-ਇਸ ਦੌਰਾਨ ਗਰਮਖਿਆਲੀ ਵਿਖਾਵਾਕਾਰੀਆਂ ਅਤੇ ਵਿਰੋਧੀਆਂ ਵਿਚਕਾਰ ਹੋਈਆਂ ਹਿੰਸਕ ਝੜਪਾਂ
ਬਰੈਂਪਟਨ, 5 ਨਵੰਬਰ (ਡਾ. ਝੰਡ): ਪਰਵਾਸੀ ਭਾਰਤੀ ਪੈੱਨਸ਼ਨਰਾਂ ਨੂੰ ਆਪਣੀ ਪੈੱਨਸ਼ਨ ਜਾਰੀ ਰੱਖੇ ਜਾਣ ਲਈ ਜਿਊਂਦੇ-ਜਾਗਦੇ ਹੋਣ ਦੇ ਸਬੂਤ ਵਜੋਂ ਹਰ ਸਾਲ ਨਵੰਬਰ ਮਹੀਨੇ ਲਾਈਫ਼-ਸਰਟੀਫ਼ੀਕੇਟ ਬਣਵਾ ਕੇ ਭੇਜਣੇ ਪੈਂਦੇ ਹਨ। ਕੈਨੇਡਾ ਦੇ ਟੋਰਾਂਟੋ ਏਰੀਏ ਵਿੱਚ ਰਹਿੰਦੇ ਭਾਰਤੀ ਪੈੱਨਸ਼ਨਰਾਂ ਦੀ ਸਹੂਲਤ ਲਈ ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਵੱਲੋਂ ਹਰ ਸਾਲ ਬਰੈਂਪਟਨ, ਮਿਸੀਸਾਗਾ, ਸਕਾਰਬਰੋ, ਕਿਚਨਰ, ਲੰਡਨ, ਵਿੰਡਸਰ, ਆਦਿ ਸਹਿਰਾਂ ਵਿਚ ਛੁੱਟੀ ਵਾਲੇ ਦਿਨਾਂ ਸ਼ਨੀਵਾਰ ਤੇ ਐਤਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾਏ ਜਾਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਪੈੱਨਸ਼ਨਰ ਇਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਆਪਣੇ ਲੋੜੀਂਦੇ ਸਰਟੀਫ਼ੀਕੇਟ ਬਣਵਾਉਂਦੇ ਹਨ।
ਬਰੈਂਪਟਨ ਵਿਚ ਇਸ ਸਾਲ ਦਾ ਪਹਿਲਾ ਅਜਿਹਾ ਕੈਂਪ ਭਾਰਤੀ ਕੌਂਸਲੇਟ ਜਨਰਲ ਆਫ਼ਿਸ ਵੱਲੋਂ ਗੋਰ ਰੋਡ ਸਥਿਤ ‘ਹਿੰਦੂ ਸਭਾ ਟੈਂਪਲ’ ਜਿਸ ਨੂੰ ‘ਗੋਰ ਮੰਦਰ’ ਵੀ ਕਿਹਾ ਜਾਂਦਾ ਹੈ, ਵਿੱਚ ਲੰਘੇ ਐਤਵਾਰ 3 ਨਵੰਬਰ ਨੂੰ ਲਗਾਇਆ ਗਿਆ। ਸਰਟੀਫ਼ਕੇਟ ਪ੍ਰਾਪਤ ਕਰਨ ਦੇ ਇੱਛਕ ਪੈੱਨਸ਼ਨਰ ਸਵੇਰੇ ਸੱਤ ਵਜੇ ਤੋਂ ਹੀ ਗੋਰ ਮੰਦਰ ਪਹੁੰਚਣੇ ਸ਼ੁਰੂ ਹੋ ਗਏ, ਭਾਵੇਂ ਭਾਰਤੀ ਕੌਂਸਲੇਟ ਜਨਰਲ ਦੇ ਸਟਾਫ਼ ਨੇ ਸਵੇਰੇ 10.00 ਵਜੇ ਸਰਟੀਫ਼ੀਕੇਟ ਜਾਰੀ ਕਰਨ ਦੀ ਇਹ ਕਾਰਵਾਈ ਆਰੰਭ ਕਰਨੀ ਸੀ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਗੋਰ ਮੰਦਰ ਦੇ ਵਾਲੰਟੀਅਰਾਂ ਵੱਲੋਂ ਇਸ ਸਬੰਧੀ ਪੂਰੀ ਤਿਆਰੀ ਕੀਤੀ ਗਈ ਸੀ। ਉਹ ਉੱਥੇ ਮੰਦਰ ਵਿਚ ਲਾਈਨ ਵਿੱਚ ਲੱਗੇ ਹੋਏ ਪੈੱਨਸ਼ਨਰਾਂ ਨੂੰ ਲੋੜੀਂਦੇ ਫ਼ਾਰਮ ਵੰਡ ਰਹੇ ਹਨ ਅਤੇ ਲੋੜਵੰਦਾਂ ਨੂੰ ਇਹ ਫ਼ਾਰਮ ਭਰਨ ਵਿੱਚ ਉਨ੍ਹਾਂ ਦੀ ਸਹਾਇਤਾ ਵੀ ਕਰ ਰਹੇ ਸਨ। ਫ਼ਾਰਮਾਂ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਟੋਕਨ ਨੰਬਰ ਦਿੱਤੇ ਜਾ ਰਹੇ ਸਨ ਅਤੇਇਹ ਟੋਕਨ ਲੈ ਕੇ ਪੈੱਨਸ਼ਨਰ ਮੰਦਰ ਦੀ ਬੇਸਮੈਂਟ ਵਾਲੇ ਹਾਲ ਵਿਚ ਲੱਗੀਆਂ ਕੁਰਸੀਆਂ ‘ਤੇ ਆਰਾਮ ਨਾਲ ਬੈਠਦੇ ਜਾਰਹੇ ਸਨ।
ਸਵੇਰੇ 9.45 ਵਜੇ ਭਾਰਤੀ ਕੌਂਸਲੇਟ ਜਨਰਲ ਦੇ ਸਟਾਫ਼ ਮੈਂਬਰਾਂ ਦੇ ਉੱਥੇ ਪਹੁੰਚਣ ‘ਤੇ ਉਨ੍ਹਾਂ ਵੱਲੋਂ ਇਹ ਸਰਟੀਫ਼ੀਕੇਟ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸਟੇਜ ਤੋਂ ਇੱਕ ਲੇਡੀ-ਵਾਲੰਟੀਅਰ ਵੱਲੋਂ ਮਾਈਕ ਰਾਹੀਂ ਬਾਰ-ਬਾਰ ਅਨਾਊਂਸਮੈਂਟ ਕਰਕੇ ਟੋਕਨ ਨੰਬਰਾਂ ਅਨੁਸਾਰ ਵਾਰੀ ਸਿਰ ਦਸ-ਦਸ ਪੈਨਸ਼ਨਰਾਂ ਨੂੰ ਬੁਲਾਇਆ ਜਾ ਰਿਹਾ ਸੀ ਅਤੇ ਸਟਾਫ਼ ਵੱਲੋਂ ਪੈੱਨਸ਼ਨਰਾਂ ਫ਼ਾਰਮ ਅਤੇ ਪਾਸਪੋਰਟ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਲੋੜੀਂਦੇ ਸਰਟੀਫ਼ੀਕੇਟ ਜਾਰੀ ਕੀਤੇ ਜਾ ਰਹੇ ਕਿਸੇ ਕਿਸਮ ਕੋਈ ਕਾਹਲੀ ਨਹੀਂ ਸੀ ਅਤੇਸਾਰਾ ਕੰਮ ਬੜੇ ਆਰਾਮ ਨਾਲ ਹੋ ਰਿਹਾ ਸੀ।
ਇਸ ਪੱਤਰਕਾਰ ਦੇ 1.00 ਵਜੇ ਦੇ ਕਰੀਬ ਉੱਥੇ ਪਹੁੰਚਣ ‘ਤੇ 470 ਪੈੱਨਸ਼ਨਰਾਂ ਨੂੰ ਇਹ ਲਾਈਫ਼ ਸਰਟੀਫ਼ੀਕੇਟ ਜਾਰੀ ਕੀਤੇ ਜਾ ਚੁੱਕੇ ਸਨ। ਉਸ ਸਮੇਂ ਤੱਕ ਪ੍ਰਬੰਧਕਾਂ ਵੱਲੋਂ 800 ਤੋਂ ਵਧੇਰੇ ਪੈਨਸ਼ਨਰਾਂ ਨੂੰ ਟੋਕਨ ਦਿੱਤੇ ਜਾ ਚੁੱਕੇ ਸਨ ਅਤੇ ਉਨ੍ਹਾਂ ਦਾ ਅੰਦਾਜ਼ਾ ਸੀ ਕਿ ਸ਼ਾਮ ਦੇ ਚਾਰ ਵਜੇ ਤੱਕ ਸਰਟੀਫ਼ੀਕੇਟ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ 900 ਦੇ ਕਰੀਬ ਪਹੁੰਚ ਜਾਏਗੀ।ਪਿਛਲੇ ਸਾਲ ਇੱਥੇ ਲੱਗੇ ਕੈਂਪ ਵਿਚ ਵੀ 900 ਤੋਂ ਵਧੇਰੇ ਲਾਈਫ਼-ਸਰਟੀਫ਼ਕੇਟ ਜਾਰੀ ਕੀਤੇ ਗਏ ਸਨ। ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਸਹਾਇਕਾਂ ਲਈ ਚਾਹ-ਪਾਣੀ, ਪਕੌੜੇ, ਭੁਜੀਆ-ਬਦਾਨਾ, ਆਦਿ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ ਅਤੇ ਉਹ ਸਾਰੇ ਇਸ ਦੀ ਭਰਪੂਰ ਸਰਾਹਨਾ ਕਰ ਰਹੇ ਸਨ।
ਇਸ ਦੌਰਾਨ ਮੰਦਰ ਦੇ ਗੇਟ ਦੇ ਬਾਹਰ ਸੜਕ ਦੇ ਕਿਨਾਰੇ ਖਾਲਿਸਤਾਨ ਦੇ ਕੁਝ ਸਮੱਰਥਕਾਂ ਅਤੇ ਇੱਕ ਹੋਰ ਜੱਥੇਬੰਦੀ ਦੇ ਸਮੱਰਥਕਾਂ ਵੱਲੋਂ ਹੱਥਾਂ ਵਿਚ ਆਪੋ-ਆਪਣੀ ਜੱਥੇਬੰਦੀ ਦੇ ਝੰਡੇ ਫੜੀ ਉੱਚੀ-ਉੱਚੀ ਆਵਾਜ਼ ਵਿਚ ਭਾਰਤ ਸਰਕਾਰ ਦੇ ਵਿਰੋਧ ਅਤੇ ਸਮੱਰਥਨ ਵਿਚਨਾਅਰੇ ਲਗਾਏ ਜਾ ਰਹੇ ਸਨ। ਪੋਲੀਸ ਵੱਲੋਂ ਉਨ੍ਹਾਂ ਨੂੰ ਗੇਟ ਦੇ ਬਾਹਰ ਇੱਕ ਪਾਸੇ ਰੋਕਿਆ ਗਿਆ ਸੀ ਅਤੇ ਉਹ ਉੱਥੇ ਹੀ ਆਪਣੀ ‘ਕਾਰਵਾਈ’ ਪਾ ਰਹੇ ਸਨ।
ਜ਼ਿਕਰਯੋਗ ਹੈ ਕਿ ਇੱਥੇ ਕੈਨੇਡਾ ਵਿਚ ਹਰੇਕ ਨੂੰ ਸ਼ਾਂਤੀ-ਪੂਰਵਕ ਆਪਣੀ ਆਵਾਜ਼ ਬੁਲੰਦ ਕਰਨ ਦੀ ਖੁੱਲ੍ਹ ਹੈ ਪਰ ਕਿਸੇ ਚੱਲਦੇ ਹੋਏ ਸਮਾਗ਼ਮ ਜਾਂ ਪ੍ਰੋਗਰਾਮ ਵਿੱਚ ਵਿਘਨ ਪਾਉਣ ਦੀ ਆਗਿਆ ਨਹੀਂ ਹੈ। ਲੋਕ ਇਹ ਨਾਅਰੇ ਸੁਣਦੇ ਹੋਏ ਆਪੋ ਆਪਣੀਆਂ ਗੱਡੀਆਂ ਵਿਚ ਬੈਠ ਕੇ ਅਤੇ ਬੱਸਾਂ ਵਿਚ ਜਾਣ ਵਾਲੇ ਉੱਥੋਂ ਪੈਦਲ ਲੰਘਦੇ ਹੋਏ ਨੇੜਲੇ ਬੱਸ-ਸਟਾਪ ਵੱਲ ਜਾ ਰਹੇ ਸਨ। ਪਰ ਪਤਾ ਲੱਗਾ ਹੈ ਕਿ ਬਾਅਦ ਵਿਚ ਜਦੋਂ ਖ਼ਾਲਿਸਤਾਨੀ ਸਮੱਰਥਕਾਂ ਵੱਲੋਂ ਮੰਦਰ ਦੇ ਗੇਟ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਰੋਧੀ ਧਿਰ ਅਤੇ ਉਨ੍ਹਾਂ ਦੇ ਵਿਚਕਾਰ ਹਿੰਸਕ ਝੜਪਾਂ ਵੀ ਹੋਈਆਂ। ਮੌਕੇ ‘ਤੇ ਮੌਜੂਦ ਪੋਲੀਸ ਕਰਮਚਾਰੀਆਂ ਵੱਲੋਂ ਇਨ੍ਹਾਂ ਝੜਪਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਇਹ ਝੜਪਾਂ ਕੁਝ ਸਮੇਂ ਤੱਕ ਜਾਰੀ ਰਹੀਆਂ। ਇਨ੍ਹਾਂ ਝੜਪਾਂ ਦੇ ਕਾਰਨਾਂ ਤੇ ਵੇਰਵਿਆਂ ਬਾਰੇ ਪੋਲੀਸ ਵੱਲੋਂ ਵਿਸਤ੍ਰਿਤ ਜਾਣਕਾਰੀ ਆਉਣੀ ਅਜੇ ਬਾਕੀ ਹੈ।