ਕਾਠਮਾਂਡੂ, 8 ਨਵੰਬਰ (ਪੋਸਟ ਬਿਊਰੋ): ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਆਪਣੀ ਪਹਿਲੀ ਅਧਿਕਾਰਤ ਵਿਦੇਸ਼ ਯਾਤਰਾ 'ਤੇ ਚੀਨ ਜਾ ਰਹੇ ਹਨ। ਕਾਠਮਾਂਡੂ ਪੋਸਟ ਦੀ ਰਿਪੋਰਟ ਮੁਤਾਬਕ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਓਲੀ ਨੂੰ 2 ਤੋਂ 6 ਦਸੰਬਰ ਤੱਕ ਅਧਿਕਾਰਤ ਦੌਰੇ ਲਈ ਸੱਦਾ ਦਿੱਤਾ ਹੈ।
ਰਿਪੋਰਟ ਮੁਤਾਬਕ 5 ਨਵੰਬਰ ਨੂੰ ਚੀਨੀ ਰਾਜਦੂਤ ਨੇ ਨੇਪਾਲ ਦੇ ਵਿਦੇਸ਼ ਸਕੱਤਰ ਲਾਮਸਾਲ ਨੂੰ ਇਹ ਸੱਦਾ ਪੱਤਰ ਸੌਂਪਿਆ। ਨੇਪਾਲ ਵਿੱਚ ਇਹ ਪ੍ਰੰਪਰਾ ਰਹੀ ਹੈ ਕਿ ਜਿਹੜਾ ਨਵਾਂ ਪ੍ਰਧਾਨ ਮੰਤਰੀ ਬਣਦਾ ਹੈ, ਉਹ ਪਹਿਲਾਂ ਭਾਰਤ ਦਾ ਦੌਰਾ ਕਰਦਾ ਹੈ।
ਓਲੀ ਦੇ ਕਰੀਬੀ ਸਲਾਹਕਾਰਾਂ ਨੇ ਕਾਠਮਾਂਡੂ ਪੋਸਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਭਾਰਤ ਇਸ ਪ੍ਰੰਪਰਾ ਨੂੰ ਜਾਰੀ ਰੱਖੇਗਾ ਪਰ ਚਾਰ ਮਹੀਨੇ ਬਾਅਦ ਵੀ ਭਾਰਤ ਵੱਲੋਂ ਕੋਈ ਰਸਮੀ ਸੱਦਾ ਨਹੀਂ ਆਇਆ ਹੈ। ਆਮ ਤੌਰ 'ਤੇ ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਨਵੀਂ ਦਿੱਲੀ ਤੋਂ ਸੱਦਾ ਮਿਲਦਾ ਹੈ।
ਓਲੀ ਅਗਸਤ 2015 ਵਿੱਚ ਪਹਿਲੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਹ ਫਰਵਰੀ 2016 ਵਿੱਚ ਭਾਰਤ ਆੲਾ ਸਨ। ਇੱਕ ਮਹੀਨੇ ਬਾਅਦ, ਮਾਰਚ ਵਿੱਚ, ਉਨ੍ਹਾਂ ਨੇ ਚੀਨ ਦੀ ਯਾਤਰਾ ਕੀਤੀ। ਓਲੀ ਹੁਣ ਤੱਕ ਚਾਰ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਹਨ।