇ ਕੈਨੇਡਾ-ਵਾਸੀਆਂ ਨੂੰ ਟੈਕਸ ਰੀਬੇਟ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰੀਕ ਤੋਂ ਹੇਠ ਲਿਖੀਆਂ ਚੀਜ਼ਾਂ ਉੱਪਰ ਜੀਐੱਸਟੀ/ਐੱਚਐੱਸਟੀ ਨਹੀਂ ਲਗਾਇਆ ਜਾਏਗਾ :
ਬਣੇ-ਬਣਾਏ ਖਾਣੇ ਜਿਨ੍ਹਾਂ ਵਿੱਚ ਸਬਜ਼ੀਆਂ ਦੀਆਂ ਟਰੇਆਂ, ਸਲਾਦ ਅਤੇ ਸੈਂਡਵਿਚ ਸ਼ਾਮਲ ਹਨ।
ਰੈਸਟੋਰੈਂਟਾਂ ਵਿਚ ਖਾਣਾ ਜਿਸ ਵਿਚ ਡਾਈਨ-ਇਨ, ਟੇਕ-ਆਊਟ ਅਤੇ ਖਾਣੇ ਦੀ ਡਲਿਵਰੀ ਵੀ ਸ਼ਾਮਲ ਹੈ।
ਸਨੈਕਸ ਜਿਨ੍ਹਾਂ ਵਿੱਚ ਚਿਪਸ, ਕੈਂਡੀ, ਗਰਨੋਲਾ ਬਾਰ਼ ਆਦਿ ਸ਼ਾਮਲ ਹਨ।
ਬੀਅਰ, ਵਾਈਨ, ਸਾਈਡਰ ਅਤੇ 7% ਏਬੀਵੀ ਤੋਂ ਹੇਠਲੇ ਪ੍ਰੀ-ਮਿਕਸ ਅਲਕੋਹਲਿਕ ਬੀਵਰੇਜ।
ਬੱਚਿਆਂ ਦੇ ਕੱਪੜੇ, ਬੂਟ, ਕਾਰ-ਸੀਟਾਂ ਤੇ ਡਾਇਪਰ।
ਬੱਚਿਆਂ ਦੇ ਖਿਡਾਉਣੇ, ਜਿਵੇਂ ਬੋਰਡ-ਗੇਮਾਂ, ਡੌਲਾਂ ਤੇ ਵੀਡੀਉ-ਗੇਮਾਂ।
ਪੁਸਤਕਾਂ, ਪ੍ਰਿੰਟ ਅਖ਼ਬਾਰਾਂ ਤੇ ਅੜਾਉਣੀਆਂ।
ਇਹ ਟੈਕਸ ਰੀਬੇਟ 15 ਫ਼ਰਵਰੀ 2025 ਤੱਕ ਜਾਰੀ ਰਹੇਗੀ ਅਤੇ ਇਸ ਨਾਲ ਕੈਨੇਡਾ-ਵਾਸੀਆਂ ਨੂੰ ਕਾਫ਼ੀ ਬੱਚਤ ਹੋ ਸਕੇਗੀ।
ਇਸ ਦੇ ਨਾਲ ਹੀ ਕੈਨੇਡਾ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ‘ਵਰਕਿੰਗ ਕੈਨੇਡੀਅਨਜ਼ ਰੀਬੇਟ’ ਵੀ ਦਿੱਤੀ ਗਈ ਹੈ। ਇਸ ਦਾ ਭਾਵ ਹੈ ਕਿ ਜਿਨ੍ਹਾਂ ਕੈਨੇਡੀਅਨਾਂ ਨੇ ਸਾਲ 2023 ਵਿਚ ਕੰਮ ਕੀਤਾ ਹੈ ਅਤੇ ਇਸ ਦੌਰਾਨ 150,000 ਡਾਲਰ ਸਲਾਨਾ ਕਮਾਈ ਕੀਤੀ ਹੈ, ਉਨ੍ਹਾਂ ਨੂੰ ਸਾਲ 2025 ਦੇ ਆਰੰਭ ਵਿੱਚ 250 ਡਾਲਰ ਦੇ ਚੈੱਕ ਡਾਕ ਰਾਹੀ ਭੇਜੇ ਜਾਣਗੇ ਜਾਂ ਇਹ ਉਨ੍ਹਾਂ ਦੇ ਬੈਂਕ-ਖਾਤਿਆਂ ਵਿੱਚ ਜਮ੍ਹਾਂ ਹੋ ਜਾਣਗੇ। ਇਸ ਨਾਲ ਮੱਧ-ਵਰਗ ਦੇ 18,7 ਮਿਲੀਅਨ ਕੈਨੇਡਾ-ਵਾਸੀਆਂ ਨੂੰ ਲਾਭ ਹੋਵੇਗਾ। ਆਉਂਦੇ ਕੁਝ ਹਫ਼ਤਿਆਂ ਵਿਚ ਲੋਕ ਆਪਣੇ ਪਰਿਵਾਰਾਂ ਨਾਲ ਮਿਲ ਬੈਠ ਕੇ ਵਧੀਆ ਸਮਾਂ ਗੁਜ਼ਾਰਨਗੇ। ਕਈ ਕ੍ਰਿਸਮਸ-ਰੁੱਖਾਂ ਨੂੰ ਰੁਸ਼ਨਾਉਣਗੇ ਅਤੇ ਦੂਸਰਿਆਂ ਲਈ ਤੋਹਫ਼ੇ ਖ੍ਰੀਦਣਗੇ। ਆਪਣੇ ਦੋਸਤਾਂ-ਮਿੱਤਰਾਂ ਨਾਲ ਮਿਲ ਕੇ ਰੈਸਟੋਰੈਂਟਾਂ ਵਿਚ ਪਾਰਟੀਆਂ ਕਰਨਗੇ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, “ਸਾਡੀ ਸਰਕਾਰ ਕੀਮਤਾਂ ਨਿਸਚਤ ਨਹੀਂ ਕਰ ਸਕਦੀ ਪਰ ਅਸੀਂ ਕੈਨੇਡਾ-ਵਾਸੀਆਂ, ਖ਼ਾਸ ਤੌਰ ’ਤੇ ਕੰਮ-ਕਾਜੀ ਕੈਨੇਡੀਅਨਾਂ ਦੀਆਂ ਜੇਬਾਂ ਵਿਚ ਡਾਲਰ ਮੁੜ ਪਾ ਸਕਦੇ ਹਾਂ। ਸਮੂਹ ਕੈਨੇਡਾ-ਵਾਸੀਆਂ ਲਈ ਟੈਕਸ ਰੀਬੇਟ ਅਤੇ ਕੰ-ਕਾਜੀ ਕੈਨੇਡੀਅਨਾਂ ਲਈ ‘ਵਰਕਿੰਗ ਕੈਨੇਡੀਅਨਜ਼ ਰੀਬੇਟ’ ਰਾਹੀਂ ਲੋੜੀਂਦੀਆਂ ਚੀਜ਼ਾਂ-ਵਸਤਾਂ ਦੀ ਖ਼੍ਰੀਦ ਲਈ ਉਨ੍ਹਾਂ ਦੀ ਵਿੱਤੀ-ਮਦਦ ਕਰ ਸਕਦੇ ਹਾਂ।”
ਡਿਪਟੀ ਪ੍ਰਾਈਮ ਮਨਿਸਟਰ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਇਸ ਦੇ ਬਾਰੇ ਕਹਿਣਾ ਸੀ, “ਛੁੱਟੀਆਂ ਦਾ ਸੀਜ਼ਨ ਆ ਰਿਹਾ ਹੈ ਜਦੋਂ ਬਹੁਤ ਸਾਰੇ ਕੈਨੇਡਾ-ਵਾਸੀਆਂ ਦੇ ਖ਼ਰਚੇ ਕਾਫ਼ੀ ਵਧੇ ਹੋਏ ਹਨ। ਭਾਵੇਂ ਮਹਿੰਗਾਈ ਵਿਚ 2% ਕਮੀ ਆਈ ਹੈ ਅਤੇ ਬੈਂਕ ਰੇਟ ਵੀ ਇਸ ਸਾਲ ਚਾਰ ਵਾਰ ਘਟੇ ਹਨ, ਪਰ ਫਿਰ ਵੀ ਪਰਿਵਾਰਾਂ ਦੇ ਖ਼ਰਚੇ ਪੂਰੇ ਹੋਣੇ ਮੁਸ਼ਕਲ ਹਨ। ਗਰੌਸਰੀ ਅਤੇ ਹੋਰ ਕਈ ਸੀਜ਼ਨਲ ਆਈਟਮਾਂ ਉੱਪਰ ਟੈਕਸ ਰੀਬੇਟ ਦੇ ਕੇ ਆਮ ਲੋਕਾਂ ਅਤੇ ਕੰਮ-ਕਾਜੀ ਕੈਨੇਡੀਅਨਾਂ ਨੂੰ ਕੁਝ ਰਾਹਤ ਪਹੁੰਚਾਉਣ ਦੀ ਕੋਸਿ਼ਸ਼ ਕੀਤੀ ਗਈ ਹੈ। ਅਜਿਹਾਂ ਲੋਕਾਂ ਲਈ ਆਪਣੇ ਪਰਿਵਾਰਾਂ ਨਾਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਨ ਅਤੇ ਸਾਲ 2025 ਵਿਚ ਕੁਝ ਰਕਮ ਉਨ੍ਹਾਂ ਦੇ ਬੈਂਕ-ਖ਼ਾਤਿਆਂ ਵਿਚ ਪਾਉਣ ਲਈ ਕੀਤਾ ਗਿਆ ਹੈ।”