ਬੇਰੂਤ, 7 ਨਵੰਬਰ (ਪੋਸਟ ਬਿਊਰੋ): ਇਜ਼ਰਾਈਲ ਨੇ ਬੁੱਧਵਾਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਬੇਰੂਤ ਅਤੇ ਬੇਕਾ ਘਾਟੀ ਦੇ ਵੱਖ-ਵੱਖ ਹਿੱਸਿਆਂ 'ਚ ਵੀ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ 'ਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 50 ਤੋਂ ਵੱਧ ਜ਼ਖਮੀ ਹਨ।
ਜਾਣਕਾਰੀ ਮੁਤਾਬਕ ਹਮਲੇ ਤੋਂ ਪਹਿਲਾਂ ਇਜ਼ਰਾਇਲੀ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਏਅਰਪੋਰਟ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਨੂੰ ਖਾਲੀ ਕਰਨ ਲਈ ਕਿਹਾ ਸੀ। ਆਈਡੀਐੱਫ ਨੇ ਬੇਰੂਤ ਵਿੱਚ ਹਮਲੇ ਦੌਰਾਨ ਹਿਜ਼ਬੁੱਲਾ ਦੇ ਕਮਾਂਡ ਸੈਂਟਰ ਅਤੇ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਵੀ ਇਜ਼ਰਾਈਲ ਨੇ ਲੇਬਨਾਨ ਦੇ ਬਰਜਾ ਸ਼ਹਿਰ 'ਚ ਇਕ ਅਪਾਰਟਮੈਂਟ ਬਿਲਡਿੰਗ 'ਤੇ ਹਵਾਈ ਹਮਲਾ ਕੀਤਾ ਸੀ। ਇਸ 'ਚ ਕਰੀਬ 30 ਲੋਕ ਮਾਰੇ ਗਏ ਸਨ। ਆਈਡੀਐੱਫ ਨੇ ਹਮਲੇ ਤੋਂ ਪਹਿਲਾਂ ਕੋਈ ਚੇਤਾਵਨੀ ਵੀ ਨਹੀਂ ਦਿੱਤੀ ਸੀ।
ਦੂਜੇ ਪਾਸੇ ਗਾਜ਼ਾ ਵਿੱਚ ਵੀ ਇਜ਼ਰਾਇਲੀ ਫੌਜ ਬੇਈਤ ਲਾਹੀਆ ਪਹੁੰਚ ਗਈ ਹੈ। ਹੁਣ ਤੱਕ ਉੱਥੇ ਹੀ ਬੰਬਾਰੀ ਕਰ ਰਿਹਾ ਸੀ। ਇਜ਼ਰਾਈਲ ਮੁਤਾਬਕ ਹਮਾਸ ਦੇ ਅੱਤਵਾਦੀ ਇਕ ਵਾਰ ਫਿਰ ਇਸ ਇਲਾਕੇ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਇਜ਼ਰਾਇਲੀ ਹਮਲਿਆਂ ਕਾਰਨ ਪਿਛਲੇ ਇੱਕ ਸਾਲ ਵਿੱਚ 3 ਹਜ਼ਾਰ ਤੋਂ ਵੱਧ ਲੇਬਨਾਨੀ ਨਾਗਰਿਕ ਮਾਰੇ ਜਾ ਚੁੱਕੇ ਹਨ। ਇਨ੍ਹਾਂ 'ਚੋਂ ਜਿ਼ਆਦਾਤਰ ਪਿਛਲੇ 6 ਹਫਤਿਆਂ ਤੋਂ ਜਾਰੀ ਇਜ਼ਰਾਈਲ-ਲੇਬਨਾਨ ਯੁੱਧ 'ਚ ਮਾਰੇ ਗਏ ਹਨ। ਜੰਗ ਕਾਰਨ ਲੇਬਨਾਨ ਦੇ 10 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।
ਜਿ਼ਆਦਾਤਰ ਲੋਕ ਰਾਹਤ ਕੈਂਪਾਂ ਵਿਚ ਸ਼ਰਨ ਲੈ ਰਹੇ ਹਨ। ਹੁਣ ਇਨ੍ਹਾਂ ਕੈਂਪਾਂ ਵਿੱਚ ਵੀ ਥਾਂ ਨਹੀਂ ਬਚੀ ਹੈ। ਇਸ ਲਈ ਸਮੁੰਦਰ ਕੰਢੇ ਟੈਂਟ ਲਗਾ ਕੇ ਲੋਕਾਂ ਨੂੰ ਆਰਜ਼ੀ ਤੌਰ ’ਤੇ ਠਹਿਰਾਇਆ ਗਿਆ ਹੈ।
ਦੂਜੇ ਪਾਸੇ ਹਿਜ਼ਬੁੱਲਾ ਮੁਖੀ ਨਈਮ ਕਾਸਿਮ ਨੇ ਬੁੱਧਵਾਰ ਨੂੰ ਇਜ਼ਰਾਈਲ ਨਾਲ ਜੰਗਬੰਦੀ ਦੀ ਗੱਲਬਾਤ ਦੀ ਇੱਛਾ ਜ਼ਾਹਿਰ ਕੀਤੀ। ਉਸ ਨੇ ਗੱਲਬਾਤ ਤੋਂ ਪਹਿਲਾਂ ਇਜ਼ਰਾਈਲੀ ਹਮਲੇ ਰੋਕਣ ਲਈ ਕਿਹਾ ਹੈ।