ਟੋਰਾਂਟੋ, 3 ਨਵੰਬਰ (ਪੋਸਟ ਬਿਊਰੋ): ਅਗਸਤ ਵਿੱਚ ਬਰੈਂਪਟਨ ਵਿੱਚ ਹੋਈ ਭਿਆਨਕ ਗੋਲੀਬਾਰੀ ਦੇ ਸਿਲਸਿਲੇ ਵਿੱਚ ਪੁਲਿਸ ਨੇ ਦੋ ਹੋਰ ਲੋਕਾਂ `ਤੇ ਚਾਰਜਿਜ਼ ਲਗਾਏ ਹਨ।
30 ਅਗਸਤ ਨੂੰ ਸ਼ੱਕੀ ਵਾਹਨ ਲਈ ਪੀਲ ਰੀਜਨਲ ਪੁਲਿਸ ਨੂੰ ਮਿਲਸਟੋਨ ਡਰਾਈਵ ਅਤੇ ਸੇਂਟ ਟਰੋਪੇਜ ਕੋਰਟ ਵਿੱਚ ਇੱਕ ਘਰ `ਤੇ ਸਵੇਰੇ 1 ਵਜੇ ਤੋਂ ਕੁੱਝ ਪਹਿਲਾਂ ਬੁਲਾਇਆ ਗਿਆ ਸੀ।
ਜਦੋਂ ਉਹ ਪਹੁੰਚੇ ਤਾਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਵਿਅਕਤੀ ਮਿਲਿਆ ਜਿਸਨੂੰ ਵਾਹਨ ਦੇ ਅੰਦਰ ਗੋਲੀ ਲੱਗੀ ਸੀ। ਬਾਅਦ ਵਿੱਚ ਉਸਨੂੰ ਘਟਨਾ ਸਥਾਨ `ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਪਰਿਵਾਰ ਦੀ ਬੇਨਤੀ `ਤੇ ਪੀੜਤ ਦੀ ਪਹਿਚਾਣ ਜਾਰੀ ਨਹੀਂ ਕੀਤੀ ਜਾ ਰਹੀ ਹੈ।
ਸਤੰਬਰ ਵਿੱਚ, ਪੁਲਿਸ ਨੇ 23 ਸਾਲਾ ਪਰਮਵੀਰ ਸਿੰਘ `ਤੇ ਫ੍ਰਸਟ ਡਿਗਰੀ ਕਤਲ ਦਾ ਚਾਰਜਿਜ਼ ਲਗਾਇਆ।
ਸ਼ਨੀਵਾਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਗੋਲੀਬਾਰੀ ਦੇ ਸਿਲਸਿਲੇ ਵਿੱਚ ਦੋ ਹੋਰ ਲੋਕਾਂ `ਤੇ ਚਾਰਜਿਜ਼ ਲਗਾਏ ਹਨ।
ਪੁਲਿਸ ਨੇ ਬਰੈਂਪਟਨ ਦੇ 21 ਸਾਲਾ ਮਨਵੀਰ ਖਾਬਰਾ ਅਤੇ 18 ਸਾਲਾ ਇੱਕ ਲੜਕੇ `ਤੇ ਕਤਲ ਦਾ ਚਾਰਜਿਜ਼ ਲਗਾਇਆ। ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਘਟਨਾ ਦੇ ਸਮੇਂ 18 ਸਾਲਾ ਲੜਕੇ ਦੀ ਪਹਿਚਾਣ ਯੁਵਾ ਆਪਰਾਧਿਕ ਨਿਆਂ ਐਕਟ ਤਹਿਤ ਸੁਰੱਖਿਅਤ ਹੈ। ਇਸ ਮਾਮਲੇ ਨਾਲ ਸੰਬੰਧਤ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਪੀੜਤ ਦੇ ਕਤਲ ਤੋਂ ਪਹਿਲਾਂ ਦੇ ਪਲਾਂ ਨੂੰ ਦਿਖਾਂਉਂਦੀ ਹੈ।