250 ਤੋਂ ਵਧੇਰੇ ਡੈਲੀਗੇਟ ਤੇ ਸਰੋਤੇ ਸ਼ਾਮਿਲ ਹੋਏ
ਬਰੈਂਪਟਨ (ਡਾ. ਝੰਡ) - ਲੰਘੇ ਬੁੱਧਵਾਰ 27 ਨਵੰਬਰ ਨੂੰ ਬਰੈਂਪਟਨ ਦੇ ‘ਲਾਇਨਹੈੱਡ ਗੌਲਫ਼ ਕਲੱਬ’ ਦੇ ਵਿਸ਼ਾਲ ਹਾਲ ਵਿੱਚ ਟਰੱਕਿੰਗ ਖੇ਼ਤਰ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ - ਨਵੀਂਆਂ ਟੈੱਕਨਾਲੌਜੀਆਂ ਤੇ ਭਵਿੱਖ, ਨੈੱਟਵਰਕਿੰਗ, ਫ਼ਾਈਨਾਂਸ, ਇੰਨਸ਼ੋਅਰੈਂਸ, ਟਰਾਂਸਪੋਰਟੇਸ਼ਨ, ਫਰਾਡ ਅਤੇ ਚੋਰੀ, ਆਦਿ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ‘ਫ਼ਲੀਟ ਐੱਗਜ਼ੈੱਕਟਿਵ ਸੰਮਿਟ ਟੋਰਾਂਟੋ-2024’ ਦਾ ਆਯੋਜਨ ਕੀਤਾ ਗਿਆ।
Fleetexecutivesummit.ca ਵੱਲੋਂ ਆਯੋਜਿਤ ਕੀਤੀ ਗਈ ਇਸ ਸੰਮਿਟ ਵਿੱਚ 250 ਤੋਂ ਵਧੇਰੇ ਡੈਲੀਗੇਟਾਂ ਅਤੇ ਟਰੱਕਿੰਗ ਖ਼ੇਤਰ ਨਾਲ ਜੁੜੇ ਵਿਅੱਕਤੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ ਪਹਿਲਾਂ ਤੋਂ ਰਜਿਸਟਰ ਹੋਏ 235 ਡੈਲੀਗੇਟ ਸਨ ਅਤੇ ਬਾਕੀ ਬੈਂਕਾਂ ਤੇ ਇਨਸ਼ੋਅਰੈਂਸ ਆਦਿ ਟਰੱਕਾਂ ਨਾਲ ਸਬੰਧਿਤ ਖੇਤਰਾਂ ਨਾਲ ਜੁੜੇ ਹੋਏ ਲੋਕ ਸ਼ਾਮਲ ਸਨ ਜੋ ਮੌਕੇ ‘ਤੇ ਹੀ ਪਹੁੰਚੇ। ਵਿਸ਼ੇਸ਼ ਮਹਿਮਾਨ-ਬੁਲਾਰੇ ਵਜੋਂ ਸੰਮਿਟ ਵਿੱਚ ਟਰਾਂਸਪੋਰਟੇਸ਼ਨ ਐਂਡ ਫਿਊਲ ਡੀਕਾਰਬੋਨਾਈਜ਼ੇਸ਼ਨ ਪ੍ਰੋਗਰਾਮ ਨਾਲ ਸਬੰਧਿਤ ਜੈੱਸ ਡੇਵ ਸ਼ਾਮਲ ਹੋਏ, ਜਦ ਕਿ ਉਨਟਾਰੀਉ ਸੂਬੇ ਦੇ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਆਪਣੇ ਹੋਰ ਜ਼ਰੂਰੀ ਰੁਝੇਵਿਆਂ ਕਾਰਨ ਨਾ ਪਹੁੰਚ ਸਕੇ ਅਤੇ ਉਨ੍ਹਾਂ ਆਪਣੇ ਸੁਨੇਹੇ ਵਿਸ਼ੇਸ਼ ਵਿਅੱਕਤੀਆਂ ਰਾਹੀਂ ਭੇਜ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਹਾਜ਼ਰੀਨ ਵਿੱਚ ਹਰੇਕ ਕਮਿਊਨਿਟੀ ਦੇ ਲੋਕ ਸ਼ਾਮਲ ਸਨ ਅਤੇ ਉੁਨ੍ਹਾਂ ਵਿੱਚ ਬਹੁਤਾਤ ਬੇਸ਼ਕ ਗੋਰਾ ਕਮਿਊਨਿਟੀ ਦੀ ਸੀ, ਪਰ ਫਿਰ ਵੀ ਪੰਜਾਬੀ ਕਮਿਊੂਨਿਟੀ ਨੇ ਇਸ ਵਿੱਚ ਵਧੀਆ ਜਿ਼ਕਰਯੋਗ ਸ਼ਮੂਲੀਅਤ ਕੀਤੀ।
ਜੇਕ ਧੀਰ ਦੇ ਮੁੱਢਲੇ-ਸ਼ਬਦਾਂ ਅਤੇ ਐਲਨ ਆਰਕੈਂਡ ਦੇ ਕੀ-ਨੋਟ ਐਡਰੈੱਸ ਨਾਲ ਸਵੇਰੇ ਸਾਢੇ ਅੱਠ ਵਜੇ ਆਰੰਭ ਹੋਈ ਇਸ ਸੰਮਿਟ-2024 ਜੋ ਸ਼ਾਮ ਦੇ ਪੰਜ ਵਜੇ ਤੀਕ ਚੱਲੀ, ਦੌਰਾਨ ਹੋਈਆਂ ਪੈਨਲ-ਡਿਸਕਸ਼ਨਜ਼ ਅਤੇ ਕਈ ਅਹਿਮ ਵਿਅੱਕਤੀਆਂ ਵੱਲੋਂ ਪੇਸ਼ ਕੀਤੇ ਗਏ ਆਪਣੇ ਪੇਪਰਾਂ ਵਿੱਚ ਟਰੱਕਿੰਗ ਦੇ ਵੱਖ-ਵੱਖ ਖੇ਼ਤਰਾਂ, ਜਿਵੇਂ ਟਰਾਂਸਪੋਰਟੇਸ਼ਨ ਦੇ ਭਵਿੱਖ, ਵਿੱਤੀ ਤੇ ਨੇਵੀਗੇਸ਼ਨ ਦੀਆਂ ਚੁਣੌਤੀਆਂ, ਇੰਸ਼ੋਅਰੈਂਸ ਖੇਤਰ ਨੂੰ ਡੂੰਘਾਈ ਨਾਲ ਸਮਝਣ, ਕੰਪਨੀਆਂ ਦੇ ਇੱਕ ਦੂਸਰੇ ਵਿੱਚ ਮਿਲਣ ਤੇ ਨਵੀਆਂ ਕੰਪਨੀਆਂ ਦੇ ਪਸਾਰ ਨਾਲ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕਸ ਖ਼ੇਤਰ ਵਿੱਚ ਵਿਕਾਸ, ਸੁਰੱਖਿਅਤ ਜ਼ੀਰੋ-ਇਮੀਸ਼ਨ਼ ਵਹੀਕਲਾਂ, ਆਦਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਪੈਨਲਿਸਟਾਂ ਵਿਚ ਪੰਜਾਬੀ ਕਮਿਊਨਿਟੀ ਦੇ ਸੁਖਜੀਤ ਧਾਲੀਵਾਲ, ਅਜੈ ਢੀਗਰਾ ਅਤੇ ਤਾਰਿਕ ਕੁਰੈਸ਼ੀ ਵੀ ਸ਼ਾਮਲ ਸਨ।
ਇਸ ਦੌਰਾਨ ਪੀਲ ਪੋਲੀਸ ਦੇ ਅਫ਼ਸਰ ਸਕੌਟ ਡੇਵ ਜੋ ਉਨਟਾਰੀਉ ਪ੍ਰੋਵਿੰਸ਼ੀਅਲ ਪੋਲੀਸ ਵਿਚ ਸੀਨੀਅਰ ਡਿਟੈੱਕਟਿਵ ਇਨਸਪੈੱਕਰ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ, ਨੇ 2020 ਤੋਂ 2023 ਦੌਰਾਨ ਟਰੱਕਾਂ, ਟਰੇਲਰਾਂ ਤੇ ਹੋਰ ਵਾਹਨਾਂ ਦੀਆਂ ਹੋਈਆਂ ਚੋਰੀਆਂ ਅਤੇ ਫਰਾਡਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 2020 ਤੋਂ 2023 ਤੱਕ 3 ਬਿਲੀਅਨ ਡਾਲਰਾਂ ਦਾ ਮਾਲ ਚੋਰੀ ਹੋਇਆ ਜਿਸ ਵਿੱਚੋਂ ਪੋਲੀਸ 78% ਫੜ੍ਹਨ ਵਿੱਚ ਕਾਮਯਾਬ ਹੋਈ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਦੇ ਇਸ ਅਰਸੇ ਦੌਰਾਨ 1065 ਕਾਰਗੋ ਟਰੱਕ ਚੋਰੀ ਹੋਏ ਜਿਨ੍ਹਾਂ ਵਿੱਚੋ 665 ਬਰਾਮਦ ਕਰ ਲਏ ਗਏ। ਉਨਟਾਰੀਉ ਪ੍ਰੋਵਿੰਸ਼ੀਅਲ ਦੇ ਹੀ ਇੱਕ ਹੋਰ ਪੋਲੀਸ ਅਫ਼ਸਰ ਕੈਰੀ ਸ਼ਮਿਟ ਨੇ ਉਨਟਾਰੀੳ ਵਿੱਚ ਮਹਿੰਗੀਆਂ ਕਾਰਾਂ ਤੇ ਹੋਰ ਵਾਹਨਾਂ ਦੀ ਚੋਰੀ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੇਨ-ਹਾਲ ਵਿੱਚ ਜਿੱਥੇ ਟਰੱਕਿੰਗ ਇੰਡਸਟਰੀ ਨੂੰ ਦਰਪੇਸ਼ ਮੁਸ਼ਕਲਾਂ ਤੇ ਚੁਣੌਤੀਆਂ ਬਾਰੇ ਇਹ ਗੰਭੀਰ ਵਿਚਾਰ-ਵਿਚਾਰ ਵਟਾਂਦਰਾ ਚੱਲ ਰਿਹਾ ਸੀ, ਉੱਥੇ ਨਾਲ ਹੀ ਇਸ ਦੇ ਸੱਜੇ ਪਾਸੇ ਅਤੇ ਬਾਹਰਵਾਰ ਇੱਕ ਹੋਰ ਖੁੱਲ੍ਹੇ ਹਾਲ ਵਿੱਚ ਟਰੱਕਿੰਗ ਖ਼ੇਤਰ ਨਾਲ ਸਬੰਧਿਤ ਲਗਾਈਆਂ ਗਈਆਂ ਪਰਦਰਸ਼ਨੀਆਂ ਦੇ ਵੱਖ-ਵੱਖ ਸਟਾਲਾਂ ਵਿੱਚ ਇਸ ਦੇ ਨਾਲ ਜੁੜੇ ਸਾਜ਼ੋ-ਸਮਾਨ, ਜਿਵੇਂ ਵੱਖ-ਵੱਖ ਨੇਵੀਗੇਸ਼ਨ ਯੰਤਰਾਂ, ਟਰੱਕਾਂ ਦੀ ਲੋਕੇਸ਼ਨ ਚੈੱਕ ਕਰਨ ਵਾਲੇ ਉਪਕਰਣਾਂ ਅਤੇ ਟਰੱਕਿੰਗ ਵਿਚ ਵਰਤੇ ਜਾਣ ਵਾਲੇ ਹੋਰ ਸਮਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ।
ਕਾਨਫਰੰਸ ਹਾਲ ਦੇ ਬਾਹਰਵਾਰ ਪਾਰਕਿੰਗ ਵਿਚ ਬਿਜਲਈ-ਊਰਜਾ ਨਾਲ ਚੱਲਣ ਵਾਲੇ ਦੋ ਟਰੱਕਾਂ ਅਤੇ ਹਾਈਡਰੋਜਨ ਗੈਸ ਨਾਲ ਚੱਲਣ ਵਾਲੇ ਇੱਕ ਟਰੱਕ ਨੂੰ ਪਰਦਰਸ਼ਨੀ ਦੇ ਰੂਪ ਵਿੱਚ ਖੜੇ ਕੀਤਾ ਗਿਆ ਸੀ ਜਿਨ੍ਹਾਂ ਨੂੰ ਲੋਕ ਬੜੇ ਉਤਸ਼ਾਹ, ਰੀਝ ਅਤੇ ਨੀਝ ਨਾਲ ਵੇਖ ਰਹੇ ਸਨ। ਉਹ ਇਨ੍ਹਾਂ ਟਰੱਕਾਂ ਦੀਆਂ ਵਿਸ਼ੇਸ਼ਤਾਈਆਂ ਦੇ ਨਾਲ ਨਾਲ ਇਨ੍ਹਾਂ ਨਾਲ ਭਵਿੱਖ ਵਿੱਚ ਆਉਣ ਵਾਲੀਆਂ ਸੰਭਾਵੀ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਵੀ ਪ੍ਰਾਪਤ ਕਰ ਰਹੇ ਸਨ।
‘ਫਲੀਟ ਐੱਗਜ਼ੈੱਕਟਿਵ ਸੰਮਿਟ-2024’ ਨਾਲ ਜੁੜੇ ਇਸ ਈਵੈਂਟ ਦੇ ਪ੍ਰਬੰਧਕਾਂ ਵੱਲੋਂ ਇਸ ਸਾਰੇ ਪ੍ਰੋਗਰਾਮ ਦੇ ਪ੍ਰਬੰਧਾਂ ਦੀ ਬੜੀ ਸੁਚੱਜਤਾ ਨਾਲ ਦੇਖ-ਰੇਖ ਕੀਤੀ ਜਾ ਰਹੀ ਸੀ। ਪ੍ਰਬੰਧਕਾਂ ਵਿੱਚ ਨਵੀਨ ‘ਨਵ’, ਹਰਮਨਜੀਤ ਝੰਡ, ਤਾਰਿਕ ਕੁਰੈਸ਼ੀ, ਬਰੈਸ ਵਾਈਟੇਕਰ ਤੇ ਕਈ ਹੋਰਨਾਂ ਦੀ ਸਮੁੱਚੀ ਟੀਮ ਸਾਰੇ ਪਾਸੇ ਫਿਰ-ਤੁਰ ਕੇ ਇਸ ਸਾਰੇ ਪ੍ਰਬੰਧ ਨੂੰ ਵੇਖ ਰਹੀ ਸੀ। ਕਾਨਫ਼ਰੰਸ ਹਾਲ ਦੇ ਮੁੱਖ-ਗੇਟ ਦੇ ਬਾਹਰਵਾਰ ਕਾਇਮ ਕੀਤਾ ਗਿਆ ‘ਇਨਫਰਮੇਸ਼ਨ ਸੈਂਟਰ’ ਕਾਨਫਰੰਸ ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕਰ ਰਿਹਾ ਸੀ। ਕਾਨਫ਼ਰੰਸ ਦੇ ਪ੍ਰਬੰਧਕਾਂ ਵੱਲੋਂ ਡੈਲੀਗੇਟਾਂ ਤੇ ਹੋਰ ਮਹਿਮਾਨਾਂ ਲਈ ਬਰੇਕ-ਫ਼ਾਸਟ, ਲੰਚ ਅਤੇ ਡਿਨਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।