ਵਾਸਿ਼ੰਗਟਨ, 5 ਨਵੰਬਰ (ਪੋਸਟ ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਜਾਰੀ ਹੈ। ਨਤੀਜੇ 7 ਨਵੰਬਰ ਨੂੰ ਆਉਣੇ ਸ਼ੁਰੂ ਹੋਣਗੇ। ਇਸ ਤੋਂ ਪਹਿਲਾਂ ਅਮਰੀਕੀ ਫੌਜ ਦੇ ਸੇਵਾਮੁਕਤ ਅਫਸਰ ਡੋਨਾਲਡ ਟਰੰਪ ਖਿਲਾਫ ਮੋਰਚਾ ਖੋਲ੍ਹ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਤਾਨਾਸ਼ਾਹ ਹਨ, ਉਹ ਹਿਟਲਰ ਦੇ ਕੰਮ ਦੀ ਤਾਰੀਫ਼ ਕਰਦੇ ਹਨ। ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਦੇਸ਼ ਦੀ ਸੁਰੱਖਿਆ ਅਤੇ ਸੰਵਿਧਾਨ ਖਤਰੇ ਵਿੱਚ ਪੈ ਜਾਵੇਗਾ। ਟਰੰਪ ਆਪਣੇ ਵਿਰੋਧੀਆਂ ਖਿਲਾਫ ਫੌਜੀ ਤਾਕਤ ਦੀ ਵਰਤੋਂ ਕਰ ਸਕਦੇ ਹਨ।
ਟਰੰਪ 'ਤੇ ਦੋਸ਼ ਲਗਾਉਣ ਵਾਲਿਆਂ 'ਚ ਉਨ੍ਹਾਂ ਦੇ ਸਾਬਕਾ ਚੀਫ ਆਫ ਸਟਾਫ ਜੌਨ ਕੈਲੀ ਅਤੇ ਉਨ੍ਹਾਂ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਅਹਿਮ ਅਹੁਦਿਆਂ 'ਤੇ ਰਹੇ ਕਈ ਅਧਿਕਾਰੀ ਸ਼ਾਮਿਲ ਹਨ।
2017 ਤੋਂ 2019 ਤੱਕ ਟਰੰਪ ਪ੍ਰਸ਼ਾਸਨ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੀਫ ਆਫ ਸਟਾਫ ਰਹੇ ਸੇਵਾਮੁਕਤ ਮਰੀਨ ਜਨਰਲ ਜੌਨ ਕੈਲੀ ਦਾ ਕਹਿਣਾ ਹੈ ਕਿ ਟਰੰਪ ਨੇ ਜ਼ਖਮੀ ਫੌਜੀਆਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਟਰੰਪ ਅਤੇ ਬਾਇਡਨ ਦੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਰਹੇ ਮਾਰਕ ਮਿਲੀ ਨੇ ਵੀ ਟਰੰਪ ਨੂੰ ਦੇਸ਼ ਲਈ ਸਭ ਤੋਂ ਖਤਰਨਾਕ ਵਿਅਕਤੀ ਕਿਹਾ ਹੈ। ਮਿਲੀ ਦਾ ਕਹਿਣਾ ਹੈ ਕਿ ਟਰੰਪ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਚਿੰਤਾਵਾਂ ਬਰਕਰਾਰ ਹਨ।