ਟੋਰਾਂਟੋ, 31 ਅਕਤੂਬਰ (ਪੋਸਟ ਬਿਊਰੋ): ਨਾਰਥ ਯਾਰਕ ਵਿੱਚ ਰਾਤ ਵਿੱਚ ਇੱਕ ਪਿਕਅਪ ਟਰੱਕ ਅਤੇ ਟੀਟੀਸੀ ਬਸ ਵਿਚਕਾਰ ਟੱਕਰ ਹੋਣ ਤੋਂ ਬਾਅਦ ਛੇ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਸਵੇਰੇ ਕਰੀਬ 4:20 ਵਜੇ ਫਿੰਚ ਏਵੇਨਿਊ ਅਤੇ ਯੋਂਗ ਸਟਰੀਟ ਕੋਲ ਹੋਈ। ਬਸ ਦੇ ਦੋਨਾਂ ਡਰਾਈਵਰ ਅਤੇ ਛੇ ਮੁਸਾਫਰਾਂ ਸਮੇਤ ਕੁਲ ਅੱਠ ਲੋਕ ਜ਼ਖ਼ਮੀ ਹੋਏ।
ਟੋਰਾਂਟੋ ਪੈਰਾਮੇਡਿਕ ਸਰਵਿਸੇਜ਼ ਨੇ ਦੱਸਿਆ ਕਿ ਤਿੰਨ ਜਖ਼ਮੀਆਂ ਨੂੰ ਗੰਭੀਰ ਸੱਟਾਂ ਕਾਰਨ ਟਰਾਮਾ ਸੈਂਟਰ ਲਿਜਾਇਆ ਗਿਆ, ਜਦੋਂਕਿ ਤਿੰਨ ਹੋਰਾਂ ਨੂੰ ਮਾਮੂਲੀ ਚੋਟਾਂ ਦੇ ਚਲਦੇ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।
ਦੋ ਹੋਰ ਲੋਕ ਜ਼ਖ਼ਮੀ ਸਨ ਪਰ ਉਨ੍ਹਾਂ ਨੂੰ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਪਈ। ਪੁਲਿਸ ਨੇ ਕਿਹਾ ਕਿ ਕਿਸੇ ਵੀ ਸੱਟ ਨਾਲ ਜਾਨ ਨੂੰ ਖ਼ਤਰਾ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪਿਕਅਪ ਟਰੱਕ ਦਾ ਡਰਾਈਵਰ ਭੱਜ ਗਿਆ ਅਤੇ ਕੁੱਝ ਦੇਰ ਤੱਕ ਪਿੱਛਾ ਕਰਨ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਪਿਕਅਪ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਸ `ਤੇ ਕੀ ਚਾਰਜਿਜ਼ ਲਗਾਏ ਜਾ ਸਕਦੇ ਹਨ।