ਵਾਸਿ਼ੰਗਟਨ, 4 ਅਕਤੂਬਰ (ਪੋਸਟ ਬਿਊਰੋ): ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤੋਂ ਦੋ ਦਿਨ ਪਹਿਲਾਂ ਚੋਣ ਪ੍ਰਚਾਰ 'ਚ ਇਕ ਗਿਲਹਰੀ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ 'ਪੀਨਟ’ ਨਾਮ ਦੀ ਗਿਲਹਰੀ ਨੂੰ ਸ਼ਨੀਵਾਰ (2 ਨਵੰਬਰ) ਨੂੰ ਨਿਊਯਾਰਕ ਵਿੱਚ ਅਧਿਕਾਰੀਆਂ ਨੇ ਮਾਰ ਦਿੱਤਾ ਸੀ। 'ਦਿ ਗਾਰਡੀਅਨ' ਦੀ ਰਿਪੋਰਟ ਮੁਤਾਬਕ ਇਸ ਦੇ ਮਾਲਕ ਦੇ ਘਰ ਛਾਪੇਮਾਰੀ ਦੌਰਾਨ ਇਸ ਗਿਲਹਰੀ ਨੂੰ ਫੜ੍ਹਿਆ ਗਿਆ।
ਅਧਿਕਾਰੀਆਂ ਨੂੰ ਕਈ ਸਿ਼ਕਾਇਤਾਂ ਮਿਲੀਆਂ ਸਨ ਕਿ ਮਾਰਕ ਲੋਂਗੋ ਨਾਮ ਦੇ ਇੱਕ ਵਿਅਕਤੀ ਨੇ ਇੱਕ ਗਿਲਹਰੀ ਅਤੇ ਇੱਕ ਰੈਕੂਨ ਰੱਖਿਆ ਹੈ। ਇਨ੍ਹਾਂ ਪਸ਼ੂਆਂ ਵਿੱਚ ਰੇਬੀਜ਼ ਵਰਗੀ ਬਿਮਾਰੀ ਦੇ ਲੱਛਣ ਦੇਖੇ ਗਏ ਹਨ। ਵਾਰ-ਵਾਰ ਸਿ਼ਕਾਇਤਾਂ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ 30 ਅਕਤੂਬਰ ਨੂੰ ਮਾਰਕ ਦੇ ਘਰ ਛਾਪਾ ਮਾਰਿਆ ਸੀ।
ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਦੋਵੇਂ ਜਾਨਵਰਾਂ ਨੂੰ ਰੇਬੀਜ਼ ਦੀ ਜਾਂਚ ਲਈ ਮਾਰਿਆ ਗਿਆ ਸੀ। ਹੋਰ ਜਾਨਵਰਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਵੀ ਟੈਸਟ ਕੀਤੇ ਜਾ ਰਹੇ ਹਨ। ਗਿਲਹਰੀ ਦੀ ਮੌਤ ਤੋਂ ਬਾਅਦ, ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਉਪ-ਰਾਸ਼ਟਰਪਤੀ ਦੇ ਦਾਅਵੇਦਾਰ ਜੇਡੀ ਵੇਂਸ ਨੇ ਇਸ ਨੂੰ ਚੋਣ ਮੁੱਦਾ ਬਣਾਇਆ ਹੈ।
ਵੇਂਸ ਨੇ ਕਿਹਾ ਕਿ ਪੀਨਟ ਦੀ ਮੌਤ ਬਾਇਡਨ ਸਰਕਾਰ ਦੀਆਂ ਤਰਜੀਹਾਂ ਦਾ ਸਬੂਤ ਹੈ। ਜਿਵੇਂ ਹੀ ਟਰੰਪ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ। ਇਹ ਉਹੀ ਸਰਕਾਰ ਹੈ ਜੋ ਹਰ ਸਾਲ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚ ਆਉਣ ਦਿੰਦੀ ਹੈ ਅਤੇ ਹੁਣ ਉਹ ਚਾਹੁੰਦੇ ਹਨ ਕਿ ਅਸੀਂ ਪਾਲਤੂ ਜਾਨਵਰ ਵੀ ਨਾ ਰੱਖੀਏ।
ਚੋਣਾਂ ਵਿਚ ਟਰੰਪ ਦਾ ਸਮਰਥਨ ਕਰ ਰਹੇ ਅਰਬਪਤੀ ਐਲੋਨ ਮਸਕ ਨੇ ਬਾਇਡਨ ਪ੍ਰਸ਼ਾਸਨ ਨੂੰ ਬੇਵਕੂਫ ਅਤੇ ਬੇਰਹਿਮ ਕਿਹਾ ਹੈ। ਟੇਸਲਾ ਦੇ ਸੀਈਓ ਨੇ ਸੋਸ਼ਲ ਮੀਡੀਆ 'ਤੇ ਪੀਨਟ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਜੇਕਰ ਟਰੰਪ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਗਿਲਹਰੀਆਂ ਦੀ ਰੱਖਿਆ ਕਰਨਗੇ।