ਟੋਰਾਂਟੋ, 31 ਅਕਤੂਬਰ (ਪੋਸਟ ਬਿਊਰੋ): ਸੂਬੇ ਦੇ ਪੁਲਿਸ ਵਾਚਡੌਗ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਆਰੋਰਾ ਵਿੱਚ break-and-enter ਦੀ ਘਟਨਾ ਦਾ ਜਵਾਬ ਦੇ ਰਹੇ ਚਾਰ ਪੁਲਿਸ ਅਧਿਕਾਰੀਆਂ ਨਾਲ ਗੋਲੀਬਾਰੀ ਵਿੱਚ ਸ਼ਾਮਿਲ 17 ਸਾਲਾ ਇੱਕ ਟੀਨੇਜ਼ਰ ਦੀ ਮੌਤ ਹੋ ਗਈ।
ਵੀਰਵਾਰ ਸਵੇਰੇ ਇੱਕ ਅਪਡੇਟ ਵਿੱਚ ਵਿਸ਼ੇਸ਼ ਜਾਂਚ ਯੂਨਿਟ (SIU)ਨੇ ਕਿਹਾ ਕਿ ਇਹ ਘਟਨਾ ਬੁੱਧਵਾਰ ਨੂੰ ਰਾਤ 8 ਵਜੇ ਦੇ ਕਰੀਬ, ਸੇਂਟ ਜਾਂਸ ਸਾਈਡਰੋਡ ਅਤੇ ਬੇਵਿਊ ਏਵੇਨਿਊ ਕੋਲ ਸਥਿਤ ਡਾਊਨੀ ਸਰਕਿਲ `ਤੇ ਇੱਕ ਘਰ ਦੇ ਬਾਹਰ ਹੋਈ।
SIU ਅਨੁਸਾਰ ਪੁਲਿਸ ਨੂੰ ਸ਼ਾਮ ਕਰੀਬ 7:45 ਵਜੇ ਇੱਕ ਵਿਅਕਤੀ ਵੱਲੋਂ ਇੱਕ ਕਾਲ ਆਈ, ਜਿਸ ਵਿੱਚ ਇਲਾਕੇ ਦੇ ਇੱਕ ਘਰ ਵਿੱਚ ਤੋੜਫੋੜ ਦੀ ਸੂਚਨਾ ਦਿੱਤੀ ਗਈ।
SIU ਦੀ ਸਪੋਕਸਪਰਸਨ ਮੋਨਿਕਾ ਹੁਡਨ ਨੇ ਵੀਰਵਾਰ ਨੂੰ ਕਿਹਾ ਕਿ ਯਾਰਕ ਰੀਜਨਲ ਪੁਲਿਸ ਦੇ ਅਧਿਕਾਰੀਆਂ ਦੇ ਘਟਨਾ ਸਥਾਨ `ਤੇ ਪਹੁੰਚਣ ਤੋਂ ਬਾਅਦ 17 ਸਾਲਾ ਲੜਕੇ ਅਤੇ ਚਾਰ ਪੁਲਿਸ ਅਧਿਕਾਰੀਆਂ ਵਿਚਕਾਰ ਗੋਲੀਬਾਰੀ ਹੋਈ। ਘਟਨਾ ਸਥਾਨ `ਤੇ ਹੀ ਉਸਦੀ ਮੌਤ ਹੋ ਗਈ।
ਇੱਕ ਪੁਲਿਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਦੋਂ ਪੁੱਛਿਆ ਗਿਆ ਕਿ ਕੀ ਟੀਨੇਜ਼ਰ ਉਸ ਇਲਾਕੇ ਵਿੱਚ ਰਹਿੰਦਾ ਸੀ ਤਾਂ ਹੁਡਨ ਨੇ ਕਿਹਾ ਕਿ ਏਸਆਈਯੂ ਹਾਲੇ ਉਸ ਜਾਣਕਾਰੀ ਨੂੰ ਜਾਰੀ ਨਹੀਂ ਕਰ ਸਕਦਾ। ਏਸਆਈਯੂ ਵੱਲੋਂ ਜਾਂਚ ਜਾਰੀ ਹੈ।