ਮਾਸਕੋ, 19 ਨਵੰਬਰ (ਪੋਸਟ ਬਿਊਰੋ): ਰੂਸ-ਯੂਕਰੇਨ ਯੁੱਧ ਤੋਂ ਬਾਅਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਹਿਲੀ ਵਾਰ ਭਾਰਤ ਦਾ ਦੌਰਾ ਕਰਨਗੇ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਪੁਤਿਨ ਦੇ ਦੌਰੇ ਦੀਆਂ ਤਰੀਕਾਂ ਦਾ ਐਲਾਨ ਕਰਨਗੇ। ਅਸੀਂ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਦਿਮਿਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਰੂਸ ਦੇ ਦੋ ਦੌਰਿਆਂ ਤੋਂ ਬਾਅਦ ਹੁਣ ਰਾਸ਼ਟਰਪਤੀ ਪੁਤਿਨ ਭਾਰਤ ਦੇ ਦੌਰੇ 'ਤੇ ਆ ਰਹੇ ਹਨ, ਇਸ ਲਈ ਅਸੀਂ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਇਸ ਦੌਰਾਨ ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪੁਤਿਨ ਅਗਲੇ ਸਾਲ ਰੂਸ-ਭਾਰਤ ਸਾਲਾਨਾ ਸੰਮੇਲਨ ਵਿਚ ਆ ਸਕਦੇ ਹਨ।
ਪ੍ਰਧਾਨ ਮੰਤਰੀ ਮੋਦੀ ਇਸ ਸਾਲ ਦੋ ਵਾਰ ਰੂਸ ਦਾ ਦੌਰਾ ਕਰ ਚੁੱਕੇ ਹਨ। ਉਹ ਬ੍ਰਿਕਸ ਸੰਮੇਲਨ ਲਈ 22 ਅਕਤੂਬਰ ਨੂੰ ਰੂਸ ਗਏ ਸਨ। ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਮੋਦੀ ਦੋ ਦਿਨਾਂ ਲਈ ਰੂਸ ਗਏ ਸਨ। ਫਿਰ ਉਨ੍ਹਾਂ ਪੁਤਿਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਪੁਤਿਨ 6 ਦਸੰਬਰ 2021 ਨੂੰ ਭਾਰਤ ਆਏ ਸਨ। ਉਹ ਸਿਰਫ 4 ਘੰਟੇ ਲਈ ਭਾਰਤ ਆਏ ਸਨ। ਇਸ ਦੌਰਾਨ ਭਾਰਤ ਅਤੇ ਰੂਸ ਵਿਚਾਲੇ 28 ਸਮਝੌਤਿਆਂ 'ਤੇ ਦਸਤਖਤ ਕੀਤੇ ਗਏ। ਇਸ ਵਿੱਚ ਫੌਜੀ ਅਤੇ ਤਕਨੀਕੀ ਸਮਝੌਤੇ ਸਨ। ਦੋਨਾਂ ਦੇਸ਼ਾਂ ਨੇ 2025 ਤੱਕ 30 ਅਰਬ ਡਾਲਰ (2 ਲੱਖ 53 ਹਜ਼ਾਰ ਕਰੋੜ ਰੁਪਏ) ਦੇ ਸਾਲਾਨਾ ਵਪਾਰ ਦਾ ਟੀਚਾ ਰੱਖਿਆ ਸੀ।