-ਜਰਮਨੀ ਦੇ ਚਾਂਸਲਰ ਨੂੰ ਕਿਹਾ ਮੂਰਖ
ਵਾਸਿ਼ੰਗਟਨ, 8 ਨਵੰਬਰ (ਪੋਸਟ ਬਿਊਰੋ): ਅਮਰੀਕੀ ਕਾਰੋਬਾਰੀ ਐਲਨ ਮਸਕ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਾਰ ਦੀ ਭਵਿੱਖਬਾਣੀ ਕੀਤੀ ਹੈ। ਜਾਣਕਾਰੀ ਮੁਤਾਬਕ ਜਰਮਨੀ ਵਿੱਚ ਸਰਕਾਰ ਡਿੱਗਣ ਤੋਂ ਬਾਅਦ ਇੱਕ ਯੂਜ਼ਰ ਨੇ ਪੋਸਟ ਕੀਤਾ ਸੀ ਕਿ ਕੈਨੇਡਾ ਨੂੰ ਟਰੂਡੋ ਤੋਂ ਛੁਟਕਾਰਾ ਪਾਉਣ ਲਈ ਮਸਕ ਦੀ ਮਦਦ ਦੀ ਲੋੜ ਹੈ। ਇਸ 'ਤੇ ਮਸਕ ਨੇ ਕਿਹਾ ਕਿ ਕੈਨੇਡਾ 'ਚ ਅਗਲੀਆਂ ਚੋਣਾਂ 'ਚ ਟਰੂਡੋ ਖੁਦ ਹਾਰ ਜਾਣਗੇ।
ਮਸਕ ਨੇ ਜਰਮਨੀ ਵਿਚ ਸਰਕਾਰ ਦੇ ਪਤਨ ਨੂੰ ਲੈ ਕੇ ਚਾਂਸਲਰ ਸ਼ਾਲਜ਼ ਦਾ ਮਜ਼ਾਕ ਉਡਾਇਆ ਅਤੇ ਉਨ੍ਹਾਂ ਨੂੰ 'ਮੂਰਖ' ਕਿਹਾ। ਦਰਅਸਲ, ਜਰਮਨੀ ਵਿੱਚ ਚਾਂਸਲਰ ਨੇ ਆਪਣੇ ਵਿੱਤ ਮੰਤਰੀ ਕ੍ਰਿਸ਼ਚੀਅਨ ਲਿੰਡਨਰ ਨੂੰ ਬਰਖਾਸਤ ਕਰ ਦਿੱਤਾ ਹੈ। ਲਿੰਡਨਰ ਫ੍ਰੀ ਡੈਮੋਕ੍ਰੇਟਿਕ ਪਾਰਟੀ (ਐੱਫਡੀਪੀ) ਦੇ ਨੇਤਾ ਹਨ, ਜੋ ਸ਼ਾਲਜ਼ ਸਰਕਾਰ ਦਾ ਸਮਰਥਨ ਕਰ ਰਹੀ ਸੀ। ਐੱਫਡੀਪੀ ਦੇ ਗੱਠਜੋੜ ਛੱਡਣ ਤੋਂ ਬਾਅਦ ਸ਼ਾਲਜ਼ ਦੀ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਹੈ।
ਗਠਜੋੜ ਟੁੱਟਣ ਬਾਰੇ ਚਾਂਸਲਰ ਸ਼ਾਲਜ਼ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਠੀਕ ਕਰਨ ਲਈ ਵਿੱਤ ਮੰਤਰੀ ਨੂੰ ਬਾਹਰ ਦਾ ਰਸਤਾ ਦਿਖਾਉਣਾ ਜ਼ਰੂਰੀ ਸੀ। ਦਰਅਸਲ, ਰੂਸ-ਯੂਕਰੇਨ ਯੁੱਧ ਕਾਰਨ ਜਰਮਨੀ ਦੀ ਆਰਥਿਕਤਾ ਤਬਾਹ ਹੋ ਗਈ ਹੈ। ਅਮਰੀਕਾ ਤੋਂ ਬਾਅਦ ਜਰਮਨੀ ਯੂਕਰੇਨ ਨੂੰ ਸਭ ਤੋਂ ਵੱਧ ਆਰਥਿਕ ਮਦਦ ਦੇ ਰਿਹਾ ਹੈ।
ਜਰਮਨ ਦੀ ਆਰਥਿਕਤਾ ਨੂੰ ਠੀਕ ਕਰਨ ਲਈ ਚਾਂਸਲਰ ਵਿੱਤੀ ਸੰਸਥਾਵਾਂ ਤੋਂ ਹੋਰ ਕਰਜ਼ਾ ਲੈਣਾ ਚਾਹੁੰਦੇ ਸਨ ਪਰ ਵਿੱਤ ਮੰਤਰੀ ਇਸ ਦਾ ਵਿਰੋਧ ਕਰ ਰਹੇ ਸਨ। ਉਹ ਖਰਚੇ ਘਟਾਉਣ ਲਈ ਜ਼ੋਰ ਦੇ ਰਹੇ ਸਨ। ਜਦੋਂ ਵਿੱਤ ਮੰਤਰੀ ਨੇ ਕਰਜ਼ਾ ਨਾ ਲੈਣ ਦਿੱਤਾ ਤਾਂ ਚਾਂਸਲਰ ਸਕੋਲਜ਼ ਨੇ ਉਸ ਨੂੰ ਬਾਹਰ ਕੱਢ ਦਿੱਤਾ।