ਇਸਲਾਮਾਬਾਦ, 4 ਅਕਤੂਬਰ (ਪੋਸਟ ਬਿਊਰੋ): ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (ਐੱਲਓਸੀ) ਦੇ ਨੇੜੇ 155 ਐੱਮਐੱਮ ਟਰੱਕ-ਮਾਊਂਟਿਡ ਹਾਵਿਤਜ਼ਰ ਤੋਪਾਂ ਅਤੇ ਹੋਰ ਹਥਿਆਰਾਂ ਦਾ ਪ੍ਰੀਖਣ ਕੀਤਾ ਹੈ। ਹਾਲਾਂਕਿ, ਇਹ ਟੈਸਟਿੰਗ ਕਦੋਂ ਹੋਈ ਇਸ ਬਾਰੇ ਜਾਣਕਾਰੀ ਹਾਲੇੇ ਉਪਲਬਧ ਨਹੀਂ ਹੈ।
ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ 155 ਐੱਮਐੱਮ ਦੀ ਇਹ ਤੋਪ ਚੀਨ ਦੀ ਰੱਖਿਆ ਕੰਪਨੀ ਦੀ ਨਿਗਰਾਨੀ ਹੇਠ ਖਾੜੀ ਮੁਲਕ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਇਹ ਹਾਲ ਹੀ ਵਿੱਚ ਐੱਲਓਸੀ ਦੇ ਨੇੜੇ ਦੇਖਿਆ ਗਿਆ ਸੀ। 155 ਮਿਲੀਮੀਟਰ ਦੀ ਤੋਪ ਐੱਸਐੱਚ-15 ਹਾਵਿਤਜ਼ਰ ਦਾ ਇੱਕ ਸੰਸਕਰਣ ਹੈ, ਜੋ ਆਪਣੀ 'ਸ਼ੂਟ ਐਂਡ ਸਕੂਟ' ਸਮਰੱਥਾ ਲਈ ਜਾਣਿਆ ਜਾਂਦਾ ਹੈ।
ਹਾਵਿਤਜ਼ਰ 155 ਐੱਮਐੱਮ ਤੋਪ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਈ ਤਰ੍ਹਾਂ ਦੇ ਹਥਿਆਰਾਂ ਨਾਲ ਹਮਲਾ ਕਰਨ ਦੇ ਸਮਰੱਥ ਹੈ। ਇਹ 30 ਕਿਲੋਮੀਟਰ ਦੂਰ ਤੱਕ ਹਮਲਾ ਕਰ ਸਕਦੀ ਹੈ ਅਤੇ ਇੱਕ ਮਿੰਟ ਵਿੱਚ 6 ਗੋਲੇ ਦਾਗ ਸਕਦੀ ਹੈ।
ਐਡਵਾਂਸਡ ਐੱਮ 109 ਤੋਪ ਵੀ ਉਨ੍ਹਾਂ ਹਥਿਆਰਾਂ 'ਚ ਸ਼ਾਮਿਲ ਹੈ, ਜਿਨ੍ਹਾਂ ਦਾ ਪ੍ਰੀਖਣ ਕੀਤਾ ਗਿਆ ਹੈ। ਇਹ 24 ਕਿਲੋਮੀਟਰ ਦੀ ਦੂਰੀ ਤੱਕ ਹਮਲਾ ਕਰ ਸਕਦੀ ਹੈ ਅਤੇ 40 ਸਕਿੰਟਾਂ ਵਿੱਚ 6 ਗੋਲੇ ਦਾਗ ਸਕਦੀ ਹੈ।
ਅਧਿਕਾਰੀਆਂ ਮੁਤਾਬਕ ਤੁਰਕੀ ਨੇ ਪਾਕਿਸਤਾਨ ਨੂੰ ਹਥਿਆਰ ਵਿਕਸਿਤ ਕਰਨ 'ਚ ਕਾਫੀ ਮਦਦ ਕੀਤੀ ਹੈ। ਤੁਰਕੀ ਦੀ ਰੱਖਿਆ ਕੰਪਨੀ ਨੇ ਪਾਕਿਸਤਾਨ ਨੂੰ ਐਡਵਾਂਸ 105 ਐੱਮਐੱਮ ਤੋਪ ਦਿੱਤੀ ਹੈ। ਇਹ ਉੱਚ ਰੇਂਜ ਦੇ ਗੋਲੇ ਦਾਗਣ ਦੇ ਸਮਰੱਥ ਹੈ।