-43 ਸਾਲਾ ਨੌਜੁਆਨ ਜੱਸੀ ਧਾਲੀਵਾਲ ਨੇ ‘ਨਿਆਗਰਾ ਫ਼ਾਲ ਮੈਰਾਥਨ’ 4 ਘੰਟੇ 9 ਮਿੰਟ 49 ਸਕਿੰਟ ‘ਚ ਲਗਾਈ
-ਸਾਥੀਆਂ ਦੀ ਵੱਡੀਆਂ ਪ੍ਰਾਪਤੀਆਂ ਦੀ ਮੈਂਬਰਾਂ ਨੇ ਕੀਤੀ ਭਰਪੂਰ ਸਰਾਹਨਾ ਤੇ ਹੌਸਲਾ-ਅਫ਼ਜਾਈ
ਬਰੈਂਪਟਨ, 5 ਨਵੰਬਰ (ਡਾ. ਝੰਡ): ਪਿਛਲੇ 12 ਸਾਲਾਂ ਤੋਂ ਬਰੈਂਪਟਨ ਵਿੱਚ ਸਰਗ਼ਰਮ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਹੁਣ ਨਵੀਆਂ ਪੁਲਾਂਘਾਂ ਪੁੱਟ ਰਹੀ ਹੈ। ਉਸ ਦੇ ਮੈਂਬਰ ਟੋਰਾਂਟੋ ਏਰੀਏ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਣ ਵਾਲੀਆਂ ਲੱਗਭੱਗ ਸਾਰੀਆਂ ਹੀ ਮੁੱਖ ਦੌੜਾਂ (ਮੈਰਾਥਨ, ਹਾਫ਼-ਮੈਰਾਥਨ, 10 ਕਿਲੋਮੀਟਰ, 5 ਕਿਲੋਮੀਟਰ) ਵਿਚ ਸ਼ਾਮਲ ਹੁੰਦੇ ਹਨ ਅਤੇ ਹਰੇਕ ਮੁਕਾਬਲੇ ਦੇ ਉੱਪਰਲੇ ਦੌੜਾਕਾਂ ਵਿਚ ਸ਼ੁਮਾਰ ਹੁੰਦੇ ਹਨ।ਸੰਗਤਰੇ ਰੰਗ ਦੀਆਂ ਆਪਣੀਆਂ ਵਿਸ਼ੇਸ਼ ਟੀ-ਸ਼ਰਟਾਂ ਪਾ ਕੇ ਉਹ ਹਰ ਸਾਲ ਟੋਰਾਂਟੋ ਦੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਦੇ ਹਨ ਅਤੇ ਕੈਨੇਡਾ ਦੀਆਂ ਹੋਰ ਕਮਿਊਨਿਟੀਆਂ ਦੇ ਲੋਕਾਂ ਨਾਲ ਪੰਜਾਬੀ ਕਮਿਊਨਿਟੀ ਦੀ ਹੋਂਦ ਨੂੰ ਬਾਖ਼ੂਬੀ ਦਰਸਾਉਂਦੇ ਹਨ।
ਇਸ ਦੇ ਨਾਲ ਹੀ ਇਸ ਕਲੱਬ ਦੇ ਦੋ ਮੈਂਬਰਾਂ ਹਰਜੀਤ ਸਿੰਘ ਅਤੇ ਕੁਲਦੀਪ ਗਰੇਵਾਲ ਨੇ ਕ੍ਰਮਵਾਰ ‘ਆਇਰਨ ਮੈਨ’ ਅਤੇ ‘ਹਾਫ਼ ਆਇਰਨਮੈਨ’ ਮੁਕਾਬਲਿਆਂ ਵਿਚ ਸਫ਼ਲਤਾ-ਪੂਰਵਕ ਸ਼ਮੂਲੀਅਤ ਕਰਕੇ ਜਿੱਥੇ ਟੀਪੀਏਆਰ ਕਲੱਬ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਪੰਜਾਬੀ ਕਮਿਊਨਿਟੀ ਦਾ ਵੀ ਨਾਂ ਉੱਚਾ ਕੀਤਾ ਹੈ। ਹਰਜੀਤ ਸਿੰਘ ਨੇ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿਚ 27 ਅਕਤੂਬਰ ਨੂੰ ਹੋਏ ‘ਆਇਰਨਮੈਨ ਟਰਾਇਥਲੋਨਮੁਕਾਬਲੇ’ ਵਿਚ ਲਗਾਤਾਰ ਚਾਰ ਘੰਟੇ ਤੈਰਨ ਤੋਂ ਬਾਅਦ 180 ਕਿਲੋਮੀਟਰ ਸਾਈਕਲ ਚਲਾਇਆ ਅਤੇ ਫਿਰ 42 ਕਿਲੋਮੀਟਰ ਦੌੜਿਆ। ਇਸ ਤਿੰਨ ਪੜਾਵੀ ਕਾਰਜ ਨੂੰ 16 ਘੰਟੇ ਤੋਂ ਘੱਟ ਸਮੇਂ ਵਿਚਪੂਰਾ ਕੀਤਾ ਅਤੇ ਤਾਂ ਜਾ ਕੇ ਉਸ ਨੂੰ ‘ਆਇਰਨਮੈਨ’ ਹੋਣ ਦਾ ਇਹ ਵੱਕਾਰੀ ਖ਼ਿਤਾਬ ਹਾਸਲ ਹੋਇਆ। ਏਸੇ ਤਰ੍ਹਾਂ ਕੁਲਦੀਪ ਗਰੇਵਾਲ ਨੇ ਨਿਆਗਰਾ ਫ਼ਾਲ ਵਿਖੇ ਦੋ ਘੰਟੇ ਲਗਾਤਾਰ ਤੈਰਨ ਤੋਂ ਬਾਅਦ 90 ਕਿਲੋਮੀਟਰ ਸਾਈਕਲ ਚਲਾਇਆ ਅਤੇ ਫਿਰ 21 ਕਿਲੋਮੀਟਰ ਦੌੜ ਕੇ ‘ਹਾਫ਼ ਆਇਰਨਮੈਨ’ ਦੇ ਇਸ ਵੱਕਾਰੀ ਖ਼ਿਤਾਬ ਨੂੰ ‘ਜੱਫਾ’ ਮਾਰਿਆ।
ਕਲੱਬ ਦਾ ਇੱਕ ਹੋਰ ‘ਉੱਭਰਦਾ ਹੀਰੋ’ 43 ਸਾਲਾ ਨੌਜੁਆਨ ਜਸਵਿੰਦਰ ਧਾਲੀਵਾਲ ਉਰਫ਼ ‘ਜੱਸੀ ਧਾਲੀਵਾਲ’ ਹੈ। ਉਸ ਨੇ ਨਿਆਗਰਾ ਫ਼ਾਲ ਵਿਖੇ 27 ਅਕਤੂਬਰ ਨੂੰ ਹੋਈ ‘ਮੈਰਾਥਨ ਦੌੜ’ ਵਿਚ ਸਫ਼ਲਤਾ ਪੂਰਵਕ ਭਾਗ ਲੈ ਕੇ ਇਸ ਨੂੰ 4 ਘੰਟੇ 9 ਮਿੰਟ 49 ਸਕਿੰਟ ਵਿੱਚ ਸੰਪੰਨ ਕੀਤਾ। ਇਸ ਨੌਜੁਆਨ ਵੱਲੋਂ ਭਵਿੱਖ ਵਿਚ ਹੋਰ ‘ਮੱਲਾਂ ਮਾਰਨ’ ਦੀਆਂ ਉਮੀਦਾਂ ਹਨ। ਉਸ ਦਾ ਨਿਸ਼ਾਨਾ ‘ਬੋਸਟਨ ਮੈਰਾਥਨ’ ਵਿਚ ਸ਼ਾਮਲ ਹੋਣ ਦਾ ਅਤੇ ‘ਸਿਕਸ ਸਟਾਰ ਮੈਰਾਥਨ ਰੱਨਰ’ ਬਣਨ ਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ 2022 ਵਿਚ ‘ਬੋਸਟਨ ਮੈਰਾਥਨ’ ਵਿਚ ਸਫ਼ਲਤਾ ਪੂਰਵਕ ਹਿੱਸਾ ਲੈ ਚੁੱਕੇ ਹਨ। ਕਲੱਬ ਨੂੰ ਆਪਣੇ ਇਨ੍ਹਾਂ ਸਿਤਾਰਿਆਂ ਉੱਪਰ ਭਰਪੂਰ ਮਾਣ ਹੈ।
ਲੰਘੇ ਸ਼ਨੀਵਾਰ 2 ਨਵੰਬਰ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿਚ ਇਕੱਤਰ ਹੋ ਕੇ ਕਲੱਬ ਦੇ ਮੈਂਬਰਾਂ ਵੱਲੋਂ ਹਰਜੀਤ ਸਿੰਘ, ਕੁਲਦੀਪ ਗਰੇਵਾਲ ਅਤੇ ਜੱਸੀ ਧਾਲੀਵਾਲ ਦੀਆਂ ਇਨਾਂ ਵੱਡੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਦੀ ਪੂਰੀ ਹੌਸਲਾ ਅਫ਼ਜਾਈ ਕੀਤੀ ਗਈ। ਉਪਰੰਤ, ਸਾਰਿਆਂ ਨੇ ਮਿਲ ਕੇ ਘਰੋਂ ਤਿਆਰ ਕਰਕੇ ਲਿਆਂਦਾ ਹੋਇਆ ਲੰਗਰ ਛਕਿਆ। ਕਲੱਬ ਦੀ ਚੜ੍ਹਦੀ-ਕਲਾ ਲਈ ਇਸ ਮੌਕੇ ਕਲੱਬ ਦੇਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਸਰਗ਼ਰਮ ਮੈਂਬਰਾਂ ਗੁਰਬਚਨ ਸਿੰਘ ਗੈਰੀ ਗਰੇਵਾਲ,ਨਰਿੰਦਰਪਾਲ ਬੈਂਸ ਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਸ਼ੁਭ-ਕਾਮਨਾਵਾਂ ਸਾਂਝੀਆਂ ਕੀਤੀਆਂ ਗਈਆਂ। ਹਰਜੀਤ ਸਿੰਘ ਨੇਉਸ ਮਾਲਕ ਪ੍ਰਮਾਤਮਾ ਦਾ, ਕਲੱਬ ਦੇ ਸਮੂਹ ਮੈਂਬਰਾਂ ਤੇ ਸ਼ੁਭ-ਚਿੰਤਕਾਂ ਦਾ ਦਾ ਧੰਨਵਾਦ ਕੀਤਾ ਅਤੇ ਸੈਕਰਾਮੈਟੋ ਵਿਚ ਹੋਏ ‘ਆਇਰਨਮੈਨ ਮੁਕਾਬਲੇ’ ਦਾ ਦਿਲਚਸਪ ਹਾਲ ਸੁਣਾਇਆ।